ਕਰਜ਼ੇ ਨੇ ਉਜਾੜਿਆ ਇਕ ਹੋਰ ਪਰਿਵਾਰ, ਕਿਸਾਨ ਨੇ ਜ਼ਹਿਰ ਪੀ ਕੀਤੀ ਖੁਦਕੁਸ਼ੀ

Tuesday, Jun 20, 2023 - 12:47 PM (IST)

ਕਰਜ਼ੇ ਨੇ ਉਜਾੜਿਆ ਇਕ ਹੋਰ ਪਰਿਵਾਰ, ਕਿਸਾਨ ਨੇ ਜ਼ਹਿਰ ਪੀ ਕੀਤੀ ਖੁਦਕੁਸ਼ੀ

ਬਾਲਿਆਂਵਾਲੀ (ਸ਼ੇਖਰ) : ਨੇੜਲੇ ਪਿੰਡ ਰਾਮਨਿਵਾਸ ਵਿਖੇ ਕਰਜ਼ੇ ਤੋਂ ਤੰਗ-ਪ੍ਰੇਸ਼ਾਨ ਹੋ ਕੇ ਇਕ ਕਿਸਾਨ ਵੱਲੋਂ ਜ਼ਹਿਰੀਲੀ ਵਸਤੂ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਣ ਦਾ ਸਮਾਚਾਰ ਹੈ। ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਹਰੀ ਸਿੰਘ ਨੇ ਦੱਸਿਆ ਕਿ ਮ੍ਰਿਤਕ ਹਰਦੀਪ ਸਿੰਘ ਪੁੱਤਰ ਦਰਸ਼ਨ ਸਿੰਘ (35) ਵਾਸੀ ਪਿੰਡ ਰਾਮਨਿਵਾਸ ਅਪਣੇ ਸਿਰ ਚੜ੍ਹੇ ਕਰਜ਼ੇ ਕਾਰਨ ਮਾਨਸਿਕ ਪ੍ਰੇਸ਼ਾਨ ਰਹਿੰਦਾ ਸੀ। ਉਨ੍ਹਾਂ ਦੱਸਿਆ ਕਿ ਉਕਤ ਕਿਸਾਨ ਸਿਰ ਆੜ੍ਹਤੀਆਂ ਤੋਂ ਇਲਾਵਾ ਬੈਂਕ ਦਾ ਲਗਭਗ 10 ਲੱਖ ਰੁਪਏ ਦੇ ਕਰੀਬ ਕਰਜ਼ਾ ਸੀ ਜਦਕਿ ਆਮਦਨ ਦਾ ਕੋਈ ਬਹੁਤਾ ਸਾਧਨ ਨਹੀਂ ਸੀ। ਅਜਿਹੀ ਹਾਲਤ ਵਿਚ ਹਰਦੀਪ ਸਿੰਘ ਪਿਛਲੇ ਕਈ ਦਿਨਾਂ ਤੋਂ ਜ਼ਿਆਦਾ ਪ੍ਰੇਸ਼ਾਨ ਰਹਿਣ ਲੱਗਾ ਸੀ, ਜਿਸ ਨੇ ਕੱਲ੍ਹ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕਰ ਲਈ। 

ਮ੍ਰਿਤਕ ਹਰਦੀਪ ਸਿੰਘ ਅਪਣੇ ਪਿੱਛੇ ਮਾਂ ਬਾਪ ਤੋਂ ਇਲਾਵਾ ਪਤਨੀ, ਇਕ ਪੁੱਤਰ ਅਤੇ ਇਕ ਧੀ ਛੱਡ ਗਿਆ ਹੈ। ਇਸ ਸਬੰਧੀ ਪੁਲਸ ਥਾਣਾ ਬਾਲਿਆਂਵਾਲੀ ਵਿਖੇ 174 ਦੀ ਕਾਰਵਾਈ ਕਰ ਕੇ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ ਹੈ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਹਰੀ ਸਿੰਘ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮ੍ਰਿਤਕ ਕਿਸਾਨ ਦਾ ਮੁਕੰਮਲ ਕਰਜ਼ਾ ਮੁਆਫ ਕੀਤਾ ਜਾਵੇ ਅਤੇ ਇਕ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।


author

Gurminder Singh

Content Editor

Related News