ਇਕਾਂਤਵਾਸ ਪੂਰਾ ਹੋਣ ਤੋਂ 5 ਦਿਨਾਂ ਬਾਅਦ ਵਿਅਕਤੀ ਦੀ ਅਚਾਨਕ ਮੌਤ,ਦਹਿਸ਼ਤ 'ਚ ਲੋਕ

04/24/2020 9:51:59 AM

ਭਵਾਨੀਗੜ੍ਹ (ਕਾਂਸਲ) : ਸਥਾਨਕ ਸ਼ਹਿਰ ਨੇੜਲੇ ਪਿੰਡ ਬਲਿਆਲ ਵਿਖੇ ਇਕ ਵਿਅਕਤੀ ਦੀ ਇਕਾਂਤਵਾਸ ਪੂਰਾ ਹੋਣ ਤੋਂ ਬਾਅਦ ਬੀਤੇ ਦਿਨ ਅਚਾਨਕ ਹਾਲਤ ਖਰਾਬ ਹੋ ਜਾਣ ਤੋਂ ਬਾਅਦ ਉਸ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ। ਪਿੰਡ ਪੰਚਾਇਤ ਨੇ ਕੋਰੋਨਾ ਦੀ ਮਹਾਮਾਰੀ ਦਾ ਸ਼ੱਕ ਮਿਟਾਉਣ ਲਈ ਉਕਤ ਵਿਅਕਤੀ ਦੀ ਲਾਸ਼ ਦੀ ਪੂਰੀ ਜਾਂਚ ਕਰਵਾਉਣ ਤੋਂ ਬਾਅਦ ਲਾਸ਼ ਨੂੰ ਪਿੰਡ ਲਿਜਾਣ ਦਾ ਫੈਸਲਾ ਲਿਆ।

ਪ੍ਰਾਪਤ ਜਾਣਕਾਰੀ ਅਨੁਸਾਰ ਅਮਰੀਕ ਸਿੰਘ ਪੁੱਤਰ ਜੌਗਿੰਦਰ ਸਿੰਘ ਵਾਸੀ ਪਿੰਡ ਬਲਿਆਲ ਜੋ ਕਿ ਇਕ ਟਰੱਕ ਡਰਾਇਵਰ ਸੀ ਅਤੇ ਕੋਰੋਨਾ ਵਾਇਰਸ ਦੀ ਮਹਾਮਾਰੀ ਦੌਰਾਨ ਕੀਤੇ ਗਏ ਲਾਕਡਾਊਨ ਦੌਰਾਨ ਉਹ ਗੋਹਾਟੀ ਤੋਂ ਟਰੱਕ ਲੈ ਕੇ ਪਿੰਡ ਵਾਪਸ ਆਇਆ ਸੀ। ਜਿਸ ਨੂੰ ਸਿਹਤ ਵਿਭਾਗ ਵੱਲੋਂ 5 ਅਪ੍ਰੈਲ ਨੂੰ ਇਕਾਂਤਵਾਸ ਕੀਤਾ ਗਿਆ ਸੀ ਅਤੇ ਜਿਸ ਦਾ ਇਕਾਂਤਵਾਸ 18-19 ਅਪ੍ਰੈਲ ਨੂੰ ਪੂਰਾ ਹੋ ਗਿਆ ਸੀ ਪਰ ਬੀਤੇ ਦਿਨ ਦੇਰ ਸ਼ਾਮ ਉਸ ਦੀ ਅਚਾਨਕ ਹਾਲਤ ਜ਼ਿਆਦਾ ਵਿਗੜ ਜਾਣ ਕਾਰਨ ਜਦੋਂ ਇਲਾਜ ਲਈ ਸਥਾਨਕ ਹਸਪਤਾਲ ਵਿਖੇ ਲਿਆਂਦਾ ਗਿਆ ਤਾਂ ਉਸ ਦੀ ਮੌਤ ਹੋ ਗਈ।

ਇਸ ਸਬੰਧੀ ਪਿੰਡ ਦੇ ਸਰਪੰਚ ਅਮਰੇਲ ਸਿੰਘ ਅਤੇ ਮ੍ਰਿਤਕ ਵਿਅਕਤੀ ਦੇ ਵਾਰਡ ਦੇ ਪੰਚ ਪ੍ਰਗਟ ਸਿੰਘ ਨਾਲ ਗੱਲਬਾਤ ਕਰਨ 'ਤੇ ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਵਿਚ ਇਕਾਂਤਵਾਸ ਦੌਰਾਨ ਕੋਰੋਨਾ ਵਰਗੇ ਕੋਈ ਵੀ ਲੱਛਣ ਨਹੀਂ ਪਾਏ ਗਏ ਸਨ ਪਰ ਉਕਤ ਨਸ਼ੇ ਕਰਨ ਦਾ ਆਦੀ ਹੋਣ ਕਾਰਨ ਕਰਫਿਊ ਦੇ ਚਲਦਿਆਂ ਅਤੇ ਆਰਥਿਕ ਤੰਗੀ ਕਾਰਨ ਉਸ ਨੂੰ ਪਿਛਲੇ ਕਈ ਦਿਨਾਂ ਤੋਂ ਨਸ਼ਾ ਨਾ ਮਿਲਣ ਕਾਰਨ ਨਸ਼ੇ ਦੀ ਤੋੜ ਦੇ ਚਲਦਿਆਂ ਉਹ ਸਹੀ ਢੰਗ ਨਾਲ ਖਾਣਾ ਨਹੀਂ ਸੀ ਖਾਂ ਰਿਹਾ ਅਤੇ ਉਸ ਦੀ ਹਾਲਤ ਵਿਗੜ ਰਹੀ ਸੀ ਅਤੇ ਦੇਰ ਸ਼ਾਮ ਉਸ ਦੀ ਹਾਲਤ ਜ਼ਿਆਦਾ ਵਿਗੜ ਜਾਣ ਤੋਂ ਬਾਅਦ ਜਦੋਂ ਉਸ ਨੂੰ  ਹਸਪਤਾਲ ਲਿਆਂਦਾ ਗਿਆ ਤਾਂ ਇਥੇ ਹਸਪਤਾਲ ਵਿਖੇ ਉਸ ਦੀ ਮੌਤ ਹੋ ਗਈ। ਉਨ੍ਹਾਂ ਦੱÎਸਿਆ ਕਿ ਫਿਰ ਵੀ ਪਿੰਡ ਦੀ ਭਲਾਈ ਲਈ ਅਤੇ ਸਭ ਦਾ ਸ਼ੱਕ ਮਿਟਾਉਣ ਲਈ ਉਨ੍ਹਾਂ ਸਿਹਤ ਵਿਭਾਗ ਨੂੰ ਇਸ ਦੀ ਕੋਰੋਨਾ ਦੀ ਮਹਾਮਾਰੀ ਦੀ ਪੂਰੀ ਜਾਂਚ ਕਰਨ ਤੋਂ ਬਾਅਦ ਲਾਸ਼ ਨੂੰ ਪਿੰਡ ਲਿਜਾਣ ਦਾ ਫੈਸਲਾ ਕੀਤਾ ਹੈ। ਪਿੰਡ ਦੀ ਪੰਚਾਇਤ ਦੀ ਮੰਗ ਦੇ ਆਧਾਰ 'ਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਸਥਾਨਕ ਥਾਣਾ ਮੁਖੀ ਰਮਨਦੀਪ ਸਿੰਘ ਵੱਲੋਂ ਉਕਤ ਵਿਅਕਤੀ ਦੀ ਲਾਸ਼ ਨੂੰ ਜਾਂਚ ਲਈ ਸੰਗਰੂਰ ਦੇ ਸਿਵਲ ਹਸਪਤਾਲ ਵਿਖੇ ਭੇਜ ਦਿੱਤਾ।


Shyna

Content Editor

Related News