CBSE ਦੇ ਇਸ ਵੱਡੇ ਫ਼ੈਸਲੇ ਨੇ ਵਿਦਿਆਰਥੀਆਂ ਤੇ ਅਧਿਆਪਕਾਂ ਲਈ ਖੜ੍ਹੀ ਕੀਤੀ ਨਵੀਂ ਮੁਸੀਬਤ
Friday, Mar 07, 2025 - 12:18 PM (IST)

ਜਲੰਧਰ (ਸੁਮਿਤ)–ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (ਸੀ. ਬੀ. ਐੱਸ. ਈ.) ਵੱਲੋਂ ਅਗਲੇ ਸਾਲ ਤੋਂ ਜੋ ਸਾਲ ਵਿਚ 2 ਵਾਰ ਪ੍ਰੀਖਿਆ ਲੈਣ ਦਾ ਫ਼ੈਸਲਾ ਲਿਆ ਗਿਆ ਹੈ, ਉਹ ਵਿਦਿਆਰਥੀਆਂ ਅਤੇ ਅਧਿਆਪਕਾਂ ਦੋਵਾਂ ਲਈ ਨੁਕਸਾਨਦੇਹ ਹੈ। ਇਹ ਵਿਚਾਰ ਕੋਚਿੰਗ ਫੈੱਡਰੇਸ਼ਨ ਪੰਜਾਬ ਦੇ ਪ੍ਰਧਾਨ ਪ੍ਰੋ. ਐੱਮ. ਪੀ. ਸਿੰਘ ਅਤੇ ਹੋਰਨਾਂ ਮੈਂਬਰਾਂ ਵੱਲੋਂ ਪ੍ਰੈੱਸ ਕਾਨਫ਼ਰੰਸ ਵਿਚ ਰੱਖੇ ਗਏ। ਫੈੱਡਰੇਸ਼ਨ ਦੇ ਮੈਂਬਰਾਂ ਦਾ ਕਹਿਣਾ ਸੀ ਕਿ ਸਰਕਾਰ ਵੱਲੋਂ 2 ਵਾਰ ਬੋਰਡ ਦੀ ਪ੍ਰੀਖਿਆ ਲੈਣ ਦੇ ਫ਼ੈਸਲੇ ਨਾਲ ਵਿਦਿਆਰਥੀਆਂ ਵਿਚ ਤਣਾਅ ਹੋਰ ਵਧੇਗਾ ਅਤੇ ਕੁਝ ਹੀ ਮਹੀਨਿਆਂ ਅੰਦਰ 2 ਵਾਰ ਪ੍ਰੀਖਿਆਵਾਂ ਕਾਰਨ ਵਿਦਿਆਰਥੀਆਂ ਦਾ ਸੰਤੁਲਨ ਗੜਬੜਾ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਇਲਾਵਾ ਸਕੂਲਾਂ ਨੂੰ ਵੀ ਇਸ ਨਵੀਂ ਪ੍ਰੀਖਿਆ ਪ੍ਰਣਾਲੀ ਕਾਰਨ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ।
ਇਹ ਵੀ ਪੜ੍ਹੋ : 'ਯੁੱਧ ਨਸ਼ਿਆਂ ਵਿਰੁੱਧ': 6ਵੇਂ ਦਿਨ 501 ਥਾਵਾਂ ’ਤੇ ਛਾਪੇਮਾਰੀ, 75 ਨਸ਼ਾ ਸਮੱਗਲਰਾਂ 'ਤੇ ਹੋਈ ਵੱਡੀ ਕਾਰਵਾਈ
ਉਨ੍ਹਾਂ ਦਾ ਕਹਿਣਾ ਸੀ ਕਿ ਇਸ ਤਰ੍ਹਾਂ ਅਧਿਆਪਕਾਂ ’ਤੇ ਵੀ ਦੁੱਗਣਾ ਬੋਝ ਪਵੇਗਾ ਅਤੇ ਵਿਦਿਆਰਥੀ ਵੀ 2 ਵਾਰ ਅਜਿਹੀ ਸਥਿਤੀ ਵਿਚੋਂ ਲੰਘਣਗੇ, ਜਿਸ ਵਿਚ ਉਨ੍ਹਾਂ ’ਤੇ ਸਭ ਤੋਂ ਵੱਧ ਤਣਾਅ ਰਹਿੰਦਾ ਹੈ। ਡਾ. ਜਸਪ੍ਰੀਤ ਸਿੰਘ ਨੇ ਕਿਹਾ ਕਿ 2 ਵਾਰ ਪ੍ਰੀਖਿਆਵਾਂ ਕਾਰਨ ਉੱਤਰ ਪੁਸਤਕਾਵਾਂ ਦਾ ਮੁਲਾਂਕਣ ਕਰਨ ਦੀ ਪ੍ਰਕਿਰਿਆ ਵੀ 2 ਵਾਰ ਹੋਵੇਗੀ, ਜਿਸ ਨਾਲ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ ਹੋਵੇਗੀ ਕਿਉਂਕ ਉੱਤਰ ਪੁਸਤਕਾਵਾਂ ਦੀ ਜਾਂਚ ਵੀ ਅਧਿਆਪਕਾਂ ਵੱਲੋਂ ਹੀ ਕੀਤੀ ਜਾਂਦੀ ਹੈ ਅਤੇ ਇਸ ਵਿਚ ਸਮਾਂ ਵੀ ਲੱਗਦਾ ਹੈ।
ਫੈੱਡਰੇਸ਼ਨ ਦੇ ਮੈਂਬਰਾਂ ਦਾ ਕਹਿਣਾ ਸੀ ਕਿ ਬੋਰਡ ਦੀਆਂ ਪ੍ਰੀਖਿਆਵਾਂ ਤੋਂ ਪਹਿਲਾਂ ਅਕਸਰ ਸਕੂਲ ਵਾਲੇ ਪ੍ਰੀ-ਬੋਰਡ ਪ੍ਰੀਖਿਆਵਾਂ ਲੈਂਦੇ ਹਨ। ਅਜਿਹੇ ਵਿਚ ਸਕੂਲ ਵਾਲੇ ਵੀ ਸਾਲ ਵਿਚ 2 ਵਾਰ ਪ੍ਰੀ-ਬੋਰਡ ਪ੍ਰੀਖਿਆਵਾਂ ਲੈਣਗੇ। ਅਜਿਹੇ ਵਿਚ ਵਾਰ-ਵਾਰ ਪ੍ਰੀਖਿਆਵਾਂ ਦੀ ਚੁਣੌਤੀ ਵਿਚ ਚੰਗਾ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਵਿਚ ਬੱਚਿਆਂ ਵਿਚ ਸਿੱਖਣ ਦੀ ਬਜਾਏ ਸੱਟਾ ਲਗਾਉਣ ਦੀ ਪ੍ਰਕਿਰਿਆ ਵਿਚ ਵਾਧਾ ਹੋਵੇਗਾ। ਕੋਚਿੰਗ ਫੈੱਡਰੇਸ਼ਨ ਵੱਲੋਂ ਪ੍ਰਧਾਨ ਮੰਤਰੀ ਨੂੰ ਭੇਜੇ ਗਏ ਮੰਗ-ਪੱਤਰ ਵਿਚ ਇਹ ਮੰਗ ਕੀਤੀ ਗਈ ਹੈ ਕਿ ਇਸ ਪ੍ਰੀਖਿਆ ਪ੍ਰਣਾਲੀ ਨੂੰ ਪੂਰਨ ਰੂਪ ਨਾਲ ਲਾਗੂ ਕਰਨ ਤੋਂ ਪਹਿਲਾਂ ਇਸ ਦੇ ਸਾਰੇ ਪਹਿਲੂਆਂ ’ਤੇ ਮੁੜ-ਵਿਚਾਰ ਕਰਨ ਦੀ ਲੋੜ ਹੈ ਅਤੇ ਇਹ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਕਿ ਇਸ ਵਿਚ ਸਾਰੇ ਸਬੰਧਤ ਵਰਗਾਂ ਦਾ ਧਿਆਨ ਰੱਖਿਆ ਜਾਵੇ ਅਤੇ ਕਿਤੇ ਫਾਇਦੇ ਦੀ ਬਜਾਏ ਨੁਕਸਾਨ ਨਾ ਹੋ ਜਾਵੇ।
ਇਹ ਵੀ ਪੜ੍ਹੋ : ਪੰਜਾਬ ਲਈ ਖ਼ਤਰੇ ਦੀ ਘੰਟੀ, ਨਵੀਂ ਮੁਸੀਬਤ 'ਚ ਘਿਰੇ ਕਿਸਾਨ
ਇਸ ਦੇ ਨਾਲ ਇਕ ਹੋਰ ਮੰਗ ਵਿਚ ਫੈੱਡਰੇਸ਼ਨ ਮੈਂਬਰਾਂ ਨੇ ਪੰਜਾਬੀ ਨੂੰ ਪੰਜਾਬ ਵਿਚ ਮੁੱਖ ਵਿਸ਼ਿਆਂ ਵਿਚ ਸ਼ਾਮਲ ਕਰਨ ਦੀ ਮੰਗ ਰੱਖੀ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਪੰਜਾਬ ਵਿਚ ਪੜ੍ਹਨ ਵਾਲੇ ਸਾਰੇ ਵਿਦਿਆਰਥੀਆਂ ਨੂੰ ਪੰਜਾਬੀ ਲਾਜ਼ਮੀ ਵਿਸ਼ੇ ਦੇ ਰੂਪ ਵਿਚ ਪੜ੍ਹਾਈ ਜਾਣੀ ਚਾਹੀਦੀ ਹੈ, ਜਦਕਿ ਬੋਰਡ ਵੱਲੋਂ ਪੰਜਾਬੀ ਨੂੰ ਚੋਣਵੇਂ ਵਿਸ਼ੇ ਵਿਚ ਪਾਇਆ ਗਿਆ। ਇਸ ਮੌਕੇ ’ਤੇ ਪ੍ਰੋ. ਵਿਕਾਸ ਬੇਰੀ, ਪ੍ਰੋ. ਸੰਜੀਵ ਅਗਰਵਾਲ ਅਤੇ ਪ੍ਰੋ. ਆਰ. ਕੇ. ਮਿਸ਼ਰਾ ਵੀ ਹਾਜ਼ਰ ਸਨ।
ਇਹ ਵੀ ਪੜ੍ਹੋ : ਰਜਿਸਟਰੀਆਂ ਕਰਵਾਉਣ ਵਾਲਿਆਂ ਲਈ ਚੰਗੀ ਖ਼ਬਰ, ਤਹਿਸੀਲ ਜਾਣ ਵਾਲੇ ਲੋਕ ਦੇਣ ਧਿਆਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e