ਅਬੋਹਰ ਨੇੜੇ 2 ਸਾਲਾ ਬੱਚੇ ਦੀ ਛੱਪਡ਼ ’ਚ ਡੁੱਬਣ ਨਾਲ ਮੌਤ ; ਪਿੰਡ ’ਚ ਸੋਗ ਦੀ ਲਹਿਰ

06/20/2019 2:15:15 AM

ਅਬੋਹਰ, (ਜ. ਬ.)– ਜ਼ਿਲਾ ਸੰਗਰੂਰ ਦੇ ਪਿੰਡ ਭਗਵਾਨਪੁਰਾ ’ਚ ਬੋਰਵੈੱਲ ਵਿਚ ਡਿੱਗਣ ਕਾਰਣ ਹੋਈ ਫਤਿਹਵੀਰ ਦੀ ਮੌਤ ਨੂੰ ਤਾਂ ਅਜੇ ਲੋਕ ਭੁੱਲੇ ਵੀ ਨਹੀਂ ਸੀ ਕਿ ਮੰਗਲਵਾਰ ਨੂੰ ਬੱਲੂਆਣਾ ਵਿਧਾਨ ਸਭਾ ਖੇਤਰ ਦੇ ਪਿੰਡ ਧਰਮਪੁਰਾ ਵਿਚ ਇਕ ਹੋਰ ਮਾਸੂਮ ਆਪਣੇ ਪਰਿਵਾਰ ਵਾਲਿਆਂ ਦੀ ਲਾਪ੍ਰਵਾਹੀ ਦੀ ਭੇਟ ਚਡ਼੍ਹ ਗਿਆ। ਪੂਰਾ ਪਰਿਵਾਰ ਸੋਸ਼ਲ ਮੀਡੀਆ ਅਤੇ ਪਿੰਡ ’ਚ ਇਧਰ-ਉਧਰ ਭਾਲਦਾ ਰਿਹਾ ਪਰ ਬੱਚਾ ਘਰ ਸਾਹਮਣੇ ਹੀ ਬਣੇ ਛੱਪਡ਼ ’ਚ ਡੁੱਬ ਗਿਆ। ਜਾਣਕਾਰੀ ਅਨੁਸਾਰ ਪਿੰਡ ਧਰਮਪੁਰਾ ਵਾਸੀ 2 ਸਾਲਾ ਹਰਮਨ ਪੁੱਤਰ ਗੁਰਪ੍ਰੀਤ ਸਿੰਘ ਬੀਤੇ ਦਿਨੀਂ ਮੰਗਲਵਾਰ ਸ਼ਾਮ 4 ਵਜੇ ਘਰ ਦੇ ਬਾਹਰ ਆਪਣੇ ਵੱਡੇ ਭਰਾ ਅਨਮੋਲ ਦੇ ਨਾਲ ਖੇਡ ਰਿਹਾ ਸੀ। ਕੁਝ ਦੇਰ ਬਾਅਦ ਜਦ ਮਾਪਿਆਂ ਨੇ ਬੱਚੇ ਨੂੰ ਭਾਲਿਆ ਤਾਂ ਬੱਚਾ ਨਹੀਂ ਮਿਲਿਆ। ਫਿਰ ਨੇਡ਼ੇ-ਤੇਡ਼ੇ ਦੇ ਲੋਕਾਂ ਦਾ ਸ਼ੱਕ ਸਾਹਮਣੇ ਬਣੇ ਛੱਪਡ਼ ’ਚ ਗਿਆ। ਸੂਚਨਾ ਮਿਲਦੇ ਹੀ ਸੈਂਕਡ਼ੇ ਪਿੰਡ ਵਾਸੀ ਛੱਪਡ਼ ਦੇ ਆਲੇ-ਦੁਆਲੇ ਇਕੱਠੇ ਹੋ ਗਏ ਅਤੇ ਪਰਿਵਾਰ ਦੀ ਮਦਦ ਲਈ ਟਰੈਕਟਰ ਦੀ ਮਦਦ ਨਾਲ ਛੱਪਡ਼ ’ਚੋਂ ਪਾਣੀ ਬਾਹਰ ਕੱਢਿਆ। ਇਸ ਤੋਂ ਬਾਅਦ ਪਾਣੀ ਘੱਟ ਹੁੰਦੇ ਹੀ 3-4 ਨੌਜਵਾਨ ਛੱਪਡ਼ ’ਚ ਗਏ, ਜਿਨ੍ਹਾਂ ਨੇ ਬੱਚੇ ਨੂੰ ਛੱਪਡ਼ ’ਚੋਂ ਬਾਹਰ ਕੱਢਿਆ ਤਾਂ ਬੱਚਾ ਦਮ ਤੋਡ਼ ਚੁੱਕਾ ਸੀ। ਪਿੰਡ ਵਾਸੀਆਂ ’ਚ ਬੱਚੇ ਦੀ ਮੌਤ ਤੋਂ ਬਾਅਦ ਸੋਗ ਦੀ ਲਹਿਰ ਫੈਲ ਗਈ। ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਪਿੰਡ ਦੀ ਪੰਚਾਇਤ ਤੋਂ ਮੰਗ ਕੀਤੀ ਹੈ ਕਿ ਛੱਪਡ਼ ਦੀ ਚਾਰਦੀਵਾਰੀ ਹੋਣੀ ਚਾਹੀਦੀ ਹੈ ਤਾਂ ਕਿ ਸਾਡੇ ਬੱਚੇ ਦੀ ਤਾਂ ਮੌਤ ਹੋ ਗਈ ਹੈ ਪਰ ਕਿਸੇ ਹੋਰ ਬੱਚੇ ਦਾ ਨੁਕਸਾਨ ਨਾ ਹੋ ਸਕੇ। ਬੱਚੇ ਨੂੰ ਦਫਨਾ ਦਿੱਤਾ ਗਿਆ ਹੈ।

ਪੰਚਾਇਤ ਕਰਵਾਏਗੀ ਛੱਪੜ ਦੀ ਚਾਰਦੀਵਾਰੀ : ਕ੍ਰਿਸ਼ਨ ਲਾਲ

ਪਿੰਡ ਦੀ ਸਰਪੰਚ ਸੁਮਿਤਰਾ ਦੇਵੀ ਦੇ ਪਤੀ ਕ੍ਰਿਸ਼ਨ ਲਾਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਬੱਚੇ ਦੀ ਮੌਤ ਦਾ ਉਨ੍ਹਾਂ ਨੂੰ ਕਾਫੀ ਦੁੱਖ ਹੈ। ਉਹ ਅੱਜ ਵੀ ਉਨ੍ਹਾਂ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰ ਕੇ ਆਏ ਹਨ। ਪੰਚਾਇਤ ਬਣੇ ਨੂੰ ਅਜੇ ਕੁਝ ਹੀ ਸਮਾਂ ਹੋਇਆ ਹੈ ਅਤੇ ਬਾਅਦ ’ਚ ਚੋਣ ਜ਼ਾਬਤਾ ਲਗਣ ਕਾਰਣ ਅਸੀਂ ਪਿੰਡ ਦੇ ਵਿਕਾਸ ਕੰਮ ਅਜੇ ਸ਼ੁਰੂ ਨਹੀਂ ਕਰ ਸਕੇ। ਉਨ੍ਹਾਂ ਕਿਹਾ ਕਿ ਪਹਿਲ ਦੇ ਆਧਾਰ ’ਤੇ ਮਤਾ ਬਣਾ ਕੇ ਪਿੰਡ ਦੇ ਛੱਪਡ਼ ਦੀ ਚਾਰਦੀਵਾਰੀ ਕਰਵਾਈ ਜਾਵੇਗੀ। ਚਾਰਦੀਵਾਰੀ ਤੋਂ ਪਹਿਲਾਂ ਹੀ ਛੱਪਡ਼ ਦੇ ਚਾਰੇ ਪਾਸੇ ਪੋਲ ਲਾ ਕੇ ਤਾਰਬੰਦੀ ਕਰਵਾ ਦਿੱਤੀ ਜਾਵੇਗੀ ਤਾਂ ਕਿ ਕੋਈ ਹਾਦਸਾ ਨਾ ਹੋ ਸਕੇ।

ਕੀ ਕਹਿਣਾ ਹੈ ਉਪਮੰਡਲ ਅਧਿਕਾਰੀ ਦਾ

ਇਸ ਬਾਰੇ ਉਪਮੰਡਲ ਅਧਿਕਾਰੀ ਪੂਨਮ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਬੱਚੇ ਦੀ ਮੌਤ ’ਤੇ ਸੋਗ ਪ੍ਰਗਟ ਕਰਦੇ ਹੋਏ ਕਿਹਾ ਕਿ ਇਸ ਮਾਮਲੇ ’ਚ ਉਨ੍ਹਾਂ ਬਲਾਕ ਵਿਕਾਸ ਪੰਚਾਇਤ ਅਧਿਕਾਰੀ ਨੂੰ ਜਾਂਚ-ਪਡ਼ਤਾਲ ਲਈ ਨਿਰਦੇਸ਼ ਦੇ ਦਿੱਤੇ ਹਨ। ਬਲਾਕ ਵਿਕਾਸ ਪੰਚਾਇਤ ਅਧਿਕਾਰੀ ਦੀ ਰਿਪੋਰਟ ਤੋਂ ਬਾਅਦ ਅਗਲੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਵੀ ਸੰਗਰੂਰ ਦੇ ਭਗਵਾਨਪੁਰਾ ’ਚ ਹੋਏ ਹਾਦਸੇ ਤੋਂ ਬਾਅਦ ਉਨ੍ਹਾਂ ਇਲਾਕੇ ’ਚ ਹਿੰਮਤਪੁਰਾ, ਰਾਜਾਂਵਾਲੀ ’ਚ ਜਿਹਡ਼ੇ ਖੁੱਲ੍ਹੇ ਬੋਰਵੈੱਲ ਬੰਦ ਕਰਵਾ ਦਿੱਤੇ ਸੀ। ਇਸ ਦੇ ਨਾਲ ਹੀ ਉਨ੍ਹਾਂ ਆਲਮਗਡ਼੍ਹ ’ਚ ਸੁੱਕੇ ਖੂਹ ਦੀ ਵੀ ਚਾਰਦੀਵਾਰੀ ਕਰਵਾ ਕੇ ਬੰਦ ਕਰਵਾ ਦਿੱਤਾ ਹੈ। ਜੇਕਰ ਤੁਹਾਡੇ ਪਿੰਡ ਜਾਂ ਨੇਡ਼ੇ-ਤੇਡ਼ੇ ਦੇ ਖੇਤਰ ’ਚ ਕੋਈ ਖੁੱਲ੍ਹਾ ਬੋਰਵੈੱਲ ਜਾਂ ਖੂਹ ਹੈ ਤਾਂ ਉਸ ਦੀ ਜਾਣਕਾਰੀ ਪ੍ਰਸ਼ਾਸਨ ਨੂੰ ਦਿੱਤੀ ਜਾਵੇ।


Bharat Thapa

Content Editor

Related News