ਵਿਆਹ ਵਾਲੇ ਘਰ ਪਏ ਕੀਰਨੇ, 10 ਘੰਟੇ ਪਹਿਲਾਂ ਹੋਈ ਲਾੜੇ ਦੇ ਪਿਓ ਦੀ ਮੌਤ
Sunday, Mar 01, 2020 - 03:41 PM (IST)
ਮੋਗਾ (ਸੰਜੀਵ): ਮੋਗਾ ਦੇ ਪਿੰਡ ਘਲਕਲਾਂ 'ਚ ਐਤਵਾਰ ਨੂੰ ਆਪਣੇ ਪੁੱਤਰ ਦੇ ਵਿਆਹ ਹੋਣ ਦੀ ਖੁਸ਼ੀ 'ਚ ਸ਼ਨੀਵਾਰ ਨੂੰ ਆਏ ਵਿਚੋਲਿਆਂ ਨੂੰ ਉਨ੍ਹਾਂ ਦੇ ਪਿੰਡ ਕਾਰ 'ਚ ਛੱਡਣ ਜਾ ਰਹੇ ਪਿਤਾ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦੁਰਘਟਨਾ 'ਚ 2 ਵਿਚੋਲਿਆਂ ਦੇ ਗੰਭੀਰ ਜ਼ਖਮੀ ਹੋਣ 'ਤੇ ਉਨ੍ਹਾਂ ਨੂੰ ਫਰੀਦਕੋਟ ਰੈਫਰ ਕੀਤਾ ਗਿਆ, ਜਦਕਿ ਦੋ ਵਿਚੋਲੇ ਠੀਕ ਹਨ।
ਜਾਣਕਾਰੀ ਮੁਤਾਬਰ ਸ਼ਨੀਵਾਰ ਸਾਮ ਨੂੰ ਪਿੰਡ ਘਲਕਲਾਂ ਨਿਵਾਸੀ ਦਰਸ਼ਨ ਸਿੰਘ 60 ਸਾਲ ਉਤਰ ਤਿਰਲੋਕ ਸਿੰਘ ਦੇ ਘਰ ਐਤਵਾਰ ਨੂੰ ਪੁੱਤਰ ਦੇ ਹੋਣ ਵਾਲੇ ਵਿਆਹ ਸਬੰਧੀ ਸਮਾਰੋਹ ਹੋਇਆ ਸੀ, ਚਾਰੇ ਪਾਸੇ ਖੁਸ਼ੀ ਦਾ ਮਾਹੌਲ ਸੀ। ਸਮਾਰੋਹ ਦੇ ਬਾਅਦ ਪਿਤਾ ਦਰਸ਼ਨ ਸਿੰਘ ਆਪਣੇ ਚਾਰ ਵਿਚੋਲਿਆਂ ਨੂੰ ਕਾਰ 'ਚ ਛੱਡਣ ਉਨ੍ਹਾਂ ਦੇ ਪਿੰਡ ਮੋਠਾ ਵਾਲੀ ਜਾ ਰਹੇ ਸਨ ਕਿ ਪਿੰਡ ਮੋਠਾ ਵਾਲੀ ਦੇ ਨੇੜੇ ਅਚਾਨਕ ਕਾਰ ਦਾ ਸੰਤੁਲਨ ਵਿਗੜਨ ਨਾਲ ਕਾਰ ਰੇਲਿੰਗ ਨਾਲ ਟਕਰਾਅ ਕੇ ਨਹਿਰ 'ਚ ਜਾ ਡਿੱਗੀ, ਜਿਸ 'ਤੇ ਦਰਸ਼ਨ ਸਿੰਘ ਦੀ ਪੁੱਤਰ ਦੇ ਵਿਆਹ ਤੋਂ 10 ਘੰਟੇ ਪਹਿਲਾਂ ਹੀ ਮੌਤ ਹੋ ਗਈ ਅਤੇ 2 ਵਿਚੋਲੇ ਚਰਨਜੀਤ ਕੌਰ ਪਤਨੀ ਕੁਲਬੀਰ ਸਿੰਘ ਅਤੇ ਦਲਜੀਤ ਕੌਰ ਪਤਨੀ ਸੁਖਮਿੰਦਰ ਸਿੰਘ ਦੋਵੇਂ ਨਿਵਾਸੀ ਪਿੰਡ ਮੋਠਾ ਵਾਲੀ ਨੂੰ ਗੰਭੀਰ ਹਾਲਤ 'ਚ ਮੋਗਾ ਦੇ ਸਰਕਾਰੀ ਹਸਪਤਾਲ ਦੇ ਅੰਦਰ ਦਾਖਲ ਕਰਵਾਇਆ ਗਿਆ, ਜਿੱਥੇ ਗੰਭੀਰ ਹਾਲਤ ਹੋਣ ਦੇ ਚੱਲਦੇ ਫਰੀਦਕੋਟ ਦੇ ਗੁਰੂ ਗੋਬਿੰਦ ਮੈਡੀਕਲ ਹਸਪਤਾਲ 'ਚ ਰੈਫਰ ਕੀਤਾ ਗਿਆ, ਜਿਥੇ ਉਨਾਂ੍ਹ ਦਾ ਇਲਾਜ ਚੱਲ ਰਿਹਾ ਹੈ। ਦਰਸ਼ਨ ਸਿੰਘ ਦੀ ਲਾਸ਼ ਨੂੰ ਸਰਕਾਰੀ ਹਸਪਤਾਲ ਦੀ ਮੋਰਚਰੀ 'ਚ ਰਖਵਾਇਆ ਗਿਆ ਹੈ।
ਦੂਜੇ ਪਾਸੇ ਪੁੱਤਰ ਤਰਸੇਮ ਸਿੰਘ ਦਾ ਐਤਵਾਰ ਨੂੰ ਵਿਆਹ ਹੋਣ ਦੇ ਕਾਰਨ ਉਸ ਨੂੰ ਪਿਤਾ ਦੀ ਮੌਤ ਦੇ ਬਾਰੇ ਕੁੱਝ ਨਹੀਂ ਦੱਸਿਆ ਗਿਆ। ਵਿਆਹ 'ਚ ਆਏ ਰਿਸ਼ਤੇਦਾਰਾਂ ਨੇ ਪੁੱਤਰ ਨੂੰ ਸਿਰਫ ਇਹ ਹੀ ਦੱਸਿਆ ਕਿ ਕਾਰ ਨਾਲ ਹਾਦਸਾ ਹੋਣ 'ਤੇ ਸੱਟ ਲੱਗਣ ਕਾਰਨ ਉਹ ਹਸਪਤਾਲ 'ਚ ਦਾਖਲ ਹਨ। ਐਤਵਾਰ ਸਵੇਰੇ 5 ਰਿਸ਼ਤੇਦਾਰਾਂ ਵਲੋਂ ਆਪਣਾ ਫਰਜ਼ ਨਿਭਾਉਂਦੇ ਹੋਏ ਤਰਸੇਮ ਸਿੰਘ ਦੇ ਆਨੰਦ ਕਾਰਜ ਕਰਵਾ ਕੇ ਨੂੰਹ ਨੂੰ ਘਰ ਲਿਆਏ। ਉਸ ਦੇ ਬਾਅਦ ਜਿਵੇਂ ਹੀ ਪੁੱਤਰ ਨੂੰ ਪਿਤਾ ਦੀ ਮੌਤ ਦਾ ਪਤਾ ਲੱਗਿਆ ਤਾਂ ਉਹ ਬੇਹੋਸ਼ ਹੋ ਕੇ ਡਿੱਗ ਗਿਆ। ਉਸ ਦੇ ਪਿੰਡ ਦੇ ਹੀ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪੁਲਸ ਨੇ ਜਾਂਚ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ।