ਖੋਖੇ ਨੂੰ ਲੱਗੀ ਅੱਗ ''ਚ ਜਿਊਂਦਾ ਸੜਿਆ 3 ਸਾਲਾ ਬੱਚਾ

03/30/2018 6:18:04 AM

ਕੁਹਾੜਾ(ਸੰਦੀਪ, ਜਗਰੂਪ)-ਕੁਹਾੜਾ ਚੰਡੀਗੜ੍ਹ ਮਾਰਗ 'ਤੇ ਪਿੰਡ ਮਾਨਗੜ੍ਹ ਨੇੜੇ ਪਾਨ-ਬੀੜੀਆਂ ਦੇ ਖੋਖੇ ਨੂੰ ਅੱਗ ਲੱਗਣ ਨਾਲ ਉਸ ਵਿਚ ਜਿਊਂਦਾ ਸੜ ਕੇ ਤਿੰਨ ਸਾਲਾ ਬੱਚੇ ਦੀ ਮੌਤ ਹੋਣ ਦਾ ਸਮਾਚਾਰ ਹੈ। ਪਰਮਜੀਤ ਸਿੰਘ ਚੌਕੀ ਇੰਚਾਰਜ ਕਟਾਣੀ ਕਲਾਂ ਨੇ ਦੱਸਿਆ ਕਿ ਮਾਨਗੜ੍ਹ ਮਾਰਗ 'ਤੇ ਬਣੇ ਪਾਨ-ਬੀੜੀਆਂ ਦੇ ਖੋਖੇ ਨੂੰ ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਸੁਖਦੇਵ ਸਿੰਘ ਹੌਲਦਾਰ ਸਮੇਤ ਪੁਲਸ ਪਾਰਟੀ ਮੌਕੇ 'ਤੇ ਪੁੱਜ ਗਏ। ਅੱਗ ਉਸ ਸਮੇਂ ਲੱਗੀ ਜਦੋਂ ਖੋਖਾ ਮਾਲਕ ਰਾਮ ਬਾਬੂ ਸ਼ਾਹ ਪੁੱਤਰ ਅਸ਼ੋਕ ਸ਼ਾਹ ਵਾਸੀ ਕਾਲੋਨੀ ਮਾਨਗੜ੍ਹ ਆਪਣੇ ਦੋਵਾਂ ਬੱਚਿਆਂ ਅੰਕਿਤ 3 ਸਾਲ ਅਤੇ ਰਵੀ 5 ਸਾਲ ਨੂੰ ਖੋਖੇ ਵਿਚ ਛੱਡ ਕੇ ਕਿਸੇ ਕੰਮ ਲਈ ਚਲਾ ਗਿਆ। ਉਸ ਤੋਂ ਕੁੱਝ ਸਮੇਂ ਬਾਅਦ ਉਸਦਾ 5 ਸਾਲਾ ਬੇਟਾ ਰਵੀ ਰੋਂਦਾ ਹੋਇਆ ਉਸ ਕੋਲ ਆਇਆ। ਰਾਮ ਬਾਬੂ ਨੇ ਜਾ ਕੇ ਦੇਖਿਆ ਤਾਂ ਉਸ ਦਾ ਖੋਖਾ ਬੁਰੀ ਤਰ੍ਹਾਂ ਅੱਗ ਦੀਆਂ ਲਪਟਾਂ ਵਿਚ ਘਿਰਿਆ ਹੋਇਆ ਸੀ, ਜਿਸ ਵਿਚ ਉਸ ਦੇ 3 ਸਾਲ ਦੇ ਬੇਟੇ ਦੀ ਸੜ ਕੇ ਮੌਤ ਹੋ ਗਈ। ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਟਰਮ ਵਾਸਤੇ ਸਿਵਲ ਹਸਪਤਾਲ ਲੁਧਿਆਣਾ ਭੇਜ ਦਿੱਤਾ ਤੇ ਖੋਖੇ ਨੂੰ ਲੱਗੀ ਅੱਗ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ।
ਨੇੜੇ ਧੁਖ ਰਹੀ ਅੱਗ ਨਾਲ ਹੋਇਆ ਹਾਦਸਾ
ਚੌਕੀ ਇੰਚਾਰਜ ਪਰਮਜੀਤ ਸਿੰਘ ਅਨੁਸਾਰ ਮ੍ਰਿਤਕ ਦੇ ਪਿਤਾ ਰਾਮ ਬਾਬੂ ਨੇ ਦੱਸਿਆ ਕਿ ਉਨ੍ਹਾਂ ਦੇ ਖੋਖੇ ਨੇੜੇ ਅੱਗ ਧੁਖ ਰਹੀ ਸੀ, ਜਿਸ ਨਾਲ ਉਨ੍ਹਾਂ ਦੇ ਖੋਖੇ ਨੂੰ ਅਚਾਨਕ ਅੱਗ ਲੱਗ ਗਈ, ਜਿਸ 'ਚ ਉਨ੍ਹਾਂ ਦਾ 3 ਸਾਲ ਦਾ ਬੇਟਾ ਅੰਕਿਤ ਝੁਲਸ ਗਿਆ। ਪੁਲਸ ਨੇ ਮਾਮਲਾ ਦਰਜ ਕਰਦੇ ਹੋਏ ਅੱਗੇ ਦੀ ਕਾਰਵਾਈ ਸ਼ੁਰੂ ਕੀਤੀ ਦਿੱਤੀ ਹੈ। 


Related News