ਸੜਕ ''ਤੇ ਉਤਰੇ ਕਿਸਾਨ ਤਾਂ ਹੋਇਆ ਮਿੱਲ ਚਾਲੂ ਕਰਨ ਦਾ ਫੈਸਲਾ

Saturday, Apr 28, 2018 - 01:56 AM (IST)

ਸੜਕ ''ਤੇ ਉਤਰੇ ਕਿਸਾਨ ਤਾਂ ਹੋਇਆ ਮਿੱਲ ਚਾਲੂ ਕਰਨ ਦਾ ਫੈਸਲਾ

ਦਸੂਹਾ, (ਝਾਵਰ)- ਖੰਡ ਮਿੱਲ ਰੰਧਾਵਾ ਦਸੂਹਾ ਵੱਲੋਂ ਗੰਨੇ ਦੀ ਪੂਰੀ ਪਿੜਾਈ ਨਾ ਕਰਨ ਦੇ ਬਾਵਜੂਦ ਗੰਨਾ ਮਿੱਲ ਨੂੰ 26 ਅਪ੍ਰੈਲ ਨੂੰ ਦੁਪਹਿਰ ਬਾਅਦ ਬੰਦ ਕਰਨ 'ਤੇ ਇਲਾਕੇ ਦੇ ਵੱਡੀ ਗਿਣਤੀ ਕਿਸਾਨਾਂ ਅਤੇ ਗੰਨਾ ਸੰਘਰਸ਼ ਕਮੇਟੀ ਦੇ ਮੈਂਬਰਾਂ ਵੱਲੋਂ ਅੱਜ ਤੜਕਸਾਰ ਗੰਨਾ ਮਿੱਲ ਦੇ ਗੇਟ ਅਤੇ ਰੰਧਾਵਾ ਬੱਸ ਅੱਡੇ ਵਿਖੇ ਟਰੈਫਿਕ ਜਾਮ ਕਰ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ, ਜਿਸ ਦੀ ਅਗਵਾਈ ਸੁਖਪਾਲ ਸਿੰਘ ਡੱਫਰ, ਹਰਦੀਪ ਸਿੰਘ ਪਿੰਕੀ ਡੱਫਰ, ਗੁਰਮੇਲ ਸਿੰਘ ਬੁੱਢੀ ਪਿੰਡ, ਅਵਤਾਰ ਬੁੱਧੋਬਰਕਤ, ਹਰਵਿੰਦਰ ਸਿੰਘ ਸਰਾਈਂ, ਗਗਨਦੀਪ ਸਿੰਘ ਮੋਹਾ, ਹਰਦੀਪ ਸਿੰਘ ਅਤੇ ਹਰਜਿੰਦਰ ਸਿੰਘ ਅਰਗੋਵਾਲ ਨੇ ਕੀਤੀ।
ਕਿਸਾਨਾਂ ਦਾ ਕਹਿਣਾ ਹੈ ਕਿ ਹਜ਼ਾਰਾਂ ਕੁਇੰਟਲ ਗੰਨਾ ਅਜੇ ਵੀ ਖੇਤਾਂ 'ਚ ਖੜ੍ਹਾ ਹੈ, ਜਿਸ ਨੂੰ ਉਨ੍ਹਾਂ ਪੁੱਤਾਂ ਵਾਂਗ ਪਾਲਿਆ ਹੈ। ਉਨ੍ਹਾਂ ਕਿਹਾ ਕਿ ਮਿੱਲ ਪ੍ਰਬੰਧਕਾਂ ਕਿਹਾ ਸੀ ਕਿ ਜਦੋਂ ਤੱਕ ਕਿਸਾਨਾਂ ਦਾ ਪੂਰਾ ਗੰਨਾ ਨਹੀਂ ਪੀੜਿਆ ਜਾਂਦਾ, ਉਦੋਂ ਤੱਕ ਮਿੱਲ ਬੰਦ ਨਹੀਂ ਕੀਤੀ ਜਾਵੇਗੀ।  ਪ੍ਰਦਰਸ਼ਨਕਾਰੀ ਕਿਸਾਨ ਕਹਿ ਰਹੇ ਹਨ ਕਿ ਜਿੰਨਾ ਚਿਰ ਗੰਨਿਆਂ ਦੀਆਂ ਟਰਾਲੀਆਂ ਮਿੱਲ ਅੰਦਰ ਨਹੀਂ ਜਾਂਦੀਆਂ ਅਤੇ ਇਲਾਕੇ ਦਾ ਪੂਰਾ ਗੰਨਾ ਪੀੜਿਆ ਨਹੀਂ ਜਾਂਦਾ, ਉਹ ਸੜਕ ਉੱਤੋਂ ਨਹੀਂ ਉਠਣਗੇ।
ਆਖਿਰ ਪ੍ਰਸ਼ਾਸਨ ਤੇ ਮਿੱਲ ਮਾਲਕਾਂ ਵਿਚਕਾਰ 8 ਘੰਟਿਆਂ ਬਾਅਦ ਸਮਝੌਤਾ ਹੋਇਆ ਅਤੇ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਐੱਸ. ਡੀ. ਐੱਮ. ਨੇ ਮਿੱਲ ਅਧਿਕਾਰੀਆਂ ਦੀ ਹਾਜ਼ਰੀ 'ਚ ਦੱਸਿਆ ਕਿ ਕਿਸਾਨਾਂ ਦਾ ਪੂਰਾ ਗੰਨਾ ਪੀੜਿਆ ਜਾਵੇਗਾ। ਮੁਰੰਮਤ ਉਪਰੰਤ 2 ਦਿਨਾਂ ਬਾਅਦ ਮਿੱਲ ਚਾਲੂ ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਜਲਦ ਤੋਂ ਜਲਦ ਗੰਨਾ ਮਿੱਲ 'ਚ ਪਹੁੰਚਾਉਣ।
ਮਿੱਲ ਚਾਲੂ ਕਰਵਾਉਣ ਲਈ ਕੁਝ ਕਿਸਾਨਾਂ ਐੱਸ. ਡੀ. ਐੱਮ. ਦਫ਼ਤਰ ਅੱਗੇ ਦਿੱਤਾ ਧਰਨਾ
ਦੋਆਬਾ ਸੰਘਰਸ਼ ਕਮੇਟੀ ਦੇ ਜੰਗਵੀਰ ਚੌਹਾਨ ਅਤੇ ਰਣਜੀਤ ਸਿੰਘ ਬਾਜਵਾ ਦੀ ਅਗਵਾਈ ਵਿਚ 80 ਤੋਂ ਵੱਧ ਕਿਸਾਨਾਂ ਨੇ ਖੰਡ ਮਿੱਲ ਰੰਧਾਵਾ ਨੂੰ ਚਲਵਾਉਣ ਲਈ ਐੱਸ. ਡੀ. ਐੱਮ. ਦਫ਼ਤਰ ਅੱਗੇ ਧਰਨਾ ਦਿੱਤਾ। ਉਨ੍ਹਾਂ ਕਿਹਾ ਕਿ ਐੱਸ. ਡੀ. ਐੱਮ. ਦੇ ਹੁਕਮ ਤੋਂ ਬਾਅਦ ਵੀ ਪ੍ਰਬੰਧਕਾਂ ਨੇ ਮਿੱਲ ਬੰਦ ਕਰ ਦਿੱਤੀ ਹੈ। 
ਉਨ੍ਹਾਂ ਐੱਸ. ਡੀ. ਐੱਮ. ਅਤੇ ਹੋਰ ਅਧਿਕਾਰੀਆਂ ਵੱਲੋਂ ਮਿੱਲ ਨੂੰ ਦੁਬਾਰਾ ਚਲਵਾਉਣ ਦੀ ਪੁਰਜ਼ੋਰ ਸ਼ਲਾਘਾ ਕੀਤੀ। ਉਨ੍ਹਾਂ ਇਲਾਕੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ 3 ਦਿਨਾਂ ਦੇ ਅੰਦਰ-ਅੰਦਰ ਆਪਣਾ ਗੰਨਾ ਮਿੱਲ ਅੰਦਰ ਜ਼ਰੂਰ ਪਹੁੰਚਾਉਣ।
ਐੱਸ. ਡੀ. ਐੱਮ. ਤੇ ਹੋਰ ਅਧਿਕਾਰੀ ਮਿੱਲ ਅੰਦਰ ਪਹੁੰਚੇ ਇਸ ਦੌਰਾਨ ਏ. ਬੀ. ਸ਼ੂਗਰ ਮਿੱਲ ਰੰਧਾਵਾ ਅੰਦਰ ਐੱਸ. ਡੀ. ਐੱਮ. ਡਾ. ਹਿਮਾਂਸ਼ੂ ਅਗਰਵਾਲ ਆਈ. ਏ. ਐੱਸ., ਤਹਿਸੀਲਦਾਰ ਹਰਕਰਮ ਸਿੰਘ, ਡੀ. ਐੱਸ. ਪੀ. ਮੁਕੇਰੀਆਂ ਰਵਿੰਦਰ ਸਿੰਘ ਅਤੇ ਥਾਣਾ ਮੁਖੀ ਦਸੂਹਾ ਜਗਦੀਸ਼ ਰਾਜ ਅੱਤਰੀ ਪਹੁੰਚੇ, ਜਿਥੇ ਉਨ੍ਹਾਂ ਮਿੱਲ ਦੇ ਵਾਈਸ ਪ੍ਰੈਜ਼ੀਡੈਂਟ ਨਾਲ ਗੱਲਬਾਤ ਕੀਤੀ। ਲਗਭਗ 4-5 ਘੰਟੇ ਇਹ ਗੱਲਬਾਤ ਚੱਲੀ। ਮਿੱਲ ਅਧਿਕਾਰੀ ਇਹ ਕਹਿ ਰਹੇ ਸਨ ਕਿ 26 ਅਪ੍ਰੈਲ ਨੂੰ ਮਿੱਲ ਡਰਾਈ ਹੋਣ ਕਰ ਕੇ ਬੰਦ ਕਰਨੀ ਪਈ, ਜਿਸ ਕਾਰਨ ਮਿੱਲ ਦੇ ਰੋਲਰ ਤੇ ਹੋਰ ਮਸ਼ੀਨਰੀ ਖੋਲ੍ਹ ਦਿੱਤੀ ਗਈ ਹੈ।
ਗੰਨਾ ਕਮਿਸ਼ਨਰ ਨਾਲ ਗੱਲਬਾਤ
ਇਸ ਤੋਂ ਬਾਅਦ ਡਿਪਟੀ ਕਮਿਸ਼ਨਰ ਤੇ ਹੋਰ ਉੱਚ ਅਧਿਕਾਰੀਆਂ ਰਾਹੀਂ ਮਿੱਲ ਮਾਲਕ ਨਾਲ ਗੱਲਬਾਤ ਕੀਤੀ ਗਈ, ਜਿਨ੍ਹਾਂ ਕਿਹਾ ਕਿ 2 ਦਿਨਾਂ ਅੰਦਰ ਮਿੱਲ ਠੀਕ ਕਰ ਕੇ ਕਿਸਾਨਾਂ ਦਾ ਗੰਨਾ ਪੀੜ ਲਿਆ ਜਾਵੇਗਾ। ਇਸ ਸਬੰਧ 'ਚ ਗੰਨਾ ਕਮਿਸ਼ਨਰ ਜਸਵੰਤ  ਨੇ ਕਿਹਾ ਕਿ ਉੱਚ ਅਧਿਕਾਰੀਆਂ ਦੀ ਮੀਟਿੰਗ ਚੱਲ ਰਹੀ ਹੈ ਅਤੇ ਕੋਈ ਨਾ ਕੋਈ ਰਸਤਾ ਲੱਭ ਲਿਆ ਜਾਵੇਗਾ।


Related News