ਕਰਜ਼ੇ ਹੇਠਾਂ ਦੱਬੇ ਇਕ ਹੋਰ ਕਿਸਾਨ ਨੇ ਕੀਤੀ ਖੁਦਕੁਸ਼ੀ
Sunday, Jul 08, 2018 - 03:30 PM (IST)

ਬਾਲਿਆਂਵਾਲੀ(ਸ਼ੇਖਰ)— ਅੱਜ ਨਗਰ ਮੰਡੀ ਕਲਾਂ ਦੇ ਇਕ ਬੇ-ਜ਼ਮੀਨੇ ਕਿਸਾਨ ਵਲੋਂ ਆਰਥਿਕ ਤੰਗੀ ਅਤੇ ਕਰਜ਼ੇ ਕਾਰਨ ਸਲਫਾਸ ਨਿਗਲ ਕੇ ਖੁਦਕੁਸ਼ੀ ਕਰਨ ਦੀ ਸੂਚਨਾ ਪ੍ਰਾਪਤ ਹੋਈ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਗੁਰਚਰਨ ਸਿੰਘ ਉਰਫ ਚਰਨਾ ਪੁੱਤਰ ਕਰਤਾਰ ਸਿੰਘ ਉਮਰ 55 ਸਾਲ ਨੇ ਸਵੇਰੇ ਸਲਫਾਸ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਅਤੇ ਸਿਵਲ ਹਸਪਤਾਲ ਰਾਮਪੁਰਾ ਵਿਖੇ ਡਾਕਟਰਾਂ ਵਲੋਂ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਕਿਸਾਨ ਆਗੂਆਂ ਸੁਖਦੇਵ ਸਿੰਘ ਜਵੰਧਾ, ਮੋਠੂ ਸਿੰਘ ਕੋਟੜਾ ਅਤੇ ਮਹਿੰਦਰ ਕੱਲੂ ਬਾਲਿਆਂਵਾਲੀ ਨੇ ਦੱਸਿਆ ਕਿ ਗੁਰਚਰਨ ਸਿੰਘ ਕੋਲ ਆਪਣੀ ਜ਼ਮੀਨ ਨਹੀਂ ਸੀ। ਉਹ 2-ਢਾਈ ਕਿੱਲੇ ਜ਼ਮੀਨ ਠੇਕੇ 'ਤੇ ਲੈ ਕੇ ਖੇਤੀ ਕਰਦਾ ਸੀ। ਉਸ ਦੇ 3 ਮੁੰਡੇ ਤੇ 1 ਕੁੜੀ ਹੈ। ਜਿਨ੍ਹਾਂ ਵਿਚੋਂ ਵੱਡੇ ਮੁੰਡੇ ਦੀ ਕੁਝ ਸਮਾਂ ਪਹਿਲਾਂ ਹੀ ਮੌਤ ਹੋ ਗਈ ਸੀ। ਕੁੜੀ ਵਿਆਹੀ ਹੋਈ ਹੈ ਪਰ ਬਾਕੀ ਦੋਵੇਂ ਮੁੰਡੇ ਗੰਭੀਰ ਬੀਮਾਰੀਆਂ ਨਾਲ ਪੀੜਤ ਹਨ ਜੋ ਅਜੇ ਕੁਆਰੇ ਹਨ। ਮੁੰਡਿਆਂ ਦੀ ਬੀਮਾਰੀ ਅਤੇ ਕਰਜ਼ੇ ਕਾਰਨ ਉਹ ਕਾਫੀ ਪਰੇਸ਼ਾਨ ਰਹਿੰਦਾ ਸੀ। ਘਰ 'ਚ ਇਕੱਲਾ ਕਮਾਉਣ ਵਾਲਾ ਹੋਣ ਅਤੇ ਘਰ ਦਾ ਗੁਜ਼ਾਰਾ ਨਾ ਕਰ ਪਾਉਣ ਤੋਂ ਦੁਖੀ ਹੋ ਕੇ ਉਸ ਨੇ ਅੱਜ ਸਵੇਰੇ ਖੁਦਕੁਸ਼ੀ ਕਰ ਲਈ। ਪਿੰਡ ਵਾਸੀਆਂ ਅਤੇ ਕਿਸਾਨ ਆਗੂਆਂ ਨੇ ਮ੍ਰਿਤਕ ਦੇ ਪਰਿਵਾਰ ਲਈ ਸਰਕਾਰ ਤੋਂ ਮੁਆਵਜ਼ੇ ਅਤੇ ਇਕ ਸਰਕਾਰੀ ਨੌਕਰੀ ਦੀ ਮੰਗ ਕੀਤੀ ਹੈ। ਇਸ ਸਬੰਧੀ ਥਾਣਾ ਬਾਲਿਆਂਵਾਲੀ ਦੇ ਮੁੱਖ ਅਫਸਰ ਸੰਦੀਪ ਸਿੰਘ ਭਾਟੀ ਨੇ ਕਿਹਾ ਕਿ 174 ਦੀ ਕਾਰਵਾਈ ਕੀਤੀ ਗਈ ਹੈ ਅਤੇ ਪੋਸਟਮਾਰਟਮ ਕਰਾਉਣ ਉਪਰੰਤ ਲਾਸ਼ ਵਾਰਿਸਾਂ ਹਵਾਲੇ ਕਰ ਦਿੱਤੀ ਗਈ ਹੈ।