ਖੇਤ ''ਚ ਘਾਹ ਨੂੰ ਅੱਗ ਲਾ ਰਹੇ ਕਿਸਾਨ ਪਿਓ-ਪੁੱਤ ਝੁਲਸੇ, ਪੁੱਤ ਦੀ ਮੌਤ
Tuesday, Jun 13, 2017 - 07:10 AM (IST)
ਬਰਨਾਲਾ(ਵਿਵੇਕ ਸਿੰਧਵਾਨੀ, ਰਵੀ)— ਹਲਕਾ ਮਹਿਲ ਕਲਾਂ ਵਿਚ ਬੀਤੀ ਦੇਰ ਸ਼ਾਮ ਖੇਤ 'ਚ ਖੜ੍ਹੇ ਵਾਧੂ ਘਾਹ ਨੂੰ ਸਾੜ ਰਹੇ ਅੱਗ ਦੀ ਲਪੇਟ 'ਚ ਆਏ ਪਿਓ-ਪੁੱਤ 'ਚੋਂ ਪੁੱਤਰ ਦੀ ਮੌਤ ਹੋ ਗਈ। ਥਾਣਾ ਮਹਿਲ ਕਲਾਂ ਦੇ ਐੈੱਸ. ਐੱਚ. ਓ. ਸ਼ਸ਼ੀ ਕਪੂਰ ਨੇ ਦੱਸਿਆ ਕਿ ਐਤਵਾਰ ਦੇਰ ਸ਼ਾਮ ਕਰੀਬ 6:30 ਵਜੇ ਬਿੱਟੂ ਸਿੰਘ ਆਪਣੇ ਖੇਤ ਵਿਚ ਖੜ੍ਹੇ ਵਾਧੂ ਘਾਹ ਨੂੰ ਡੀਜ਼ਲ ਪਾ ਕੇ ਅੱਗ ਲਾ ਰਿਹਾ ਸੀ। ਇਸੇ ਦੌਰਾਨ ਉਸ ਦੇ ਪੈਰਾਂ ਅਤੇ ਸਰੀਰ 'ਤੇ ਪਏ ਡੀਜ਼ਲ ਨੇ ਅੱਗ ਫੜ ਲਈ, ਜਿਸ ਕਾਰਨ ਉਹ ਬੁਰੀ ਤਰ੍ਹਾਂ ਝੁਲਸ ਗਿਆ। ਉਸ ਦੇ ਬਚਾਅ ਲਈ ਆਇਆ ਉਸ ਦਾ ਪਿਤਾ ਲਖਵੀਰ ਸਿੰਘ ਪੁੱਤਰ ਲਾਭ ਸਿੰਘ ਵੀ ਇਸ ਅੱਗ ਦੀ ਲਪੇਟ ਵਿਚ ਆ ਗਿਆ। ਦੋਵੇਂ ਬੁਰੀ ਤਰ੍ਹਾਂ ਅੱਗ ਨਾਲ ਝੁਲਸ ਗਏ, ਜਿਨ੍ਹਾਂ ਨੂੰ ਸਿਵਲ ਹਸਪਤਾਲ ਬਰਨਾਲਾ ਵਿਖੇ ਲਿਆਂਦਾ ਗਿਆ ਪਰ ਉਨ੍ਹਾਂ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਦੋਵਾਂ ਨੂੰ ਚੰਡੀਗੜ੍ਹ ਰੈਫ਼ਰ ਕਰ ਦਿੱਤਾ ਗਿਆ ਪਰ ਰਸਤੇ 'ਚ ਬਿੱਟੂ ਸਿੰਘ ਦੀ ਮੌਤ ਹੋ ਗਈ। ਜਦੋਂਕਿ ਉਸ ਦਾ ਪਿਤਾ ਲਖਵੀਰ ਸਿੰਘ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਮਾਤਾ ਕਰਮਜੀਤ ਕੌਰ ਦੇ ਬਿਆਨਾਂ ਦੇ ਆਧਾਰ 'ਤੇ ਏ. ਐੈੱਸ. ਆਈ. ਮੁਖਤਿਆਰ ਸਿੰਘ ਨੇ ਧਾਰਾ 174 ਤਹਿਤ ਕਾਰਵਾਈ ਕਰ ਕੇ ਲਾਸ਼ ਵਾਰਿਸਾਂ ਹਵਾਲੇ ਕਰ ਦਿੱਤੀ ਹੈ।
