8 ਸਾਲ ਦੌਰਾਨ ਪਿੰਡਾਂ ''ਚ ਕੈਂਸਰ ਨਾਲ 300 ਤੇ ਦਮੇ ਨਾਲ 172 ਲੋਕਾਂ ਦੀ ਮੌਤ

01/02/2018 1:49:34 PM

ਹੁਸ਼ਿਆਰਪੁਰ (ਘੁੰਮਣ)— ਜ਼ਿਲਾ ਹੁਸ਼ਿਆਰਪੁਰ ਦੇ ਪੋਸੀ ਮੁੱਢਲੇ ਸਿਹਤ ਕੇਂਦਰ ਅਧੀਨ ਆਉਂਦੇ 3 ਮਿੰਨੀ ਮੁੱਢਲੇ ਸਿਹਤ ਕੇਂਦਰਾਂ, 32 ਸਬ ਸੈਂਟਰਾਂ, ਇਕ ਕਮਿਊਨਿਟੀ ਹੈਲਥ ਸੈਂਟਰ, 2 ਰੂਰਲ ਹਸਪਾਲ ਅਤੇ ਇਕ ਮੁੱਢਲਾ ਸਿਹਤ ਕੇਂਦਰ ਹੋਣ ਦੇ ਬਾਵਜੂਦ ਸੈਂਟਰ ਦੇ ਅਧੀਨ 152 ਪਿੰਡਾਂ 'ਚ ਪ੍ਰਦੂਸ਼ਿਤ ਪੀਣ ਵਾਲੇ ਪਾਣੀ ਦੇ ਚੱਲਦਿਆਂ ਬੀਮਾਰੀਆਂ 'ਚ ਕਾਫੀ ਵਾਧਾ ਹੋਇਆ ਹੈ। ਹੈਲਥ ਕੇਅਰ ਮੂਵਮੈਂਟ ਪੰਜਾਬ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਮੁੱਢਲੇ ਸਿਹਤ ਕੇਂਦਰ ਪੋਸੀ ਤੇ ਸਿਵਲ ਸਰਜਨ ਦਫਤਰ ਹੁਸ਼ਿਆਰਪੁਰ ਤੋਂ ਜੋ ਜਾਣਕਾਰੀ ਆਰ. ਟੀ. ਆਈ. ਐਕਟ ਤਹਿਤ ਪ੍ਰਾਪਤ ਕੀਤੀ ਹੈ, ਉਹ ਕਾਫੀ ਚਿੰਤਾਜਨਕ ਹੈ। 31 ਮਾਰਚ 2009 ਤੋਂ ਲੈ ਕੇ 10 ਮਾਰਚ 2017 ਤੱਕ ਕੁੱਲ 11,144 ਵਿਅਕਤੀਆਂ ਦੀ ਮੌਤ ਹੋਈ ਸੀ। ਇਨ੍ਹਾਂ ਵਿਚੋਂ ਕੈਂਸਰ ਪੀੜਤਾਂ ਦੀ ਗਿਣਤੀ 283 ਅਤੇ ਸਾਹ ਦੇ ਰੋਗਾਂ ਨਾਲ ਮਰਨ ਵਾਲਿਆਂ ਦੀ ਗਿਣਤੀ 172 ਸੀ। ਇਸ ਸਮੇਂ ਦੌਰਾਨ ਇਨ੍ਹਾਂ ਪਿੰਡਾਂ ਵਿਚ ਜਨਮ ਲੈਣ ਵਾਲੇ ਨਵਜੰਮ੍ਹੇ ਬੱਚਿਆਂ ਵਿਚੋਂ 105 ਮੰਦਬੁੱਧੀ ਪਾਏ ਗਏ। ਆਰ. ਟੀ. ਆਈ. ਰਾਹੀਂ ਪ੍ਰਾਪਤ ਜਾਣਕਾਰੀ ਦਿੰਦਿਆਂ ਜੈ ਗੋਪਾਲ ਧੀਮਾਨ ਨੇ ਦੱਸਿਆ ਕਿ ਇਸ ਸਮੇਂ ਦੌਰਾਨ ਪੰਜਾਬ ਸਰਕਾਰ ਵੱਲੋਂ ਪੋਸੀ ਦੇ ਅਧੀਨ ਸਿਹਤ ਕੇਂਦਰਾਂ ਲਈ 1,07,87,000 ਦੀ ਰਾਸ਼ੀ ਜਾਰੀ ਕੀਤੀ ਗਈ ਸੀ। 
ਪਾਣੀ ਦੇ 449 ਸੈਂਪਲਾਂ ਵਿਚੋਂ 216 ਪਾਏ ਗਏ ਫੇਲ : ਵਿਭਾਗ ਵੱਲੋਂ ਵੱਖ-ਵੱਖ ਪਿੰਡਾਂ 'ਚ 449 ਪੀਣ ਵਾਲੇ ਪਾਣੀ ਦੇ ਸੈਂਪਲ ਭਰੇ ਗਏ ਸਨ, ਜਿਨ੍ਹਾਂ ਵਿਚੋਂ 216 ਸੈਂਪਲ ਫੇਲ ਹੋ ਗਏ। ਜਦਕਿ 32 ਦਾ ਨਤੀਜਾ ਆਉਣਾ ਅਜੇ ਬਾਕੀ ਹੈ। 
ਡਿਪਟੀ ਕਮਿਸ਼ਨਰ ਨੇ ਮੰਗੀ ਸਿਵਲ ਸਰਜਨ ਤੇ ਪ੍ਰਦੂਸ਼ਨ ਕੰਟੋਰਲ ਬੋਰਡ ਤੋਂ ਰਿਪੋਰਟ : ਇਸ ਸਬੰਧ 'ਚ ਡਿਪਟੀ ਕਮਿਸ਼ਨਰ ਵਿਪੁਲ ਉਜਵਲ ਨੇ ਦੱਸਿਆ ਕਿ ਹੈਲਥ ਕੇਅਰ ਮੂਵਮੈਂਟ ਵੱਲੋਂ ਉਨ੍ਹਾਂ ਨੂੰ ਜੋ ਮੰਗ ਪੱਤਰ ਦਿੱਤਾ ਗਿਆ, ਉਸਦੇ ਸਬੰਧ 'ਚ ਮੈਂ ਸਿਵਲ ਸਰਜਨ ਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੂੰ ਜਲਦ ਲੋੜੀਂਦੀ ਜਾਣਕਾਰੀ ਦੇਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਸਿਵਲ ਸਰਜਨ ਨੂੰ ਪੋਸੀ ਬਲਾਕ ਦੇ ਪਿੰਡਾਂ 'ਚ ਕੈਂਸਰ ਦੀ ਰੋਕਥਾਮ ਲਈ ਜਾਗਰੂਕਤਾ ਮੁਹਿੰਮ ਅਧੀਨ ਕੈਂਪ ਲਾ ਕੇ ਕੈਂਸਰ ਦੇ ਲੱਛਣ ਤੇ ਇਸਦੀ ਰੋਕਥਾਮ ਸਬੰਧੀ ਜਾਣਕਾਰੀ ਲਈ ਵਿਸ਼ੇਸ਼ ਕੈਂਪ ਲਾਉਣ ਲਈ ਕਿਹਾ ਗਿਆ ਹੈ।


Related News