ਲੁਧਿਆਣਾ : ਜਨਮਦਿਨ ਦੀ ਪਾਰਟੀ ''ਚ 4 ਲੋਕਾਂ ਦੀ ਮੌਤ, ਇਲਾਕੇ ''ਚ ਮਚੀ ਹਾਹਾਕਾਰ (ਵੀਡੀਓ)

02/18/2018 1:29:32 AM

ਲੁਧਿਆਣਾ(ਪੰਕਜ)-ਥਾਣਾ ਫੋਕਲ ਪੁਆਇੰਟ ਦੇ ਅਧੀਨ ਪੈਂਦੀ ਈਸ਼ਵਰ ਕਾਲੋਨੀ ਵਿਚ ਸ਼ੁੱਕਰਵਾਰ ਦੇਰ ਰਾਤ ਹੋਈ ਦਿਲ ਨੂੰ ਹਿਲਾ ਦੇਣ ਵਾਲੀ ਘਟਨਾ ਵਿਚ ਦੋ ਸਕੇ ਭਰਾਵਾਂ ਸਮੇਤ 4 ਲੋਕਾਂ ਦੀ ਛੱਤ ਤੋਂ ਲੰਘ ਰਹੀਆਂ ਹਾਈਟੈਂਸ਼ਨ ਤਾਰਾਂ ਦੀ ਲਪੇਟ ਵਿਚ ਆਉਣ ਨਾਲ ਸੜ ਕੇ ਮੌਕੇ 'ਤੇ ਹੀ ਮੌਤ ਹੋਣ ਦੀ ਖਬਰ ਹੈ। ਘਟਨਾ ਸਥਾਨ ਤੋਂ ਮਿਲੀ ਜਾਣਕਾਰੀ ਅਨੁਸਾਰ ਈਸ਼ਵਰ ਕਾਲੋਨੀ ਵਿਚ ਰਹਿਣ ਵਾਲੇ ਰਣਜੀਤ ਸਿੰਘ ਦੀ ਬੇਟੀ ਸਪਨਾ (8) ਦਾ ਸ਼ੁੱਕਰਵਾਰ ਨੂੰ ਜਨਮ ਦਿਨ ਹੋਣ ਕਾਰਨ ਪਰਿਵਾਰ ਨੇ ਘਰ ਵਿਚ ਹੀ ਪ੍ਰੋਗਰਾਮ ਰੱਖਿਆ ਹੋਇਆ ਸੀ। ਰਣਜੀਤ ਦੇ ਸਕੇ ਭਰਾ ਸਰਬਜੀਤ ਨੇ ਜਨਮ ਦਿਨ ਦੀ ਪਾਰਟੀ ਵਿਚ ਸ਼ਾਮਲ ਹੋਣ ਲਈ ਆਪਣੇ ਦੋਸਤਾਂ ਅਮਰਜੀਤ ਤੇ ਮੰਕੁਸ਼ ਨੂੰ ਵੀ ਸੱਦਾ ਦਿੱਤਾ ਸੀ। ਜਨਮ ਦਿਨ ਦਾ ਕੇਕ ਕੱਟਣ ਤੋਂ ਬਾਅਦ ਰਣਜੀਤ, ਸਰਬਜੀਤ, ਅਮਰਜੀਤ ਅਤੇ ਮੰਕੁਸ਼ ਚਾਰੇ ਘਰ ਦੀ ਛੱਤ 'ਤੇ ਪੈੱਗ ਲਾਉਣ ਲਈ ਚਲੇ ਗਏ। ਪੁਲਸ ਮੁਤਾਬਕ ਕਿਸੇ ਗੱਲ ਨੂੰ ਲੈ ਕੇ ਇਨ੍ਹਾਂ ਦੀ ਆਪਸ ਵਿਚ ਬਹਿਸਬਾਜ਼ੀ ਹੋ ਗਈ। ਇਸੇ ਦੌਰਾਨ ਧੱਕਾ-ਮੁੱਕੀ ਵਿਚ ਸਰਬਜੀਤ ਛੱਤ ਤੋਂ ਲੰਘ ਰਹੀਆਂ ਹਾਈਟੈਂਸ਼ਨ ਤਾਰਾਂ ਦੀ ਲਪੇਟ ਵਿਚ ਆ ਗਿਆ, ਜਿਸ ਨੂੰ ਬਚਾਉਣ ਲਈ ਰਣਜੀਤ ਅੱਗੇ ਵਧਿਆ ਤਾਂ ਉਸ ਨੂੰ ਵੀ ਤਾਰਾਂ ਨੇ ਲਪੇਟ ਵਿਚ ਲੈ ਲਿਆ। ਦੋਸਤਾਂ ਨੂੰ ਬਚਾਉਣ ਦੇ ਚੱਕਰ ਵਿਚ ਅਮਰਜੀਤ ਅਤੇ ਮੰਕੁਸ਼ ਵੀ ਹਾਦਸੇ ਦਾ ਸ਼ਿਕਾਰ ਹੋ ਗਏ। ਚਾਰਾਂ ਦੀ ਬੁਰੀ ਤਰ੍ਹਾਂ ਝੁਲਸ ਜਾਣ ਨਾਲ ਮੌਕੇ 'ਤੇ ਹੀ ਮੌਤ ਹੋ ਗਈ। ਜਿਉਂ ਹੀ ਪਰਿਵਾਰ ਨੂੰ ਘਟਨਾ ਦਾ ਪਤਾ ਲੱਗਾ ਤਾਂ ਹਾਹਾਕਾਰ ਮਚ ਗਈ। ਕਾਲੋਨੀ ਦੇ ਲੋਕਾਂ ਨੇ ਘਟਨਾ ਦੀ ਜਾਣਕਾਰੀ ਤੁਰੰਤ ਪੁਲਸ ਨੂੰ ਦਿੱਤੀ। ਜਿਸ 'ਤੇ ਏ. ਸੀ. ਪੀ. ਧਰਮ ਪਾਲ, ਥਾਣਾ ਮੁਖੀ ਸੁਮਨਦੀਪ ਬਰਾੜ ਅਤੇ ਚੌਕੀ ਸ਼ੇਰਪੁਰ ਦੇ ਮੁਖੀ ਸੁਰਜੀਤ ਸੈਣੀ ਪੁਲਸ-ਫੋਰਸ ਸਮੇਤ ਘਟਨਾ ਸਥਾਨ 'ਤੇ ਪੁੱਜੇ ਅਤੇ ਚਾਰਾਂ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਭੇਜ ਦਿੱਤਾ। ਖ਼ਬਰ ਮਿਲਣ 'ਤੇ ਸੈਂਕੜਿਆਂ ਦੀ ਗਿਣਤੀ ਵਿਚ ਇਲਾਕਾ ਨਿਵਾਸੀ ਘਟਨਾ ਸਥਾਨ 'ਤੇ ਪਹੁੰਚ ਗਏ, ਜਿਨ੍ਹਾਂ ਨੂੰ ਪੁਲਸ ਮੁਲਾਜ਼ਮਾਂ ਵਲੋਂ ਸਮਝਾਅ ਕੇ ਵਾਪਸ ਭੇਜਿਆ ਗਿਆ। ਏ. ਸੀ. ਪੀ. ਨੇ ਦੱਸਿਆ ਕਿ ਚਾਰਾਂ ਦਾ ਸ਼ਨੀਵਾਰ ਨੂੰ ਪੋਸਟਮਾਰਟਮ ਕਰਵਾਇਆ ਜਾਵੇਗਾ।


Related News