ਉਜਾੜੇ ਪਿਆ ਪੰਜਾਬ, ਮਾਪਿਆਂ ਦੇ ਇਕਲੌਤੇ ਪੁੱਤ ਸਕਿੰਦਰਜੀਤ ਦੀ ਭਰੀ ਜਵਾਨੀ ’ਚ ਓਵਰਡੋਜ਼ ਕਾਰਣ ਮੌਤ

Monday, Oct 17, 2022 - 06:32 PM (IST)

ਹਰੀਕੇ ਪੱਤਣ (ਲਵਲੀ) : ਪੰਜਾਬ ਦੀ ਜਵਾਨੀ ਦਿਨੋਂ-ਦਿਨ ਨਸ਼ਿਆਂ ਦੀ ਭੇਟ ਚੜ੍ਹ ਰਹੀ ਹੈ। ਆਏ ਦਿਨ ਕੋਈ ਨਾ ਕੋਈ ਨੌਜਵਾਨ ਨਸ਼ਿਆਂ ਦੀ ਭੇਟ ਚੜ੍ਹ ਜਾਂਦਾ ਹੈ। ਕਸਬਾ ਹਰੀਕੇ ਦੇ ਪਿੰਡ ਮਰਹਾਣਾ ਵਿਖੇ ਇਕ ਨੌਜਵਾਨ ਦੀ ਨਸ਼ੇ ਦੀ ਉਵਰਡੋਜ਼ ਕਾਰਨ ਮੌਤ ਹੋਣ ਦੀ ਸੂਚਨਾ ਮਿਲੀ ਹੈ। ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਸਿਕੰਦਰਜੀਤ ਸਿੰਘ ਪੁੱਤਰ ਨਿਰਮਲ ਸਿੰਘ (26) ਜੋ ਕਿ ਪਿਛਲੇ ਇਕ ਸਾਲ ਤੋਂ ਨਸ਼ੇ ਦਾ ਆਦੀ ਸੀ। ਬੀਤੇ ਕੱਲ ਇਸ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਲੈਣ ਕਾਰਨ ਮੌਤ ਹੋ ਗਈ।

ਇਹ ਵੀ ਪੜ੍ਹੋ : ਦੇਸ਼ ’ਚ 5ਜੀ ਸੇਵਾ ਸ਼ੁਰੂ ਹੋਣ ’ਤੇ ਪੰਜਾਬ ਦੇ ਡੀ. ਜੀ. ਪੀ. ਦਾ ਅਲਰਟ, ਲੋਕਾਂ ਨੂੰ ਦਿੱਤੀ ਵੱਡੀ ਚਿਤਾਵਨੀ

ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਸਿਕੰਦਰਜੀਤ ਸਿੰਘ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਉਸ ਦੇ ਪਿਤਾ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਚੁੱਕੀ ਹੈ। ਇਸ ਸਬੰਧੀ ਪਰਿਵਾਰ ਮੈਂਬਰਾਂ ਵਲੋਂ ਸਰਕਾਰ ਖ਼ਿਲਾਫ ਰੋਸ ਜ਼ਾਹਿਰ ਕੀਤਾ ਗਿਆ ਹੈ ਅਤੇ ਮੰਗ ਕੀਤੀ ਗਈ ਹੈ ਕਿ ਪਿੰਡ ਮਰਹਾਣਾ ਵਿਖੇ ਸ਼ਰੇਆਮ ਵਿਕ ਰਹੇ ਨਸ਼ੇ ਖ਼ਿਲਾਫ਼ ਪੁਲਸ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰ ਰਿਹਾ ਹੈ। 

ਇਹ ਵੀ ਪੜ੍ਹੋ : ਪਟਿਆਲਾ ’ਚ ਰਾਮਲੀਲਾ ਵਾਲੇ ਮੰਚ ’ਤੇ ਹੋਈ ਲੜਾਈ, ਬਰਫ ਵਾਲੇ ਸੂਏ ਮਾਰ-ਮਾਰ ਵਿੰਨ੍ਹ ਦਿੱਤੀ ਛਾਤੀ

ਸ਼ਨੀਵਾਰ ਨੂੰ ਖਡੂਰ ਸਾਹਿਬ ’ਚ ਹੋਈ ਸੀ 18 ਸਾਲਾ ਨੌਜਵਾਨ ਦੀ ਮੌਤ

ਸ਼ਨੀਵਾਰ ਨੂੰ ਖ਼ਡੂਰ ਸਾਹਿਬ ਵਿਚ ਇਕ 18 ਸਾਲਾ ਨੌਜਵਾਨ ਦੀ ਨਸ਼ੇ ਕਾਰਣ ਮੌਤ ਹੋ ਗਈ ਸੀ। ਪਰਿਵਾਰ ਨੇ ਆਪਣੇ ਪੁੱਤਰ ਦੀ ਮੌਤ ਲਈ ਨਸ਼ੇ ਨੂੰ ਜ਼ਿੰਮੇਵਾਰ ਦੱਸਿਆ ਹੈ। ਸ਼ਨੀਵਾਰ ਨੂੰ ਉਕਤ ਨੌਜਵਾਨ ਜਤਿੰਦਰ ਸਿੰਘ ਦੇ ਸਸਕਾਰ ਮੌਕੇ ਨੌਜਵਾਨ ਦੇ ਪਿਤਾ ਜਸਵਿੰਦਰ ਸਿੰਘ ਗ੍ਰੰਥੀ ਭਾਵੁਕ ਹੋ ਗਏ। ਪੁੱਤ ਦੀ ਬਲਦੀ ਚਿਖਾ ਦੇ ਸਾਹਮਣੇ ਹੰਝੂ ਭਰੀਆਂ ਅੱਖਾਂ ਨਾਲ ਸ਼ਮਸ਼ਾਨਘਾਟ ਵਿਚ ਮੌਜੂਦ ਲੋਕਾਂ ਨੂੰ ਇਕਜੁੱਟ ਹੋ ਕੇ ਨਸ਼ੇ ਖ਼ਿਲਾਫ਼ ਆਵਾਜ਼ ਚੁੱਕਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਚਿੱਟੇ ਦੀ ਅੱਗ ਨੇ ਅੱਜ ਪੰਜਾਬ ਦੀ ਨੌਜਵਾਨੀ ਨੂੰ ਬਰਬਾਦ ਕਰਕੇ ਰੱਖ ਦਿੱਤਾ ਹੈ। ਅੱਜ ਜੇ ਸਾਰੇ ਇਕੱਠੇ ਨਾ ਹੋਏ ਤਾਂ ਇਹ ਅੱਗ ਸਾਰਿਆਂ ਦੇ ਘਰਾਂ ਤੱਕ ਪਹੁੰਚ ਜਾਵੇਗੀ। ਗ੍ਰੰਥੀ ਨੇ ਹੰਝੂ ਭਰੀਆਂ ਅੱਖਾਂ ਨਾਲ ਕਿਹਾ ਕਿ ਖਡੂਰ ਸਾਹਿਬ ਜ਼ਿਲ੍ਹੇ ਵਿਚ 15 ਤੋਂ 22 ਸਾਲ ਤੱਕ ਦੇ ਨੌਜਵਾਨ ਖ਼ਤਮ ਹੋ ਚੁੱਕੇ ਹਨ। ਉਸ ਨੇ ਕਈ ਵਾਰ ਨਸ਼ਾ ਕਰ ਰਹੇ ਨੌਜਵਾਨਾਂ ਨੂੰ ਵਰਜਿਆ ਵੀ ਅਤੇ ਚਪੇੜਾਂ ਵੀ ਮਾਰੀਆਂ ਅਤੇ ਨਸ਼ਾ ਨਾ ਕਰਨ ਦੀ ਚਿਤਾਵਨੀ ਵੀ ਦਿੱਤੀ। ਪਿਤਾ ਜਸਵਿੰਦਰ ਨੇ ਕਿਹਾ ਕਿ ਆਉਣ ਵਾਲੀ ਪੀੜ੍ਹੀ ਨੂੰ ਬਚਾਉਣ ਲਈ ਸਾਰਿਆਂ ਨੂੰ ਮਿਲ ਕੇ ਨਸ਼ਾ ਖਰੀਦਣ ਅਤੇ ਵੇਚਣ ਵਾਲਿਆਂ ਦਾ ਵਿਰੋਧ ਕਰਨਾ ਪਵੇਗਾ। ਦੱਸਣਯੋਗ ਹੈ ਕਿ ਜਤਿੰਦਰ ਸਿੰਘ (18) ਦੀ ਲਾਸ਼ ਪਿੰਡ ਦੇ ਨੇੜੇ ਵਹਿਣ ਵਾਲੀ ਨਹਿਰ ਦੀਆਂ ਝਾੜੀਆਂ ’ਚੋਂ ਬਰਾਮਦ ਹੋਈ ਸੀ। ਮ੍ਰਿਤਕ ਦੇ ਚਚੇਰੇ ਭਰਾ ਨੇ ਜਤਿੰਦਰ ਸਿੰਘ ਦੇ ਹੱਥ ’ਤੇ ਸਰਿੰਜ ਦੇ ਨਿਸ਼ਾਨ ਦੇਖ ਕੇ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋਣ ਦੀ ਗੱਲ ਆਖੀ ਸੀ। ਉਧਰ ਮ੍ਰਿਤਕ ਦੇ ਪਿਤਾ ਜਸਵਿੰਦਰ ਸਿੰਘ ਨੇ ਵੀ ਆਖਿਆ ਹੈ ਕਿ ਜਤਿੰਦਰ ਦੀ ਮੌਤ ਨਸ਼ੇ ਕਾਰਣ ਹੀ ਹੋਈ ਹੈ।

ਇਹ ਵੀ ਪੜ੍ਹੋ : ਪਟਿਆਲਾ ’ਚ ਵਾਪਰਿਆ ਵੱਡਾ ਹਾਦਸਾ, ਕਾਰ ਸਵਾਰ ਕੁੜੀ-ਮੁੰਡੇ ਦੀ ਮੌਤ, ਦੇਖੋ ਰੌਂਗਟੇ ਖੜ੍ਹੇ ਕਰਦੀਆਂ ਤਸਵੀਰਾਂ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Gurminder Singh

Content Editor

Related News