ਭਲਕੇ ਹੋਵੇਗਾ ਪੰਜਾਬ ''ਚ ਸ਼ਰਾਬ ਦੇ ਠੇਕੇ ਖੁੱਲ੍ਹਣ ''ਤੇ ਫੈਸਲਾ
Tuesday, May 05, 2020 - 01:16 PM (IST)
ਅੰਮ੍ਰਿਤਸਰ (ਇੰਦਰਜੀਤ) : ਪੰਜਾਬ 'ਚ ਸ਼ਰਾਬ ਦੇ ਠੇਕੇ ਖੋਲ੍ਹਣ ਦੇ ਮਾਮਲੇ 'ਚ ਪ੍ਰਦੇਸ਼ ਸਰਕਾਰ ਦੀ ਮੀਟਿੰਗ 6 ਮਈ ਨੂੰ ਹੋਵੇਗੀ। ਇਸ 'ਚ ਕੈਬਨਿਟ ਇਸ ਗੱਲ ਦਾ ਫ਼ੈਸਲਾ ਕਰੇਗੀ ਕਿ ਸ਼ਰਾਬ ਦੇ ਠੇਕੇ ਖੁਲ੍ਹਣਗੇ ਜਾਂ ਨਹੀਂ। ਜੇਕਰ ਠੇਕੇ ਖੁੱਲ੍ਹਣੇ ਹਨ ਤਾਂ ਕਿਨ੍ਹਾਂ ਸ਼ਰਤਾਂ 'ਤੇ ਖੁਲ੍ਹਣਗੇ। ਫਿਲਹਾਲ ਸੋਮਵਾਰ ਨੂੰ ਚਰਚਾ ਸੀ ਕਿ ਪੰਜਾਬ ਭਰ 'ਚ ਸ਼ਰਾਬ ਦੇ ਠੇਕੇ ਖੁੱਲ੍ਹ ਜਾਣਗੇ। ਬੁੱਧਵਾਰ ਦੀ ਮੀਟਿੰਗ 'ਚ ਪੰਜਾਬ ਭਰ 'ਚ ਸ਼ਰਾਬ ਦੇ ਠੇਕਿਆਂ ਦੇ ਖੁੱਲ੍ਹਣ ਦੀ ਪੂਰੀ ਸੰਭਾਵਨਾ ਹੈ ਪਰ ਇਹ ਕਿੰਨਾ ਸਮਾਂ ਖੁਲ੍ਹਣਗੇ ਇਸਦਾ ਫ਼ੈਸਲਾ ਵੀ ਮੀਟਿੰਗ 'ਚ ਹੋਵੇਗਾ। ਓਧਰ ਚੰਡੀਗੜ੍ਹ, ਹਿਮਾਚਲ ਪ੍ਰਦੇਸ਼ ਅਤੇ ਦਿੱਲੀ 'ਚ ਸ਼ਰਾਬ ਦੇ ਠੇਕਿਆਂ ਦੇ ਖੁੱਲਣ 'ਤੇ ਉੱਥੇ ਭਾਰੀ ਭੀੜ ਵਿਖਾਈ ਦਿੱਤੀ। ਇਸ ਨੂੰ ਵੇਖਕੇ ਹੀ ਪੰਜਾਬ ਸਰਕਾਰ ਵੀ ਯੋਜਨਾ ਤਿਆਰ ਕਰੇਗੀ ਕਿ ਕਿਤੇ ਠੇਕੇ ਖੁੱਲ੍ਹਣ ਕਾਰਨ ਸੋਸ਼ਲ ਡਿਸਟੈਂਸਿੰਗ ਪ੍ਰਭਾਵਿਤ ਨਾ ਹੋਵੇ।
ਇਹ ਵੀ ਪੜ੍ਹੋ : ਗੁਰਦਾਸਪੁਰ 'ਚ ਕੋਰੋਨਾ ਦਾ ਵੱਡਾ 'ਧਮਾਕਾ', 39 ਸ਼ਰਧਾਲੂਆਂ ਸਣੇ 42 ਦੀ ਰਿਪੋਰਟ ਆਈ ਪਾਜ਼ੇਟਿਵ
6200 ਕਰੋੜ ਦੇ ਐਕਸਾਈਜ ਦੇ ਸਲਾਨਾ ਟਾਰਗੈੱਟ ਮੁਤਾਬਿਕ ਪੰਜਾਬ ਦੇ ਠੇਕਿਆਂ ਤੋਂ ਸਰਕਾਰ ਨੂੰ 17 ਕਰੋੜ ਰੁਪਏ ਦੀ ਆਮਦਨ ਰੋਜ਼ਾਨਾ ਹੁੰਦੀ ਹੈ ਅਤੇ ਠੇਕਿਆਂ ਨੂੰ ਬੰਦ ਹੋਏ ਅੱਜ ਇੱਕ ਮਹੀਨਾ 13 ਦਿਨ ਹੋ ਚੁੱਕੇ ਹਨ ਅਤੇ 730 ਕਰੋੜ ਰੁਪਏ ਦੇ ਮਾਲੀਏ ਦਾ ਨੁਕਸਾਨ ਪੰਜਾਬ ਸਰਕਾਰ ਨੂੰ ਹੋ ਚੁੱਕਿਆ ਹੈ। ਅਜੇ ਆਉਣ ਵਾਲੇ ਸਮੇਂ ਵਿਚ ਵੀ ਰੈਵੀਨਿਊ ਕਿੰਨਾ ਪ੍ਰਭਾਵਿਤ ਹੁੰਦਾ ਹੈ, ਇਹ ਸ਼ਰਾਬ ਦੀ ਖਪਤ 'ਤੇ ਨਿਰਭਰ ਕਰਦਾ ਹੈ।
ਪੰਜਾਬ 'ਚ ਹੋ ਸਕਦੀ ਸ਼ਰਾਬ ਦੀ ਹੋਮ ਡਿਲੀਵਰੀ!
ਜੇਕਰ ਪੰਜਾਬ 'ਚ ਸ਼ਰਾਬ ਦੇ ਠੇਕੇ ਖੁਲ੍ਹਦੇ ਹਨ ਤਾਂ ਪੰਜਾਬ ਸਰਕਾਰ ਕਰਫਿਊ ਦੌਰਾਨ ਸੂਬੇ ਵਿਚ ਸ਼ਰਾਬ ਦੀ ਹੋਮ ਡਿਲੀਵਰੀ 'ਤੇ ਵਿਚਾਰ ਕਰ ਰਹੀ ਹੈ। ਸੂਤਰਾਂ ਮੁਤਾਬਕ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਸ਼ਰਾਬ ਦੀ ਹੋਮ ਡਿਲੀਵਰੀ ਸ਼ੁਰੂ ਹੋਵੇਗੀ। ਇਹੀ ਪਤਾ ਲੱਗਾ ਹੈ ਕਿ ਆਬਕਾਰੀ ਅਤੇ ਕਰ ਵਿਭਾਗ ਵੱਲੋਂ ਇਸ ਸਬੰਧੀ ਨਿਰਦੇਸ਼ ਜਾਰੀ ਕੀਤੇ ਗਏ ਹਨ। ਦੱਸ ਦਈਏ ਕਿ ਪੰਜਾਬ ਦੇ ਨਾਲ ਲੱਗਦੇ ਚੰਡੀਗੜ੍ਹ 'ਚ 4 ਮਈ ਤੋਂ ਸ਼ਰਾਬ ਦੇ ਠੇਕੇ ਖੋਲ੍ਹ ਦਿੱਤੇ ਗਏ ਹਨ।
41 ਦਿਨ ਬਾਅਦ ਸ਼ਰਾਬ ਦੀਆਂ ਦੁਕਾਨਾਂ ਤਾਂ ਖੁਲ੍ਹੀਆਂ ਪਰ ਪਹਿਲੇ ਹੀ ਦਿਨ ਸ਼ਰਾਬ ਦੇ ਠੇਕਿਆਂ ਦੇ ਬਾਹਰ ਲੰਬੀਆਂ ਲਾਈਨਾਂ ਦੇਖਣ ਨੂੰ ਮਿਲੀਆਂ। ਇਸ ਦੌਰਾਨ ਲਿਕਰ ਵੈਂਡਕਜ਼ ਨੇ ਵੀ ਇਸ ਦਾ ਖੂਬ ਫਾਇਦਾ ਚੁੱਕਿਆ ਅਤੇ ਇਸ ਤੋਂ ਕਰੀਬ 30 ਫੀਸਦੀ ਤੱਕ ਜ਼ਿਆਦਾ ਵਸੂਲੇ।
ਇਹ ਵੀ ਪੜ੍ਹੋ : ਮੁੱਖ ਮੰਤਰੀ ਤੇ ਜਾਖੜ ਵਲੋਂ ਪ੍ਰਵਾਸੀ ਮਜ਼ਦੂਰਾਂ ਦਾ ਰੇਲ ਕਿਰਾਇਆ ਭੁਗਤਾਨ ਕਰਨ ਦਾ ਐਲਾਨ
ਹਰਿਆਣਾ 'ਚ ਠੇਕੇ ਨਾ ਖੁੱਲ੍ਹੇ ਤਾਂ ਵਾਪਸ ਕਰਨੇ ਹੋਣਗੇ ਪੈਸੇ
ਹਰਿਆਣਾ 'ਚ ਸ਼ਰਾਹ ਦੇ ਠੇਕੇ ਖੋਲ੍ਹੇ ਜਾਣ ਨੂੰ ਲੈ ਕੇ ਪੇਚ ਫਸ ਗਿਆ ਹੈ ਕਿ ਠੇਕੇ ਖੋਲ੍ਹੇ ਜਾਣ ਜਾਂ ਨਹੀਂ। ਦੱਸਿਆ ਗਿਆ ਹੈ ਕਿ ਜਿਸ ਰੇਟ 'ਤੇ ਠੇਕੇ ਅਲਾਟ ਹੋਏ ਸਨ ਉਨ੍ਹਾਂ ਰੇਟਾਂ 'ਤੇ ਠੇਕੇਦਾਰ ਠੇਕੇ ਖੋਲ੍ਹਣ ਲਈ ਤਿਆਰ ਨਹੀਂ ਹਨ। ਸ਼ਰਾਬ ਠੇਕੇਦਾਰ ਕਰੀਬ 50 ਫੀਸਦੀ ਤੱਕ ਦੀ ਛੋਟ ਦੇਣ ਦੀ ਸਰਕਾਰ ਤੋਂ ਮੰਗ ਕਰ ਰਹੇ ਹਨ। ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਆਖਿਆ ਹੈ ਕਿ ਜੇਕਰ ਠੇਕੇ ਨਹੀਂ ਖੁਲ੍ਹਦੇ ਤਾਂ ਪੈਸੇ ਵਾਪਸ ਕਰਨੇ ਪੈਣਗੇ।