ਚਿੱਟੇ ਨੇ ਬੁਝਾਇਆ ਇਕ ਹੋਰ ਘਰ ਦਾ ਚਿਰਾਗ, ਇਕ-ਇਕ ਕਰਕੇ ਦੋਵਾਂ ਭਰਾਵਾਂ ਦੀ ਹੋਈ ਮੌਤ

Monday, Aug 28, 2023 - 05:06 AM (IST)

ਮੋਗਾ (ਕਸ਼ਿਸ਼) : ਨਸ਼ਾ ਪੰਜਾਬ ਦੀ ਜਵਾਨੀ ਨੂੰ ਇਸ ਤਰ੍ਹਾਂ ਨਿਗਲ ਰਿਹਾ ਹੈ ਕਿ ਘਰਾਂ ਦੇ ਘਰ ਖਾਲੀ ਹੋ ਰਹੇ ਹਨ। ਕੁਝ ਨੌਜਵਾਨ ਵਿਦੇਸ਼ਾਂ ਨੂੰ ਜਾ ਰਹੇ ਹਨ ਤਾਂ ਕੁਝ ਨਸ਼ਿਆਂ ਦੀ ਭੇਟ ਚੜ੍ਹ ਰਹੇ ਹਨ। ਤਾਜ਼ਾ ਮਾਮਲਾ ਮੋਗਾ ਦੇ ਬਾਘਾਪੁਰਾਣਾ ਦੇ ਪਿੰਡ ਭਲੂਰ ਤੋਂ ਹੈ, ਜਿੱਥੋਂ ਦੇ 35 ਸਾਲਾ ਨੌਜਵਾਨ ਦੀ ਚਿੱਟੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। ਦੂਜੇ ਪਾਸੇ ਪੁਲਸ ਨੇ ਪਿੰਡ ਵਿੱਚ ਨਸ਼ੇ ਦਾ ਧੰਦਾ ਕਰਨ ਵਾਲੇ ਭੈਣ-ਭਰਾ ਖ਼ਿਲਾਫ਼ ਧਾਰਾ 304 ਤਹਿਤ ਕੇਸ ਦਰਜ ਕਰ ਲਿਆ ਹੈ।

ਐੱਸਐੱਚਓ ਜਸਵਿੰਦਰ ਅਨੁਸਾਰ ਮ੍ਰਿਤਕ ਨੇ ਉਕਤ ਭੈਣ-ਭਰਾ ਕੋਲੋਂ ਹੀ ਨਸ਼ਾ ਲਿਆ ਸੀ। ਪੁਲਸ ਨੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ। ਜ਼ਿਕਰਯੋਗ ਹੈ ਕਿ ਪਿੰਡ ਭਲੂਰ ਦੇ ਵਸਨੀਕ ਜੋਰਾ ਸਿੰਘ ਤੇ ਉਸ ਦੀ ਪਤਨੀ ਦੇ 2 ਪੁੱਤਰ ਸਨ, ਵੱਡਾ ਗੁਰਪ੍ਰੀਤ ਤੇ ਛੋਟਾ ਮਨਪ੍ਰੀਤ। ਗੁਰਪ੍ਰੀਤ ਦੀ ਕਰੀਬ 8 ਤੋਂ 10 ਸਾਲ ਪਹਿਲਾਂ ਨਸ਼ੇ ਕਾਰਨ ਮੌਤ ਹੋ ਗਈ ਸੀ ਤੇ ਹੁਣ ਛੋਟੇ ਬੇਟੇ ਮਨਪ੍ਰੀਤ ਦੀ ਵੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ ਹੈ।

ਇਹ ਵੀ ਪੜ੍ਹੋ : ਬੇਕਾਬੂ ਟਿੱਪਰ ਦਾ ਕਹਿਰ, ਹਾਦਸੇ 'ਚ ਜ਼ਖ਼ਮੀ ਤੀਸਰੇ ਵਿਅਕਤੀ ਨੇ ਵੀ ਤੋੜਿਆ ਦਮ

ਜੋਰਾ ਸਿੰਘ, ਜਿਸ ਨੇ ਆਪਣੇ 2 ਪੁੱਤਰਾਂ ਨੂੰ ਮੋਢਾ ਦਿੱਤਾ, ਦੇ ਹੰਝੂ ਵੀ ਹੁਣ ਸੁੱਕ ਗਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਸ ਕੋਲ ਡੇਢ ਏਕੜ ਜ਼ਮੀਨ ਹੈ, ਪਹਿਲਾਂ ਵੱਡਾ ਬੇਟਾ ਕੁੱਟਮਾਰ ਕਰਦਾ ਸੀ ਅਤੇ ਨਸ਼ਾ ਕਰਦਾ ਸੀ। ਉਸ ਦੀਆਂ 4 ਲੜਕੀਆਂ ਹਨ। ਉਸ ਦੀ ਮੌਤ ਤੋਂ ਬਾਅਦ ਛੋਟਾ ਪੁੱਤਰ ਵੀ ਨਸ਼ੇ ਦੀ ਲਤ 'ਚ ਲੱਗ ਗਿਆ, ਜਦੋਂ ਤੱਕ ਉਨ੍ਹਾਂ ਨੂੰ ਪਤਾ ਲੱਗਾ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਉਨ੍ਹਾਂ ਦੱਸਿਆ ਕਿ ਵਿਆਹ ਦੇ 2 ਸਾਲ ਬਾਅਦ ਹੀ ਛੋਟਾ ਲੜਕਾ ਨਸ਼ੇ ਦਾ ਆਦੀ ਹੋ ਗਿਆ ਸੀ, ਉਸ ਦਾ ਇਕ ਪੁੱਤਰ ਹੈ। ਉਹ ਚਿੱਟੇ ਦਾ ਵੀ ਇੰਨਾ ਆਦੀ ਸੀ ਕਿ ਉਹ ਉਨ੍ਹਾਂ ਦੀ ਇਸ ਹੱਦ ਤੱਕ ਕੁੱਟਮਾਰ ਕਰਦਾ ਸੀ ਕਿ ਉਸ ਨੇ ਘਰ ਦਾ ਸਾਮਾਨ, ਟਰੈਕਟਰ, ਜ਼ਮੀਨ ਤੇ ਘਰ ਦਾ ਇਕ ਹਿੱਸਾ ਵੀ ਵੇਚ ਦਿੱਤਾ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਉਨ੍ਹਾਂ ਦੇ ਘਰ 'ਚ ਉਹ ਇਕੱਲਾ ਬਜ਼ੁਰਗ ਵਿਅਕਤੀ ਹੈ, ਉਸ ਦੀ ਪਤਨੀ, ਨੂੰਹ ਅਤੇ ਬੱਚੇ ਹਨ।

ਇਹ ਵੀ ਪੜ੍ਹੋ : ਬ੍ਰਿਟੇਨ 'ਚ ਕਤਲ ਦੇ ਦੋਸ਼ੀਆਂ ਨੂੰ ਮਿਲੇਗੀ ਸਖ਼ਤ ਸਜ਼ਾ, PM ਸੁਨਕ ਨੇ ਕਰ ਦਿੱਤਾ ਇਹ ਵੱਡਾ ਐਲਾਨ

ਜੋਰਾ ਸਿੰਘ ਨੇ ਦੱਸਿਆ ਕਿ ਢਾਈ ਸਾਲ ਪਹਿਲਾਂ ਉਸ ਦੇ ਭਰਾ ਦੇ ਲੜਕੇ ਦੀ ਵੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ ਸੀ। ਉਸ ਦੀ ਲਾਸ਼ ਬਾਥਰੂਮ ਵਿੱਚੋਂ ਮਿਲੀ ਸੀ। ਉਨ੍ਹਾਂ ਕਿਹਾ ਕਿ ਇੱਥੇ ਨਸ਼ੇ ਖੁੱਲ੍ਹੇਆਮ ਵਿਕਦੇ ਹਨ। ਮ੍ਰਿਤਕ ਦੀ ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਹਾਲਤ ਬਹੁਤ ਮਾੜੀ ਹੋ ਗਈ ਹੈ, ਨਸ਼ੇ ਨੇ ਉਸ ਦਾ ਘਰ ਖਾ ਲਿਆ ਹੈ।

ਇਸ ਮਾਮਲੇ ਵਿੱਚ ਸਮਾਲਸਰ ਥਾਣੇ ਦੇ ਐੱਸਐੱਚਓ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਫਰੀਦਕੋਟ ਮੈਡੀਕਲ ਕਾਲਜ ਤੋਂ ਸੂਚਨਾ ਮਿਲੀ ਸੀ ਕਿ ਮਨਪ੍ਰੀਤ ਦੀ ਓਵਰਡੋਜ਼ ਕਾਰਨ ਮੌਤ ਹੋ ਗਈ ਹੈ, ਜਿਸ 'ਤੇ ਕਾਰਵਾਈ ਕਰਦਿਆਂ ਪਿੰਡ ਦੇ ਹੀ ਭੈਣ-ਭਰਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਕੋਲੋਂ ਨਸ਼ੇ ਵੀ ਬਰਾਮਦ ਹੋਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪਰਿਵਾਰ ਵਾਲਿਆਂ ਨੇ ਉਨ੍ਹਾਂ ਨੂੰ ਦੱਸਿਆ ਕਿ ਕਿਰਨਵੀਰ ਤੇ ਉਸ ਦੇ ਭਰਾ ਤੋਂ ਮਨਪ੍ਰੀਤ ਨਸ਼ਾ ਲੈਂਦਾ ਸੀ, ਜਿਸ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


Mukesh

Content Editor

Related News