ਮਨੀਮਾਜਰਾ ''ਚ ਮੌਤ ''ਤੇ ਬਵਾਲ : ਲੋਕਾਂ ਨੇ ਲਾਇਆ ਜਾਮ, ਪੀ. ਸੀ. ਆਰ. ਦੀ ਗੱਡੀ ਤੋੜੀ, ਕਰਮਚਾਰੀਆਂ ਨੇ ਭੱਜ ਕੇ ਬਚਾਈ ਜਾਨ

08/20/2017 8:19:23 PM

ਮਨੀਮਾਜਰਾ (ਅਗਨੀਹੋਤਰੀ)¸ਅੱਧੀ ਦਰਜਨ ਨੌਜਵਾਨਾਂ ਦੇ ਹਮਲੇ ਵਿਚ ਜ਼ਖਮੀ ਹੋਏ ਮਨੀਮਾਜਰਾ ਦੇ ਮਾੜੀ ਵਾਲਾ ਟਾਊਨ ਦੇ ਧਰਮ ਸਿੰਘ (50) ਦੀ ਮੌਤ ਤੋਂ ਗੁੱਸੇ ਵਿਚ ਆਏ ਲੋਕਾਂ ਨੇ ਪੁਲਸ 'ਤੇ ਕਮਜ਼ੋਰ ਧਾਰਾਵਾਂ ਲਾ ਕੇ ਮਾਮਲੇ ਵਿਚ ਮੁੱਖ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕਰਨ ਦੇ ਦੋਸ਼ ਲਾਉਂਦੇ ਹੋਏ ਮਨੀਮਾਜਰਾ-ਪਿਪਲੀ ਵਾਲਾ ਟਾਊਨ ਮਾਰਗ 'ਤੇ ਜਾਮ ਲਾ ਦਿੱਤਾ। ਇਸ ਦੌਰਾਨ ਉਥੇ ਪਹੁੰਚੀ ਪੀ. ਸੀ. ਆਰ. ਦੀ ਗੱਡੀ ਦੇ ਸ਼ੀਸ਼ੇ ਤੋੜ ਦਿੱਤੇ। ਮ੍ਰਿਤਕ ਧਰਮ ਸਿੰਘ ਦੇ ਪੁੱਤਰ ਜਸਬੀਰ ਨੇ ਦੱਸਿਆ ਕਿ 13 ਅਗਸਤ ਨੂੰ ਉਨ੍ਹਾਂ ਦੇ ਘਰ 'ਚ ਉਨ੍ਹਾਂ ਦੇ ਪਿਤਾ 'ਤੇ ਕੁਝ ਲੋਕਾਂ ਨੇ ਹਮਲਾ ਕਰ ਦਿੱਤਾ, ਜਿਸ ਤੋਂ ਬਾਅਦ ਉਨ੍ਹਾਂ ਨੇ ਹਮਲੇ ਦੀ ਜਾਣਕਾਰੀ ਮਨੀਮਾਜਰਾ ਥਾਣਾ ਮੁਖੀ ਹਰਮਿੰਦਰ ਸਿੰਘ ਨੂੰ ਦਿੱਤੀ। 

PunjabKesari
ਇਸ ਤੋਂ ਬਾਅਦ ਸਮਝੌਤਾ ਹੋ ਗਿਆ ਅਤੇ ਦੋਸ਼ੀਆਂ ਨੇ ਅਗਲੇ ਦਿਨ 14 ਅਗਸਤ ਨੂੰ  ਫਿਰ ਇਕ ਦਰਜਨ ਹੋਰ ਨੌਜਵਾਨਾਂ ਨਾਲ ਉਨ੍ਹਾਂ ਦੇ ਪਿਤਾ ਦੇ ਸਿਰ 'ਤੇ ਕਿਰਚ ਨਾਲ ਵਾਰ ਕੀਤਾ, ਜਿਸ ਨਾਲ ਉਹ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਅਤੇ ਸੈਕਟਰ-32 ਹਸਪਤਾਲ 'ਚ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਧਰਮਬੀਰ ਨੇ ਦੋਸ਼ ਲਾਇਆ ਕਿ ਪੁਲਸ ਨੇ ਇਸ ਮਾਮਲੇ ਵਿਚ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਸੀ, ਜਿਨ੍ਹਾਂ ਦੇ ਵਿਰੁੱਧ ਮਾਰਕੁੱਟ ਦੀਆਂ ਧਾਰਾਵਾਂ ਲਗਾ ਦਿੱਤੀਆਂ ਗਈਆਂ ਸੀ ਅਤੇ ਉਨ੍ਹਾਂ ਨੂੰ ਜ਼ਮਾਨਤ 'ਤੇ ਛੱਡ ਦਿੱਤਾ ਗਿਆ ਅਤੇ ਮਾਮਲੇ ਦੇ ਦੋ ਮੁੱਖ ਦੋਸ਼ੀ ਮਾੜੂ ਤੇ ਚਾਟੂ ਨੂੰ ਪੁਲਸ ਨੇ ਗ੍ਰਿਫਤਾਰ ਨਹੀਂ ਕੀਤਾ। ਦੋਸ਼ੀ ਉਸ ਨੂੰ ਬਾਅਦ 'ਚ ਵੀ ਜਾਨੋਂ ਮਾਰਨ ਦੀ ਕਥਿਤ ਧਮਕੀ ਦਿੰਦੇ ਰਹੇ ਪਰ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ। ਲੋਕਾਂ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਕਰਕੇ ਥਾਣਾ ਮੁਖੀ, ਕੇਸ ਦੇ ਆਈ. ਓ., ਪੁਲਸ ਕਾਂਸਟੇਬਲ ਦੇ ਵਿਰੁੱਧ ਕਾਰਵਾਈ ਕੀਤੀ ਜਾਵੇ। ਰਸਤੇ ਵਿਚ ਜਾਮ ਤੇ ਧਰਨਾ ਦੁਪਹਿਰ ਸਾਢੇ ਤਿੰਨ ਵਜੇ ਸ਼ੁਰੂ ਹੋਇਆ, ਜੋ ਦੇਰ ਰਾਤ ਤਕ ਜਾਰੀ ਸੀ। ਮੌਕੇ 'ਤੇ ਭਾਰੀ ਗਿਣਤੀ ਵਿਚ ਪੁਲਸ ਫੋਰਸ ਵੀ ਤਾਇਨਾਤ ਸੀ।
ਪੁਲਸ ਦੀ ਗੱਡੀ ਦੇ ਟੁੱਟੇ ਸ਼ੀਸ਼ੇ : ਜਾਮ ਲੱਗਾ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ 'ਤੇ ਪੀ. ਸੀ. ਆਰ. ਐੱਸ. ਆਈ. ਹੁਸਨ ਲਾਲ ਤੇ ਚਾਲਕ ਸੁਮਿਤ ਪਹੁੰਚੇ ਪਰ ਉਨ੍ਹਾਂ ਨੂੰ ਪ੍ਰਦਰਸ਼ਨਕਾਰੀਆਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪਿਆ। ਇਸ ਦੌਰਾਨ ਕਿਸੇ ਨੇ ਪੁਲਸ ਦੀ ਪੀ. ਸੀ. ਆਰ. ਗੱਡੀ ਦਾ ਸ਼ੀਸ਼ਾ ਤੋੜ ਦਿੱਤਾ। ਐੱਸ. ਆਈ. ਹੁਸਨ ਲਾਲ ਨੇ ਦੱਸਿਆ ਕਿ ਉਨ੍ਹਾਂ ਨੇ ਭੱਜ ਕੇ ਜਾਨ ਬਚਾਈ।
ਐੱਸ. ਐੱਸ. ਪੀ. ਦੇ ਭਰੋਸੇ ਤੋਂ ਬਾਅਦ ਵੀ ਨਹੀਂ ਮੰਨੇ ਲੋਕ : ਐੱਸ. ਐੱਸ. ਪੀ. ਈਸ਼ ਸਿੰਗਲ ਨੇ ਲੋਕਾਂ ਦੀ ਮੰਗ 'ਤੇ ਧਾਰਾ 302 ਜੋੜ ਦਿੱਤੀ। ਉਨ੍ਹਾਂ ਨੇ ਕਿਹਾ ਕਿ ਦੋਸ਼ੀਆਂ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ ਪਰ ਲੋਕ ਐੱਸ. ਐੱਚ. ਓ. ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਨੂੰ ਲੈ ਕੇ ਅੜੇ ਰਹੇ। ਹਾਲਾਂਕਿ ਲੋਕਾਂ ਨੂੰ 
ਕੌਂਸਲਰ ਜਗਤਾਰ ਜੱਗਾ, ਸ਼ਕਤੀ ਪ੍ਰਕਾਸ਼ ਦੇਵਸ਼ਾਲੀ ਨੇ ਵੀ ਸਮਝਾਇਆ ਪਰ ਕਿਸੇ ਨੇ ਉਨ੍ਹਾਂ ਦੀ ਵੀ ਨਹੀਂ ਮੰਨੀ।
 


Related News