ਕਰੰਟ ਲੱਗਣ ਕਾਰਨ ਨੌਜਵਾਨ ਦੀ ਹੋਈ ਮੌਤ
Monday, May 04, 2020 - 08:03 PM (IST)
ਰਾਜਾਸਾਂਸੀ (ਰਾਜਵਿੰਦਰ) : ਥਾਣਾ ਰਾਜਾਸਾਂਸੀ ਅਧੀਨ ਪੈਂਦੇ ਪਿੰਡ ਦੁੱਧਰਾਏ 'ਚ ਕਰੰਟ ਲੱਗਣ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ। ਇਸ ਸਬੰਧੀ ਮ੍ਰਿਤਕ ਦੇ ਪਿਤਾ ਅਜੀਤ ਸਿੰਘ ਪੁੱਤਰ ਗੁਰਦਿੱਤ ਸਿੰਘ ਵਾਸੀ ਦੁੱਧਰਾਏ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਅੰਗਰੇਜ ਸਿੰਘ ਉਮਰ 40 ਸਾਲ ਖੇਤੀਬਾੜੀ ਦਾ ਕੰਮ ਕਰਦਾ ਸੀ। ਉਨ੍ਹਾਂ ਦੱਸਿਆ ਕਿ ਸ਼ਾਮ 4.30 ਵਜੇ ਦੇ ਕਰੀਬ ਮਹਿਕਮਾ ਬਿਜਲੀ ਦੇ ਮੁਲਾਜ਼ਮ ਬਲਜੀਤ ਸਿੰਘ ਵਾਸੀ ਜੋਸ਼ ਮੁਹਾਰ ਅਤੇ ਗੁਰਦੇਵ ਸਿੰਘ ਵਾਸੀ ਝੰਜੋਟੀ ਨੇ ਉਨ੍ਹਾਂ ਦੇ ਬੇਟੇ ਨੂੰ ਫੋਨ ਕਰਕੇ ਬੁਲਾਇਆ ਅਤੇ ਫਿਰ ਮੇਰੇ ਲੜਕੇ ਨੂੰ ਪਰਮਿਟ ਲਏ ਬਿਨਾਂ ਹੀ ਬਿਜਲੀ ਦਾ ਕੰਮ ਕਰਨ ਲਈ ਪੋਲ 'ਤੇ ਚਾੜ੍ਹ ਦਿੱਤਾ।
ਕਰੰਟ ਲੱਗਣ ਕਾਰਨ ਅੰਗਰੇਜ ਸਿੰਘ ਜ਼ਮੀਨ 'ਤੇ ਡਿੱਗ ਪਿਆ। ਮੌਕੇ 'ਤੇ ਮੌਜੂਦ ਲੋਕਾਂ ਵੱਲੋਂ ਇਲਾਜ ਲਈ ਹਸਪਤਾਲ 'ਚ ਲਿਜਾਇਆ ਗਿਆ, ਜਿੱਥੇ ਰਸਤੇ 'ਚ ਹੀ ਮੌਤ ਹੋ ਗਈ। ਦੋਵੇਂ ਬਿਜਲੀ ਕਰਮਚਾਰੀ ਵਾਰਦਾਤ ਵਾਲੀ ਜਗ੍ਹਾਂ ਤੋਂ ਫਰਾਰ ਹੋ ਗਏ। ਪੀੜਤ ਪਰਿਵਾਰ ਵੱਲੋਂ ਬਿਜਲੀ ਬੋਰਡ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਜਿੰਨਾਂ ਬਿਜਲੀ ਬੋਰਡ ਦੇ ਅਧਿਕਾਰੀਆਂ ਦੀ ਅਣਗਹਿਲੀ ਕਰਕੇ ਮੌਤ ਹੋਈ ਹੈ, ਉਨ੍ਹਾਂ ਨੂੰ ਜਲਦ ਤੋਂ ਜਲਦ ਨੌਕਰੀ ਤੋਂ ਬਰਖਾਸ਼ਤ ਕੀਤਾ ਜਾਵੇ ਤਾਂ ਕਿ ਉਹ ਡਿਊਟੀ ਦੌਰਾਨ ਕਿਸੇ ਦੀ ਜਾਨ ਨਾਲ ਖਿਲਵਾੜ ਨਾ ਕਰ ਸਕਣ। ਇਸ ਸਬੰਧੀ ਏ. ਐੱਸ. ਆਈ. ਅਗਿਆਪਾਲ ਸਿੰਘ ਚੌਕੀ ਇੰਚਾਰਜ ਕੁੱਕੜਾਂਵਾਲਾ ਨੇ ਦੱਸਿਆ ਕਿ ਪੀੜਤ ਪਰਿਵਾਰ ਦੇ ਬਿਆਨਾਂ 'ਤੇ ਬਲਜੀਤ ਸਿੰਘ ਲਾਈਨਮੈਨ ਅਤੇ ਸਹਾਇਕ ਲਾਈਨਮੈਨ ਗੁਰਦੇਵ ਸਿੰਘ ਦੋਵਾਂ 'ਤੇ ਮੁਕੱਦਮਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।