ਡਾਕਟਰਾਂ ਨੂੰ ਦੋਸ਼ੀ ਠਹਿਰਾ ਰਹੇ ਸਿਹਤ ਮੰਤਰੀ ਦੀਆਂ ਅੱਖਾਂ ਖੋਲ੍ਹਣ ਵਾਲਾ ਹੈ PGI ਦਾ ਫ਼ੈਸਲਾ : ਪ੍ਰਤਾਪ ਬਾਜਵਾ

08/03/2022 8:05:20 PM

ਗੁਰਦਾਸਪੁਰ (ਜੀਤ ਮਠਾਰੂ) : ਪੀ.ਜੀ.ਆਈ. ਚੰਡੀਗੜ੍ਹ ਵੱਲੋਂ ਆਯੁਸ਼ਮਾਨ ਸਕੀਮ ਤਹਿਤ ਪੰਜਾਬ ਦੇ ਲੋਕਾਂ ਦਾ ਇਲਾਜ ਬੰਦ ਕਰਨ ਦੇ ਕੀਤੇ ਗਏ ਫ਼ੈਸਲੇ 'ਤੇ ਪੰਜਾਬ ਸਰਕਾਰ ਨੂੰ ਘੇਰਦਿਆਂ ਅੱਜ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਰੋਜ਼ਾਨਾ ਵਾਪਰ ਰਹੇ ਗੰਭੀਰ ਘਟਨਾਕ੍ਰਮ ਵਾਰ-ਵਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਉਨ੍ਹਾਂ ਦੀ ਸਰਕਾਰ ਦਾ ਕਾਰਜਕੁਸ਼ਲਤਾ 'ਤੇ ਸਵਾਲ ਖੜ੍ਹੇ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਵੱਡਾ ਬਦਲਾਅ ਲਿਆਉਣ ਦੇ ਦਮਗਜੇ ਮਾਰਨ ਵਾਲੀ ਮਾਨ ਸਰਕਾਰ ਦੀ ਤਰਸਯੋਗ ਸੋਚ ਤੇ ਸਥਿਤੀ ਦਾ ਅੰਦਾਜ਼ਾ ਇਸ ਗੱਲ ਤੋਂ ਹੀ ਲਗਾਇਆ ਜਾ ਸਕਦਾ ਹੈ ਕਿ ਇਸ ਸਰਕਾਰ ਦੀ ਲਾਪ੍ਰਵਾਹੀ ਅਤੇ ਨਿਕੰਮੇਪਨ ਕਾਰਨ ਪੰਜਾਬ ਦੇ ਲੋਕ ਪੀ.ਜੀ.ਆਈ. 'ਚ ਇਲਾਜ ਕਰਵਾਉਣ ਦੀ ਸਹੂਲਤ ਤੋਂ ਵਾਂਝੇ ਹੋ ਗਏ ਹਨ।

ਇਹ ਵੀ ਪੜ੍ਹੋ : 'ਯੰਗ ਇੰਡੀਅਨ' ਦਾ ਦਫ਼ਤਰ ਸੀਲ, ਕਾਂਗਰਸ ਨੇ ਕਿਹਾ- ਸੱਚ ਦੀ ਆਵਾਜ਼ ਪੁਲਸ ਦੇ ਪਹਿਰੇਦਾਰਾਂ ਤੋਂ ਨਹੀਂ ਡਰੇਗੀ

ਬਾਜਵਾ ਨੇ ਕਿਹਾ ਕਿ ਪੀ.ਜੀ.ਆਈ. ਵੱਲੋਂ ਪੰਜਾਬ ਦੇ ਲੋਕਾਂ ਦੇ ਆਯੁਸ਼ਮਾਨ ਯੋਜਨਾ ਤਹਿਤ ਕੀਤੇ ਗਏ ਇਲਾਜ ਦੀ ਬਣਦੀ ਰਾਸ਼ੀ ਪੰਜਾਬ ਸਰਕਾਰ ਨੇ ਅਦਾ ਨਹੀਂ ਕੀਤੀ, ਜਿਸ ਤੋਂ ਬਾਅਦ ਪੀ.ਜੀ.ਆਈ. ਨੇ ਕਈ ਪੱਤਰ ਲਿਖ ਕੇ ਸਰਕਾਰ ਨੂੰ ਇਹ ਰਾਸ਼ੀ ਜਾਰੀ ਕਰਨ ਦੀ ਮੰਗ ਕੀਤੀ ਸੀ ਪਰ ਇਸ ਦੇ ਬਾਵਜੂਦ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ, ਜਿਸ ਦਾ ਖਮਿਆਜ਼ਾ ਇਸ ਯੋਜਨਾ ਤਹਿਤ ਪੀ.ਜੀ.ਆਈ. 'ਚੋਂ ਇਲਾਜ ਕਰਵਾ ਰਹੇ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਪੀ.ਜੀ.ਆਈ. ਦਾ ਇਹ ਫ਼ੈਸਲਾ ਡਾਕਟਰਾਂ ਦੇ ਕੰਮ 'ਚ ਨੁਕਸ ਕੱਢ ਰਹੇ ਸਿਹਤ ਮੰਤਰੀ ਚੇਤਨ ਸਿੰਘ ਜੌੜਮਾਜਰਾ ਦੀਆਂ ਅੱਖਾਂ ਖੋਲ੍ਹਣ ਵਾਲਾ ਹੈ ਕਿਉਂਕਿ ਇਸ ਤੋਂ ਪਹਿਲਾਂ ਸਿਹਤ ਮੰਤਰੀ ਬਿਨਾਂ ਸੋਚੇ-ਸਮਝੇ ਸਿਹਤ ਸੇਵਾਵਾਂ ਵਿੱਚ ਕਮੀਆਂ ਲਈ ਡਾਕਟਰਾਂ ਨੂੰ ਹੀ ਜ਼ਿੰਮੇਵਾਰ ਠਹਿਰਾ ਰਹੇ ਹਨ ਅਤੇ ਡਾਕਟਰਾਂ ਨਾਲ ਜਨਤਕ ਤੌਰ 'ਤੇ ਦੁਰਵਿਵਹਾਰ ਕਰ ਰਹੇ ਹਨ।

ਖ਼ਬਰ ਇਹ ਵੀ : ਸ੍ਰੀ ਦਰਬਾਰ ਸਾਹਿਬ ਦੀਆਂ ਸਰਾਵਾਂ 'ਤੇ ਲੱਗਾ GST, ਗਾਇਕ ਜਾਨੀ ਨੂੰ ਮਿਲੀਆਂ ਜਾਨੋਂ ਮਾਰਨ ਦੀਆਂ ਧਮਕੀਆਂ, ਪੜ੍ਹੋ TOP 10

ਬਾਜਵਾ ਨੇ ਕਿਹਾ ਕਿ ਸਿਹਤ ਮੰਤਰੀ ਇਸ ਤਰ੍ਹਾਂ ਡਾਕਟਰਾਂ ਨੂੰ ਦੋਸ਼ੀ ਠਹਿਰਾਉਣ ਅਤੇ ਦੁਰਵਿਵਹਾਰ ਕਰਨ ਦੀ ਬਜਾਏ ਖੁਦ ਸੰਜੀਦਾ ਹੋਣ ਤੇ ਆਯੁਸ਼ਮਾਨ ਸਕੀਮ ਦੇ ਲਾਭਪਾਤਰੀਆਂ ਨੂੰ ਮਿਲਣ ਵਾਲੀਆਂ ਸਹੂਲਤਾਂ ਜਾਰੀ ਰੱਖਣ ਲਈ ਸਮੇਂ ਸਿਰ ਫੰਡ ਜਾਰੀ ਕਰਵਾਉਣ। ਬਾਜਵਾ ਨੇ ਪੰਜਾਬ ਦੇ ਹਸਪਤਾਲਾਂ 'ਚ ਡਾਕਟਰਾਂ ਤੇ ਦਵਾਈਆਂ ਦੀ ਵੱਡੀ ਘਾਟ ਵੱਲ ਵੀ ਸਿਹਤ ਮੰਤਰੀ ਦਾ ਧਿਆਨ ਦਿਵਾਇਆ ਤੇ ਮੰਗ ਕੀਤੀ ਇਨ੍ਹਾਂ ਦੀ ਪੂਰਤੀ ਲਈ ਤੁਰੰਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਸਵੈ-ਇੱਛਤ ਸੇਵਾਮੁਕਤੀ ਦੀ ਮੰਗ ਕਰ ਰਹੇ ਡਾਕਟਰਾਂ ਦੀ ਵਧ ਰਹੀ ਗਿਣਤੀ ਇਹ ਸਿੱਧ ਕਰ ਰਹੀ ਹੈ ਕਿ ਪੰਜਾਬ ਦੀ ਸਰਕਾਰ ਤੋਂ ਡਾਕਟਰ ਕਿਸ ਹੱਦ ਤੱਕ ਖਫ਼ਾ ਹਨ। ਬਾਜਵਾ ਨੇ ਮੰਗ ਕੀਤੀ ਕਿ ਪੰਜਾਬ ਅੰਦਰ ਸਿਹਤ ਸਹੂਲਤਾਂ ਨੂੰ ਬਿਹਤਰ ਬਣਾਉਣ ਅਤੇ ਹਰੇਕ ਖੇਤਰ ਵਿੱਚ ਚੰਗੇ ਹਸਪਤਾਲ ਖੋਲ੍ਹਣ ਲਈ ਸਰਕਾਰ ਸੰਜੀਦਗੀ ਨਾਲ ਕੰਮ ਕਰੇ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Mukesh

Content Editor

Related News