ਮੋਟਰਸਾਈਕਲ ਸਵਾਰ ਦੀ ਸੜਕ ਹਾਦਸੇ ’ਚ ਮੌਤ
Monday, Jan 20, 2025 - 12:34 PM (IST)
ਫਿਰੋਜ਼ਪੁਰ (ਕੁਮਾਰ) : ਇਕ 24 ਸਾਲਾ ਮੋਟਰਸਾਈਕਲ ਸਵਾਰ ਦੀ ਸੜਕ ਹਾਦਸੇ ’ਚ ਮੌਤ ਹੋ ਗਈ ਹੈ। ਇਸ ਘਟਨਾ ਦੇ ਸਬੰਧੀ ਥਾਣਾ ਤਲਵੰਡੀ ਭਾਈ ਦੀ ਪੁਲਸ ਵੱਲੋਂ ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਤੇ ਉਸਦੀ ਭਾਲ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਬਲੌਰ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਮਹਿੰਦਰ ਸਿੰਘ ਪੁੱਤਰ ਵੀਰ ਸਿੰਘ ਵਾਸੀ ਪਿੰਡ ਹਰਾਜ ਨੇ ਪੁਲਸ ਨੂੰ ਦਿੱਤੇ ਬਿਆਨ ’ਚ ਦੱਸਿਆ ਹੈ ਕਿ ਉਸਦਾ ਪੋਤਾ ਜਗਰੂਪ ਸਿੰਘ (24) ਪੁੱਤਰ ਮਹਿੰਦਰ ਸਿੰਘ ਕਿਸੇ ਕੰਮ ਲਈ ਘਰ ਤੋਂ ਮੋਟਰਸਾਈਕਲ ’ਤੇ ਤਲਵੰਡੀ ਭਾਈ ਗਿਆ ਸੀ।
ਵਾਪਸੀ ਸਮੇਂ ਪਿੰਡ ਕਰਮਿੱਤੀ ਦੇ ਗੇਟ ਦੇ ਕੱਟ ਦੇ ਕੋਲ ਕਿਸੇ ਅਣਪਛਾਤੇ ਤੇਜ਼ ਰਫ਼ਤਾਰ ਤੇ ਲਾਪਰਵਾਹੀ ਨਾਲ ਆ ਰਹੇ ਵਾਹਨ ਚਾਲਕ ਨੇ ਉਸਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਇਸ ਨਾਲ ਜਗਰੂਪ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਵਾਹਨ ਚਾਲਕ ਉੱਥੋਂ ਫ਼ਰਾਰ ਹੋ ਗਿਆ।