ਕਰਜ਼ੇ ਤੋਂ ਤੰਗ ਆ ਕੇ ਤਿੰਨ ਬੱਚਿਆਂ ਦੇ ਪਿਓ ਨੇ ਕੀਤੀ ਖ਼ੁਦਕੁਸ਼ੀ
Tuesday, Jul 19, 2022 - 01:30 PM (IST)

ਮੋਗਾ (ਆਜ਼ਾਦ) : ਮੋਗਾ ਦੇ ਨਜ਼ਦੀਕੀ ਪਿੰਡ ਧੱਲੇਕੇ ਨਿਵਾਸੀ ਜਸਵਿੰਦਰ ਸਿੰਘ (32) ਜੋ ਤਿੰਨ ਬੱਚਿਆਂ ਦਾ ਪਿਤਾ ਸੀ, ਨੇ ਕਰਜ਼ੇ ਤੋਂ ਤੰਗ ਆ ਕੇ ਜ਼ਹਿਰੀਲੀ ਦਵਾਈ ਪੀ ਕੇ ਖ਼ੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਜਸਵਿੰਦਰ ਸਿੰਘ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਸੀ। ਕਰਜ਼ੇ ਨੂੰ ਲੈ ਕੇ ਉਹ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿੰਦਾ ਸੀ। ਉਸਦੇ ਪਰਿਵਾਰ ਵਾਲਿਆਂ ਨੇ ਉਸ ਨੂੰ ਬਹੁਤ ਸਮਝਾਉਣ ਦਾ ਯਤਨ ਕੀਤਾ। ਬੀਤੀ 17 ਜੁਲਾਈ ਦੀ ਸ਼ਾਮ ਨੂੰ ਉਹ ਘਰੋਂ ਗਿਆ ਅਤੇ ਜਦ ਇਕ ਘੰਟੇ ਬਾਅਦ ਵਾਪਸ ਆਇਆ ਤਾਂ ਉਸਦੀ ਹਾਲਤ ਖਰਾਬ ਸੀ।
ਪਰਿਵਾਰ ਵਾਲਿਆਂ ਨੂੰ ਪਤਾ ਲੱਗਣ ’ਤੇ ਉਨ੍ਹਾ ਉਸ ਨੂੰ ਮੋਗਾ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਦਾਖਲ ਕਰਵਾਇਆ, ਉਥੇ ਡਾਕਟਰਾਂ ਨੇ ਉਸਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਲੁਧਿਆਣਾ ਰੈਫਰ ਕਰ ਦਿੱਤਾ, ਉਥੇ ਅੱਜ ਉਸਨੇ ਦਮ ਤੋੜ ਦਿੱਤਾ। ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਜਸਵਿੰਦਰ ਸਿੰਘ ਨੇ ਕਿਹਾ ਕਿ ਮ੍ਰਿਤਕ ਦੀ ਪਤਨੀ ਸਿਮਰਨਜੀਤ ਸਿੰਘ ਦੇ ਬਿਆਨਾਂ ਦੇ ’ਤੇ ਅ/ਧ 174 ਦੀ ਕਾਰਵਾਈ ਕੀਤੀ ਗਈ ਹੈ ਅਤੇ ਲਾਸ਼ ਨੂੰ ਪੋਸਟਮਾਰਟਮ ਤੋਂ ਬਾਅਦ ਵਾਰਿਸਾਂ ਨੂੰ ਸੌਂਪ ਦਿੱਤਾ।