ਦੀਨਾਨਾਥ ਦੇ ਕੁਲਚੇ ਖਾਣ ਵਾਲੇ ਵੀ ਕਰਦੇ ਨੇ ਚੋਣਾਂ ''ਤੇ ਚਰਚਾ

12/11/2017 7:31:23 AM

ਜਲੰਧਰ, (ਖੁਰਾਨਾ)— 17 ਦਸੰਬਰ ਨੂੰ ਹੋਣ ਜਾ ਰਹੀਆਂ ਨਗਰ ਨਿਗਮ ਚੋਣਾਂ ਲਈ ਮੈਦਾਨ ਪੂਰੀ ਤਰ੍ਹਾਂ ਭੱਖ ਚੁੱਕਾ ਹੈ। ਹਰ ਕਾਲੋਨੀ ਅਤੇ ਮੁਹੱਲੇ ਦੀ ਗਲੀ-ਗਲੀ 'ਚ ਬੈਨਰ, ਪੋਸਟਰ, ਸਟਿੱਕਰ ਅਤੇ ਰੰਗ-ਬਿਰੰਗੇ ਝੰਡੇ ਤਾਂ ਦਿਖਾਈ ਦੇ ਹੀ ਰਹੇ ਹਨ, ਨਾਲ ਹੀ ਨਾਲ ਜਗ੍ਹਾ-ਜਗ੍ਹਾ ਚੋਣਾਂ ਦੀ ਚਰਚਾ ਨੇ ਜ਼ੋਰ ਫੜਿਆ ਹੋਇਆ ਹੈ।
ਜਗ ਬਾਣੀ ਦੀ ਟੀਮ ਨੇ ਸ਼ਹਿਰ ਦੀਆਂ ਮਸ਼ਹੂਰ ਖਾਣ-ਪੀਣ ਦੀਆਂ ਦੁਕਾਨਾਂ 'ਤੇ ਜਾ ਕੇ ਚੋਣ ਮਾਹੌਲ ਦਾ ਜਾਇਜ਼ਾ ਲਿਆ ਅਤੇ ਦੇਖਿਆ ਕਿ ਡੀ. ਏ. ਵੀ. ਕਾਲਜ ਖੇਤਰ 'ਚ ਮਸ਼ਹੂਰ ਦੀਨਾਨਾਥ ਦੇ ਕੁਲਚੇ-ਛੋਲੇ ਖਾਣ ਵਾਲੇ ਲੋਕ ਵੀ ਉਥੇ ਜ਼ਿਆਦਾ ਚਰਚਾ ਚੋਣਾਂ 'ਤੇ ਹੀ ਕਰਦੇ ਹਨ।
ਜ਼ਿਕਰਯੋਗ ਹੈ ਕਿ ਦੀਨਾਨਾਥ ਦੇ ਕੁਲਚੇ ਵਾਲੀ ਰੇਹੜੀ ਡੀ. ਏ. ਵੀ. ਫਲਾਈਓਵਰ ਦੇ ਹੇਠਾਂ ਪਿਛਲੇ 4-5 ਦਹਾਕਿਆਂ ਤੋਂ ਲੱਗ ਰਹੀ ਹੈ ਅਤੇ ਡੀ. ਏ. ਵੀ. ਕਾਲਜ ਅਤੇ ਆਲੇ-ਦੁਆਲੇ ਦੀਆਂ ਸਿੱਖਿਅਕ ਸੰਸਥਾਵਾਂ 'ਚ ਪੜ੍ਹ-ਲਿਖ ਚੁੱਕੇ ਲੱਖਾਂ ਵਿਦਿਆਰਥੀਆਂ ਨੇ ਇਨ੍ਹਾਂ ਕੁਲਚਿਆਂ ਦਾ ਸਵਾਦ ਮਾਣਿਆ ਹੋਇਆ ਹੈ। ਅੱਜ ਵੀ ਇਨ੍ਹਾਂ ਸਿੱਖਿਅਕ ਸੰਸਥਾਵਾਂ ਦੇ ਪੁਰਾਣੇ ਵਿਦਿਆਰਥੀ ਦੀਨਾਨਾਥ ਦੇ ਕੁਲਚੇ ਖਾਂਦੇ ਸਮੇਂ ਪੁਰਾਣੇ ਦਿਨਾਂ ਨੂੰ ਯਾਦ ਕਰਦੇ ਹਨ।
ਅੱਜ ਜਦੋਂ ਦੀਨਾਨਾਥ ਕੁਲਚੇ ਵਾਲੇ ਦੀ ਰੇਹੜੀ 'ਤੇ ਜਗ ਬਾਣੀ ਟੀਮ ਗਈ ਤਾਂ ਉਥੇ ਬਰਲਟਨ ਪਾਰਕ 'ਚ ਕ੍ਰਿਕਟ ਖੇਡਣ ਆਏ ਨੌਜਵਾਨਾਂ ਦੇ ਗਰੁੱਪ ਤੋਂ ਇਲਾਵਾ ਕਾਲਜ ਦੇ ਕੁੱਝ ਵਿਦਿਆਰਥੀ ਵੀ ਕੁਲਚੇ ਖਾ ਰਹੇ ਸਨ। ਡੇਵੀਏਟ ਦੇ ਵਿਦਿਆਰਥੀ ਮੌਲਿਕ ਦਾ ਕਹਿਣਾ ਸੀ ਕਿ ਜਲੰਧਰ ਦੇ 80 ਵਾਰਡ ਬਣਾਉਣਾ ਬਿਲਕੁਲ ਗਲਤ ਹੈ। ਕਈ ਵਾਰਡ ਤਾਂ ਬਹੁਤ ਛੋਟੇ ਅਤੇ ਕਈ ਬਹੁਤ ਵੱਡੇ ਹਨ। ਇਕ-ਇਕ ਮੁਹੱਲੇ ਨੂੰ 2-3 ਵਾਰਡਾਂ 'ਚ ਵੰਡਣ ਨਾਲ ਵੋਟਰਾਂ ਤੋਂ ਇਲਾਵਾ ਉਮੀਦਵਾਰ ਤੱਕ ਪ੍ਰੇਸ਼ਾਨ ਹਨ।
ਨਾਲ ਲੱਗਦੇ ਪਾਲੀਟੈਕਨਿਕ ਕਾਲਜ ਦੇ ਵਿਦਿਆਰਥੀ ਰਾਜੀਵ ਦਾ ਕਹਿਣਾ ਸੀ ਕਿ ਕੁੱਝ ਪਾਰਟੀਆਂ ਨੇ ਖਰਾਬ ਇਮੇਜ ਵਾਲੇ ਉਮੀਦਵਾਰਾਂ ਨੂੰ ਪਾਰਟੀ ਟਿਕਟ ਦੇ ਕੇ ਗਲਤ ਮਿਸਾਲ ਕਾਇਮ ਕੀਤੀ ਹੈ। ਰਾਜੀਵ ਦੇ ਹੀ ਦੋਸਤ ਪ੍ਰਸ਼ਾਂਤ ਦਾ ਕਹਿਣਾ ਸੀ ਕਿ ਇਸ ਮਾਮਲੇ 'ਚ ਸਾਰੀਆਂ ਪਾਰਟੀਆਂ ਇਕੋ ਜਿਹੀਆਂ ਹਨ ਅਤੇ ਕੋਈ ਵੀ ਪਾਰਟੀ ਸਿਧਾਂਤਾਂ 'ਤੇ ਕਾਇਮ ਨਹੀਂ ਹੈ।
ਕ੍ਰਿਕਟ ਮੈਚ ਖੇਡਣ ਆਏ ਬੀ. ਐੱਸ. ਐੱਫ. ਕਾਲੋਨੀ ਦੇ ਬਾਵਾ ਨੇ ਕਿਹਾ ਕਿ ਨਿਗਮ ਚੋਣਾਂ ਦੇ ਉਮੀਦਵਾਰ ਸਿਰਫ ਘਰ-ਘਰ ਜਾ ਕੇ ਅਤੇ ਹੱਥ ਜੋੜ ਕੇ ਵੋਟਾਂ ਮੰਗ ਰਹੇ ਹਨ। ਕਿਸੇ ਉਮੀਦਵਾਰ  ਕੋਲ ਕੋਈ ਵਿਜ਼ਨ ਨਹੀਂ ਹੈ।  ਨੌਜਵਾਨ ਵੋਟਰ ਸਿਰਫ ਉਸੇ ਨੂੰ ਵੋਟ ਕਰਨਗੇ, ਜਿਸ ਕੋਲ ਵਿਜ਼ਨ ਹੋਵੇ ਪਰ ਨਿਗਮ ਚੋਣਾਂ ਦੇ ਜ਼ਿਆਦਾਤਰ ਉਮੀਦਵਾਰ ਬਗੈਰ ਕੋਈ ਐਲਾਨ-ਪੱਤਰ ਦੇ ਹੀ ਇਧਰ-ਉਧਰ ਭੱਜੇ ਜਾ ਰਹੇ ਹਨ।
ਕ੍ਰਿਕਟ ਟੀਮ ਦੇ ਹੀ ਮੈਂਬਰ ਸੰਜੂ ਦਾ ਕਹਿਣਾ ਹੈ ਕਿ ਉਸ ਦੇ ਮੁਹੱਲੇ ਦਾ ਉਮੀਦਵਾਰ ਬਿਲਕੁਲ ਪੜ੍ਹਿਆ-ਲਿਖਿਆ ਨਹੀਂ ਹੈ ਪਰ ਉਸ ਦੀ ਜਿੱਤ ਦੀ ਸੰਭਾਵਨਾ ਪੂਰੀ ਹੈ। ਅਜਿਹੇ 'ਚ ਇਸ ਦੇਸ਼ ਦਾ ਕੀ ਬਣੇਗਾ। ਕ੍ਰਿਕਟ ਖਿਡਾਰੀ ਰਮਿੰਦਰ ਦਾ ਕਹਿਣਾ ਸੀ ਕਿ ਚੋਣਾਂ 'ਚ ਚੋਣ ਜ਼ਾਬਤੇ ਦੀਆਂ ਖੂਬ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਬਗੈਰ ਪੁੱਛੇ ਹਰ ਜਗ੍ਹਾ ਝੰਡੇ, ਸਟਿੱਕਰ, ਬੈਨਰ ਲਾਏ ਜਾ ਰਹੇ ਹਨ। ਕ੍ਰਿਕਟਰ ਰਾਜੂ ਨੇ ਕਿਹਾ ਕਿ ਨਿਗਮ ਚੋਣਾਂ 'ਚ ਜੋ ਉਮੀਦਵਾਰ ਸ਼ਰਾਬ ਦੀਆਂ ਬੋਤਲਾਂ ਵੰਡਦੇ ਹਨ ਉਨ੍ਹਾਂ ਦਾ ਬਾਈਕਾਟ ਕੀਤਾ ਜਾਣਾ ਚਾਹੀਦਾ ਹੈ। 
ਇਸੇ ਤਰ੍ਹਾਂ ਜੋ ਉਮੀਦਵਾਰ ਰਾਸ਼ਨ ਦੇ ਕੇ ਵੋਟ ਦੀ ਉਮੀਦ ਰੱਖਦੇ ਹਨ, ਕਲ ਨੂੰ ਉਹ ਵਾਰਡ ਦੀ ਕੀ ਸੇਵਾ ਕਰਨਗੇ। ਛੋਲੇ-ਕੁਲਚੇ ਖਾਣ ਆਈ ਇਕ ਮਹਿਲਾ ਰੀਟਾ ਨੇ ਕਿਹਾ ਕਿ ਵੋਟਰ ਫੈਸਲਾ ਕਰ ਚੁੱਕਾ ਹੈ ਕਿ ਵੋਟ ਕਿਸ ਨੂੰ ਪਾਉਣੀ ਹੈ। ਹੁਣ ਤਾਂ ਸਾਰੇ ਉਮੀਦਵਾਰ ਫਜ਼ੂਲ ਦੀ ਮਿਹਨਤ ਕਰ ਰਹੇ ਹਨ। ਨਿਗਮ ਚੋਣਾਂ 'ਚ ਪਾਰਟੀਬਾਜ਼ੀ ਦੀ ਬਜਾਏ ਉਮੀਦਵਾਰ ਦੇ ਚਰਿੱਤਰ ਨੂੰ ਧਿਆਨ 'ਚ ਰਖਿਆ ਜਾਣਾ ਚਾਹੀਦਾ ਹੈ।


Related News