ਧਮਕੀਆਂ ਤੋਂ ਸਹਿਮੀ ਬਜ਼ੁਰਗ ਔਰਤ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

04/26/2018 7:09:10 AM

ਬਰਨਾਲਾ(ਵਿਵੇਕ ਸਿੰਧਵਾਨੀ, ਰਵੀ)—ਥਾਣਾ ਸਦਰ ਬਰਨਾਲਾ ਅਧੀਨ ਪੈਂਦੇ ਪਿੰਡ ਚੀਮਾ ਦੇ ਸੀਨੀਅਰ ਕਾਂਗਰਸੀ ਆਗੂ ਦੀ ਮਾਤਾ ਮਲਕੀਤ ਕੌਰ (58) ਦੀ ਧਮਕੀਆਂ ਦੇ ਸਹਿਮ ਕਾਰਨ ਸਵੇਰੇ ਦਿਲ ਦਾ ਦੌਰਾ ਪੈਣ ਕਰਕੇ ਹੋਈ ਮੌਤ ਲਈ ਪਿੰਡ ਦੇ 4 ਵਿਅਕਤੀਆਂ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਉਨ੍ਹਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।  ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਚੀਮਾ ਦੀ ਪੰਚਾਇਤ ਵੱਲੋਂ ਕੁਝ ਮਹੀਨੇ ਪਹਿਲਾਂ ਪੰਚਾਇਤੀ ਸ਼ਾਮਲਾਟ ਤੋਂ ਕਬਜ਼ੇ ਛੁਡਾਉਣ ਦੀ ਮੁਹਿੰਮ ਚਲਾਈ ਗਈ ਸੀ, ਜਿਸ ਤਹਿਤ ਨਿਸ਼ਾਨਦੇਹੀ ਕਰ ਕੇ ਪੰਚਾਇਤ ਵੱਲੋਂ ਠੱਡੇ ਲਾਏ ਗਏ ਸਨ। ਇਸ ਵਿਚ ਕਾਂਗਰਸੀ ਆਗੂ ਨਿਰੰਜਣ ਸਿੰਘ ਦੀ ਵੀ ਦੋ ਕਨਾਲ ਜ਼ਮੀਨ 'ਤੇ ਕੁਝ ਕੁ ਫ਼ੁੱਟ ਪਸ਼ੂਆਂ ਲਈ ਛੱਤਿਆ ਵਰਾਂਡਾ ਵੀ ਆਉਂਦਾ ਸੀ। ਉਸ ਵੇਲੇ ਨਿਰੰਜਣ ਸਿੰਘ ਨੇ ਪੰਚਾਇਤ 'ਤੇ ਦੋਸ਼ ਲਾਏ ਸਨ ਕਿ ਉਸ ਨਾਲ ਪੱਖਪਾਤ ਕੀਤਾ ਜਾ ਰਿਹਾ ਹੈ। ਉਨ੍ਹਾਂ ਪੰਚਾਇਤ ਖਿਲਾਫ਼ ਰੋਸ ਮੁਜ਼ਾਹਰਾ ਵੀ ਕੀਤਾ ਸੀ  ਪੰਚਾਇਤ ਨੇ ਪੰਚਾਇਤੀ ਕੰਮਾਂ 'ਚ ਵਿਘਨ ਪਾਉਣ ਤਹਿਤ ਥਾਣਾ ਟੱਲੇਵਾਲ ਵਿਖੇ ਨਿਰੰਜਣ ਸਿੰਘ, ਉਸ ਦੇ ਭਰਾ ਤੇ ਪਿਤਾ ਖਿਲਾਫ਼ ਮਾਮਲਾ ਦਰਜ ਕਰਵਾ ਦਿੱਤਾ। ਪਰਚਾ ਰੱਦ ਕਰਵਾਉਣ ਲਈ ਨਿਰੰਜਣ ਸਿੰਘ ਨੇ ਬੀਤੇ ਦਿਨੀਂ ਆਪਣਾ ਵਰਾਂਡਾ ਵੀ ਢਾਹ ਦਿੱਤਾ ਸੀ ਅਤੇ ਸਿਰਫ਼ ਇਕ ਪਿੱਲਰ ਰਹਿ ਗਿਆ ਸੀ ਪਰ ਨਿਰੰਜਣ ਖਿਲਾਫ਼ ਦਰਜ ਮਾਮਲਾ ਪੰਚਾਇਤ ਨੇ ਵਾਪਸ ਨਹੀਂ ਲਿਆ ਸੀ। ਪੁਲਸ ਕੋਲ ਦਿੱਤੇ ਬਿਆਨਾਂ 'ਚ ਨਿਰੰਜਣ ਸਿੰਘ ਨੇ ਦੱਸਿਆ ਕਿ ਬੀਤੇ ਕੱਲ ਉਹ ਆਪਣੀ ਰਿਸ਼ਤੇਦਾਰੀ 'ਚ ਸਸਕਾਰ 'ਤੇ ਗਏ ਹੋਏ ਸਨ ਅਤੇ ਘਰ 'ਚ ਉਸ ਦੀ ਮਾਤਾ ਮਲਕੀਤ ਕੌਰ ਇਕੱਲੀ ਹੀ ਸੀ। ਪਿੱਛੋਂ ਉਨ੍ਹਾਂ ਦੇ ਘਰ ਗੁਰਵਿੰਦਰ ਸਿੰਘ ਪੰਚ, ਗੁਰਮੇਲ ਸਿੰਘ ਪੰਚ, ਹਰਜਿੰਦਰ ਸਿੰਘ ਤੇ ਸਵਰਾਜ ਸਿੰਘ ਆਏ ਅਤੇ ਉਸ ਦੀ ਮਾਤਾ ਨੂੰ ਧਮਕੀਆਂ ਦੇ ਕੇ ਗਏ। ਮਾਤਾ ਧਮਕੀਆਂ ਕਾਰਨ ਸਦਮੇ 'ਚ ਚਲੀ ਗਈ, ਜਿਸ ਕਾਰਨ ਉਸ ਨੂੰ ਦਿਲ ਦਾ ਦੌਰਾ ਪੈ ਗਿਆ ਅਤੇ ਉਸ ਦੀ ਮੌਤ ਹੋ ਗਈ । ਪੁਲਸ ਨੇ ਨਿਰੰਜਣ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਉਕਤ ਵਿਅਕਤੀਆਂ ਖਿਲਾਫ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News