ਅਣਪਛਾਤੇ ਵਾਹਨ ਦੀ ਲਪੇਟ ’ਚ ਆਉਣ ਨਾਲ ਵਿਅਕਤੀ ਦੀ ਮੌਤ
Friday, Jul 27, 2018 - 04:50 AM (IST)
ਕਪੂਰਥਲਾ, (ਜ. ਬ.)- ਕਪੂਰਥਲਾ ਚ’ ਪੈਂਦੇ ਢਿਲਵਾਂ ਟੋਲ ਪਲਾਜ਼ਾ ਦੇ ਕੋਲ ਬੁਲੇਟ ਤੇ ਅਣਪਛਾਤੇ ਵਾਹਨ ਦੀ ਟੱਕਰ ’ਚ ਇਕ ਵਿਅਕਤੀ ਦੀ ਮੌਤ ਅਤੇ ਦੂਸਰੇ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ।
ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ’ਚ ਜ਼ੇਰੇ ਇਲਾਜ ਗੁਰਦੀਪ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਸਰਹਿੰਦ ਨੇ ਦੱਸਿਆ ਕਿ ਉਹ ਆਪਣੇ ਦੋਸਤ ਸੁਖਪਾਲ ਸਿੰਘ ਪੁੱਤਰ ਸ਼ਮਸ਼ੇਰ ਸਿੰਘ ਵਾਸੀ ਸਰਹਿੰਦ ਨਾਲ ਬੁਲੇਟ ਮੋਟਰਸਾਈਕਲ ’ਤੇ ਸਵਾਰ ਹੋ ਕੇ ਅੰਮ੍ਰਿਤਸਰ ਵਿਖੇ ਮੱਥਾ ਟੇਕਣ ਲਈ ਜਾ ਰਹੇ ਸਨ। ਜਦੋਂ ਉਹ ਢਿਲਵਾਂ ਟੋਲ ਪਲਾਜ਼ ਕੋਲ ਪੁੱਜੇ ਤਾਂ ਅਣਪਛਾਤੇ ਵਾਹਨ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਉਹ ਦੋਵੇਂ ਜ਼ਖਮੀ ਹੋ ਗਏ। ਜਦਕਿ ਅਣਪਛਾਤਾ ਵਾਹਨ ਮੌਕੇ ’ਤੋਂ ਫਰਾਰ ਹੋ ਗਿਆ। ਉੱਥੇ ਹੀ ਹਾਦਸੇ ’ਚ ਗੰਭੀਰ ਜ਼ਖਮੀ ਸੁਖਪਾਲ ਸਿੰਘ ਦੀ ਜ਼ਖਮਾਂ ਦੀ ਤਾਬ ਨਾ ਝੱਲਦੇ ਹੋਏ ਰਸਤੇ ’ਚ ਮੌਤ ਹੋ ਗਈ। ਪੁਲਸ ਨੇ ਸੁਖਪਾਲ ਸਿੰਘ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
