ਨਸ਼ੇ ਦਾ ਟੀਕਾ ਲਾਉਣ ਨਾਲ ਨੌਜਵਾਨ ਦੀ ਮੌਤ
Tuesday, Jun 12, 2018 - 03:00 AM (IST)

ਤਲਵੰਡੀ ਸਾਬੋ(ਮੁਨੀਸ਼)-ਪੰਜਾਬ ਸਰਕਾਰ ਵੱਲੋਂ ਭਾਵੇਂ ਪੰਜਾਬ 'ਚ ਨਸ਼ਾ ਖਤਮ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਨਸ਼ੇ ਕਰ ਕੇ ਜਵਾਨੀ ਮੌਤ ਦੇ ਮੂੰਹ 'ਚ ਜਾ ਰਹੀ ਹੈ। ਜਾਣਕਾਰੀ ਅਤੇ ਦਰਜ ਮਾਮਲੇ ਅਨੁਸਾਰ ਸਬ-ਡਵੀਜ਼ਨ ਤਲਵੰਡੀ ਸਾਬੋ ਦੀ ਰਾਮਾਂ ਮੰਡੀ ਦੇ ਕੌਂਸਲਰ ਪੁਨੀਸ਼ ਮਹੇਸ਼ਵਰੀ ਦਾ ਛੋਟਾ ਭਰਾ ਕਮਲ ਮਹੇਸ਼ਵਰੀ ਮਾੜੀ ਸੰਗਤ 'ਚ ਪੈਣ ਕਰ ਕੇ ਨਸ਼ੇ ਦਾ ਆਦੀ ਹੋ ਗਿਆ ਸੀ, ਜਿਸ ਨੂੰ ਦੇਖਦੇ ਹੋਏ ਪਰਿਵਾਰ ਨੇ ਕਮਲ ਮਹੇਸ਼ਵਰੀ ਨੂੰ ਮਾਲੇਰਕੋਟਲਾ ਵਿਖੇ ਨਸ਼ਾ ਛੁਡਾਊ ਕੇਂਦਰ ਵਿਚ ਦਾਖਲ ਕਰਵਾ ਦਿੱਤਾ ਪਰ ਹੁਣ ਕਰੀਬ 15-20 ਦਿਨ ਇਲਾਜ ਕਰਵਾ ਕੇ ਘਰ ਵਾਪਸ ਆਇਆ ਸੀ। ਦਰਜ ਮਾਮਲੇ ਅਨੁਸਾਰ ਜਦੋਂ ਉਕਤ ਮ੍ਰਿਤਕ ਨੌਜਵਾਨ ਕੱਲ ਆਪਣੀ ਦੁਕਾਨ 'ਤੇ ਬੈਠਾ ਸੀ ਤਾਂ ਉਸ ਨੂੰ ਕਿਸੇ ਅਣਜਾਣ ਵਿਅਕਤੀ ਦਾ ਫੋਨ ਆਇਆ ਤਾਂ ਉਹ ਦੁਕਾਨ ਤੋਂ ਚਲਾ ਗਿਆ। ਮ੍ਰਿਤਕ ਦੇ ਭਰਾ ਪੁਨੀਸ਼ ਮਹੇਸ਼ਵਰੀ ਨੇ ਦਰਜ ਕਰਵਾਏ ਬਿਆਨਾਂ 'ਚ ਦੱਸਿਆ ਕਿ ਦੇਰ ਸ਼ਾਮ ਤਲਵੰਡੀ ਸਾਬੋ ਤੋਂ ਕਿਸੇ ਅਣਜਾਣ ਵਿਅਕਤੀ ਦਾ ਫੋਨ ਆਇਆ ਕਿ ਉਸ ਦਾ ਭਰਾ ਢਿੱਲਾ ਹੋ ਗਿਆ ਤੁਸੀਂ ਤਲਵੰਡੀ ਸਾਬੋ ਆ ਜਾਉ। ਜਦ ਉਨ੍ਹਾਂ ਪੜਤਾਲ ਕੀਤੀ ਤਾਂ ਪਤਾ ਲੱਗਿਆ ਕਿ ਚਰਨਜੀਤ ਸਿੰਘ ਜੋ ਕਿ ਉਸ ਦੇ ਭਰਾ ਨਾਲ ਨਸ਼ਾ ਛੁਡਾਊ ਕੇਂਦਰ ਮਾਲੇਰਕੋਟਲਾ ਵਿਚ ਰਹਿੰਦਾ ਸੀ ਉਸਨੇ ਕਮਲ ਨੂੰ ਘਰ ਬੁਲਾ ਕੇ ਨਵਜੋਤ ਸਿੰਘ ਜੋਤ ਅਤੇ ਕਰਮਜੀਤ ਸਿੰਘ ਨਾਲ ਮਿਲ ਕੇ ਨਸ਼ੇ (ਚਿੱਟੇ) ਦੇ ਟੀਕੇ ਦੀ ਵੱਧ ਡੋਜ਼ ਦੇ ਕੇ ਮਾਰ ਦਿੱਤਾ। ਤਲਵੰਡੀ ਸਾਬੋ ਪੁਲਸ ਨੇ ਪੁਨੀਸ਼ ਮਹੇਸ਼ਵਰੀ ਦੇ ਬਿਆਨਾਂ 'ਤੇ ਚਰਨਜੀਤ ਸਿੰਘ, ਨਵਜੋਤ ਸਿੰਘ ਜੋਤ ਅਤੇ ਕਰਮਜੀਤ ਸਿੰਘ ਵਾਸੀ ਤਲਵੰਡੀ ਸਾਬੋ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਤਲਵੰਡੀ ਸਾਬੋ ਪੁਲਸ ਨੇ ਮ੍ਰਿਤਕ ਕਮਲ ਮਹੇਸ਼ਵਰੀ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ।
ਕਥਿਤ ਦੋਸ਼ੀਆਂ ਦਾ ਹੋਵੇਗਾ ਡੋਪ ਟੈਸਟ
ਬਰਿੰਦਰ ਸਿੰਘ ਗਿੱਲ ਡੀ. ਐੱਸ. ਪੀ. ਤਲਵੰਡੀ ਸਾਬੋ ਨੇ ਦੱਸਿਆ ਕਿ ਮਾਮਲੇ 'ਚ ਤਿੰਨੇ ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਿਨ੍ਹਾਂ ਨੂੰ ਅਦਾਲਤ 'ਚ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਜਾਵੇਗਾ, ਜਿਨ੍ਹਾਂ ਤੋਂ ਕਈ ਖੁਲਾਸੇ ਹੋਣ ਦੀ ਉਮੀਦ ਹੈ। ਉਨ੍ਹਾਂ ਦੱਸਿਆ ਕਿ ਕਥਿਤ ਮੁਲਜ਼ਮਾਂ ਦਾ ਡੋਪ ਟੈਸਟ ਵੀ ਕਰਵਾਇਆ ਜਾਵੇਗਾ ਤੇ ਡੋਪ ਟੈਸਟ 'ਚ ਮੁਲਜ਼ਮ ਪਾਏ ਜਾਣ 'ਤੇ ਉਨ੍ਹਾਂ ਖਿਲਾਫ ਮਾਮਲੇ ਵਿਚ ਵਾਧਾ ਕੀਤਾ ਜਾਵੇਗਾ।