ਜ਼ਹਿਰੀਲੀ ਦਵਾਈ ਨਿਗਲਣ ਕਾਰਨ 24 ਸਾਲਾ ਕੁੜੀ ਦੀ ਮੌਤ

Sunday, Nov 17, 2024 - 04:46 PM (IST)

ਪਾਇਲ (ਵਿਨਾਇਕ) : ਥਾਣਾ ਪਾਇਲ ਅਧੀਨ ਪੈਂਦੇ ਪਿੰਡ ਅਲੂਣਾ ਮਿਆਨਾ ਦੀ ਇਕ 24 ਸਾਲਾ ਕੁੜੀ ਦੀ ਅਚਾਨਕ ਗਲਤੀ ਨਾਲ ਕੋਈ ਜ਼ਹਿਰੀਲੀ ਦਵਾਈ ਨਿਗਲਣ ਕਾਰਨ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਪਲਵਿੰਦਰ ਕੌਰ ਪੁੱਤਰੀ ਸੁਖਦੇਵ ਸਿੰਘ ਵਾਸੀ ਪਿੰਡ ਅਲੂਣਾ ਮਿਆਨਾ, ਜ਼ਿਲ੍ਹਾ ਲੁਧਿਆਣਾ ਵਜੋਂ ਹੋਈ ਹੈ। ਪਾਇਲ ਪੁਲਸ ਕੋਲ ਬਿਆਨ ਦਰਜ ਕਰਵਾਉਂਦੇ ਹੋਏ ਮ੍ਰਿਤਕਾ ਦੇ ਪਿਤਾ ਸੁਖਦੇਵ ਸਿੰਘ ਨੇ ਦੱਸਿਆ ਕਿ ਉਹ ਕੰਬਾਇਨ ‘ਤੇ ਬਤੌਰ ਹੈਲਪਰ ਕੰਮ ਕਰਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦਾ ਹੈ। ਉਸਦੇ 2 ਬੱਚੇ ਵੱਡੀ ਧੀ ਅਤੇ ਛੋਟਾ ਪੁੱਤਰ ਹੈ। ਮ੍ਰਿਤਕਾ ਪਲਵਿੰਦਰ ਕੌਰ ਸਿਲਾਈ-ਕਢਾਈ ਦਾ ਕੰਮ ਘਰ ਵਿਚ ਹੀ ਕਰਦੀ ਸੀ ਅਤੇ ਦਿਮਾਗੀ ਤੌਰ 'ਤੇ ਪਰੇਸ਼ਾਨ ਰਹਿੰਦੀ ਸੀ। ਉਹ ਕੰਬਾਇਨ 'ਤੇ ਕੰਮ ਕਰਨ ਲਈ ਪਿੰਡ ਨਸਰਾਲੀ ਗਿਆ ਹੋਇਆ ਸੀ ਅਤੇ ਉਸ ਦੀ ਪਤਨੀ ਪਰਮਜੀਤ ਕੌਰ ਪਿੰਡ ਦੇ ਗੁਰਦੁਆਰਾ ਸਾਹਿਬ ਵਿਚ ਮੱਥਾ ਟੇਕਣ ਲਈ ਗਈ ਹੋਈ। ਉਸ ਦਾ ਪੁੱਤ ਗੁਰਵਿੰਦਰ ਸਿੰਘ ਕੰਮ ‘ਤੇ ਦੋਰਾਹਾ ਗਿਆ ਹੋਇਆ ਸੀ। ਸਵੇਰੇ 10.30 ਵਜੇ ਜਦੋਂ ਉਸਦੀ ਪਤਨੀ ਪਰਮਜੀਤ ਕੌਰ ਘਰ ਪੁੱਜੀ ਤਾਂ ਉਸਦੀ ਧੀ ਉਲਟੀਆਂ ਕਰ ਰਹੀ ਸੀ ਅਤੇ ਉਸਦੇ ਮੂੰਹ ਵਿੱਚੋਂ ਝੱਗ ਨਿਕਲ ਰਹੀ ਸੀ। ਉਸ ਨੂੰ ਇਲਾਜ ਲਈ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਇਸ ਘਟਨਾ ਦੇ ਸਬੰਧ ਵਿੱਚ ਥਾਣਾ ਪਾਇਲ ਦੇ ਏ. ਐੱਸ. ਆਈ. ਸੁਰਜੀਤ ਸਿੰਘ ਵੱਲੋਂ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ। 
ਕੀ ਕਹਿੰਦੇ ਹਨ ਪੁਲਸ ਜਾਂਚ ਅਧਿਕਾਰੀ?

ਇਸ ਘਟਨਾ ਸਬੰਧੀ ਮਾਮਲੇ ਦੀ ਜਾਂਚ ਕਰ ਰਹੇ ਏ. ਐੱਸ. ਆਈ. ਸੁਰਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਇਸ ਮਾਮਲੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਮ੍ਰਿਤਕਾ ਦੇ ਪਿਤਾ ਸੁਖਦੇਵ ਸਿੰਘ ਨੇ ਪੁਲਸ ਨੂੰ ਸੂਚਿਤ ਕੀਤਾ ਕਿ ਉਸਦੀ ਧੀ ਨੇ ਅਚਾਨਕ ਗਲਤੀ ਨਾਲ ਕੋਈ ਜ਼ਹਿਰੀਲੀ ਦਵਾਈ ਨਿਗਲ ਲਈ ਗਈ, ਜਦੋਂ ਉਹ ਘਰ ਵਿੱਚ ਇਕੱਲੀ ਸੀ। ਬਾਅਦ ਵਿੱਚ ਜਦੋਂ ਉਸਦੀ ਪਤਨੀ ਉਸ ਨੂੰ ਚੁੱਕ ਕੇ ਹਸਪਤਾਲ ਲੈ ਕੇ ਗਈ ਤਾਂ ਉਸ ਦੀ ਮੌਤ ਹੋ ਗਈ। 


Babita

Content Editor

Related News