ਮੋਟਰ ਤੋਂ ਪਾਣੀ ਪੀਣ ਗਏ 2 ਬੱਚਿਆਂ ਦੀ ਕਰੰਟ ਲੱਗਣ ਨਾਲ ਮੌਤ
Monday, May 27, 2019 - 01:21 AM (IST)

ਡੇਰਾ ਬਾਬਾ ਨਾਨਕ, (ਕੰਵਲਜੀਤ)- ਡਾਲਾ ਵਿਖੇ ਕਰੰਟ ਲੱਗਣ ਕਾਰਨ 2 ਬੱਚਿਆਂ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ। ਇਸ ਸਬੰਧੀ ਬੱਚਿਆਂ ਦੇ ਦਾਦਾ ਜੋਗਿੰਦਰ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਕਰੀਬ 9 ਵਜੇ ਉਹ ਆਪਣੇ ਖੇਤਾਂ ’ਚ ਟਰੈਕਟਰ ਚਲਾ ਰਿਹਾ ਸੀ ਤੇ ਐਤਵਾਰ ਦੀ ਛੁੱਟੀ ਹੋਣ ਕਾਰਨ ਮੇਰੇ ਦੋਵੇਂ ਪੋਤਰੇ ਸੁਖਪ੍ਰੀਤ ਸਿੰਘ (10) ਜੋ ਚੌਥੀ ਜਮਾਤ ਅਤੇ ਹਰਪ੍ਰੀਤ ਸਿੰਘ (8) ਜੋ ਪਹਿਲੀ ਜਮਾਤ ਦਾ ਵਿਦਿਆਰਥੀ ਹੈ, ਆਪਣੇ ਘਰ ਦੇ ਬਾਹਰ ਖੇਡ ਰਹੇ ਸਨ। ਇਸ ਦੌਰਾਨ ਜਦੋਂ ਮੇਰਾ ਛੋਟਾ ਪੋਤਰਾ ਹਰਪ੍ਰੀਤ ਸਿੰਘ ਘਰ ਦੇ ਨਜ਼ਦੀਕ ਚਲਦੀ ਮੋਟਰ ਤੋਂ ਪਾਣੀ ਪੀਣ ਲਈ ਗਿਆ ਤਾਂ ਪਾਣੀ ’ਚ ਆ ਰਹੇ ਕਰੰਟ ਦਾ ਸ਼ਿਕਾਰ ਹੋ ਗਿਆ। ਇਹ ਵੇਖ ਕੇ ਜਦੋਂ ਮੇਰੇ ਵੱਡੇ ਪੋਤਰੇ ਸੁਖਪ੍ਰੀਤ ਸਿੰਘ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਵੀ ਕਰੰਟ ਦੀ ਲਪੇਟ ’ਚ ਆ ਗਿਆ। ਦੋਵਾਂ ਨੂੰ ਜ਼ਮੀਨ ’ਤੇ ਡਿੱਗਿਆ ਵੇਖ ਕੇ ਮੈਂ ਉਨ੍ਹਾਂ ਨੂੰ ਬਚਾਉਣ ਲਈ ਦੌਡ਼ਿਆ ਪਰ ਉਸ ਦੇ ਪਹੁੰਚਣ ਤੋਂ ਪਹਿਲਾਂ ਹੀ ਦੋਵਾਂ ਭਰਾਵਾਂ ਦੀ ਮੌਤ ਹੋ ਚੁਕੀ ਸੀ। ਜੋਗਿੰਦਰ ਸਿੰਘ ਨੇ ਦੱਸਿਆ ਕਿ ਬੱਚਿਆਂ ਦਾ ਪਿਤਾ ਮਾਸਕਟ ਵਿਖੇ ਨੌਕਰੀ ਕਰਦਾ ਹੈ ਤੇ ਉਸ ਨੂੰ ਇਸ ਹਾਦਸੇ ਦੀ ਜਾਣਕਾਰੀ ਦੇ ਦਿੱਤੀ ਗਈ ਹੈ।