ਪੰਜਾਬ: ਕਤਲ ਕਰਕੇ ਬਿਆਸ ਦਰਿਆ 'ਚ ਸੁੱਟੀ ਨੌਜਵਾਨ ਦੀ ਲਾਸ਼ ਹੋਈ ਬਰਾਮਦ! ਪੁਲਸ ਨੇ ਕੀਤੇ ਵੱਡੇ ਖ਼ੁਲਾਸੇ
Monday, Jun 08, 2026 - 12:32 PM (IST)
ਸੁਲਤਾਨਪੁਰ ਲੋਧੀ/ਕਪੂਰਥਲਾ (ਗੁਰਪ੍ਰੀਤ)- ਸੁਲਤਾਨਪੁਰ ਲੋਧੀ ਸਬ-ਡਿਵੀਜ਼ਨ ਅਧੀਨ ਪੈਂਦੇ ਪਿੰਡ ਮੰਡ ਬਾਊਪੁਰ ਵਿਖੇ ਨਾਜਾਇਜ਼ ਸਬੰਧਾਂ ਦੇ ਸ਼ੱਕ ਵਿਚ ਨੌਜਵਾਨ ਰਾਹੁਲ ਦਾ ਕਤਲ ਕਰਕੇ ਲਾਸ਼ ਬਿਆਸ ਦਰਿਆ ਵਿਚ ਸੁੱਟ ਦਿੱਤੀ ਗਈ ਸੀ। ਪੁਲਸ ਨੇ ਇਸ ਮਾਮਲੇ ਨੂੰ ਸੁਲਝਾਉਂਦੇ ਹੋਏ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪਿੰਡ ਵਾਸੀਆਂ ਵੱਲੋਂ ਕਿਸ਼ਤੀਆਂ ਦੀ ਵਰਤੋਂ ਕਰਕੇ ਕੀਤੇ ਗਏ 12 ਘੰਟੇ ਦੇ ਸਰਚ ਆਪ੍ਰੇਸ਼ਨ ਤੋਂ ਬਾਅਦ ਰਾਹੁਲ ਦੀ ਲਾਸ਼ ਬਿਆਸ ਦਰਿਆ 'ਚ ਕਰਮੁਵਾਲਾ ਬੰਦਰਗਾਹ ਨੇੜੇ ਬਰਾਮਦ ਕੀਤੀ ਗਈ ਹੈ।
ਸ਼ਿਕਾਇਤ ਕਰਤਾ ਜਸਬੀਰ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਬਾਊਪੁਰ ਜਦੀਦ ਨੇ ਪੁਲਸ ਨੂੰ ਦਿੱਤੀ ਜਾਣਕਾਰੀ ’ਚ ਦੱਸਿਆ ਕਿ ਉਸ ਦਾ ਵੱਡਾ ਲੜਕਾ ਰਾਹੁਲ (23) ਏਅਰਟੈੱਲ ਕੰਪਨੀ ’ਚ ਕੰਮ ਕਰਦਾ ਸੀ ਅਤੇ ਉਹ ਆਪਣੇ ਘਰੋਂ ਕੰਮ ’ਤੇ ਗਿਆ ਸੀ ਅਤੇ ਵਾਪਸ ਘਰ ਨਹੀਂ ਆਇਆ। ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੇ ਲੜਕੇ ਦਾ ਕਿਸੇ ਨੇ ਕਤਲ ਕਰ ਦਿੱਤਾ ਹੈ। ਜਿਸ ਸਬੰਧ ’ਚ ਪੁਲਸ ਨੇ ਮਲਕੀਤ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਨਵੀਂ ਆਬਾਦੀ ਅਦਾਲਤ ਚੱਕ, ਬਲਵਿੰਦਰ ਸਿੰਘ ਉਰਫ਼ ਲੱਡੂ ਪੁੱਤਰ ਜਰਨੈਲ ਸਿੰਘ ਵਾਸੀ ਮਹਿਤਮਾ ਵਾਲਾ ਥਾਣਾ ਤਲਵੰਡੀ ਚੌਧਰੀਆਂ ਅਤੇ ਸਾਹਿਲਪ੍ਰੀਤ ਸਿੰਘ ਪੁੱਤਰ ਕਪੂਰ ਸਿੰਘ ਵਾਸੀ ਕਾਹਨਾ ਖਿਲਾਫ਼ ਕੇਸ ਦਰਜ ਕੀਤਾ ਹੈ ਤੇ ਇਨ੍ਹਾਂ ਪਾਸੋਂ ਕਤਲ ਸਮੇਂ ਵਰਤੀ ਕਿਰਚ ਤੇ ਕਾਰ ਵੀ ਬਰਾਮਦ ਕਰ ਲਈ ਹੈ।

ਇਹ ਵੀ ਪੜ੍ਹੋ: ਪੰਜਾਬ 'ਚ ਵੱਡੀ ਵਾਰਦਾਤ! ਨਾਜਾਇਜ਼ ਸਬੰਧਾਂ ਕਾਰਨ ਕਤਲ ਕਰਕੇ ਬਿਆਸ ਦਰਿਆ 'ਚ ਸੁੱਟਿਆ ਨੌਜਵਾਨ
ਰਾਹੁਲ ਦੇਰ ਰਾਤ ਆਪਣਾ ਕੰਮ ਖ਼ਤਮ ਕਰਕੇ ਸੁਲਤਾਨਪੁਰ ਲੋਧੀ ਤੋਂ ਘਰ ਵਾਪਸ ਆ ਰਿਹਾ ਸੀ ਪਰ ਉਹ ਨਹੀਂ ਪਹੁੰਚਿਆ। ਉਸ ਦੇ ਪਰਿਵਾਰ ਨੇ ਸਾਰੀ ਰਾਤ ਉਸ ਦੀ ਭਾਲ ਕੀਤੀ ਪਰ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ ਸੀ। ਅਗਲੀ ਸਵੇਰ ਉਸ ਦਾ ਮੋਟਰਸਾਈਕਲ ਬਾਊਪੁਰ ਜਾਣ ਵਾਲੇ ਰਸਤੇ 'ਤੇ ਬਿਆਸ ਦਰਿਆ ਦੇ ਪੁਲ ਕੋਲ ਛੱਡਿਆ ਹੋਇਆ ਮਿਲਿਆ, ਜਿਸ ਨਾਲ ਪਰਿਵਾਰ ਅਤੇ ਪਿੰਡ ਵਾਸੀਆਂ ਵਿੱਚ ਚਿੰਤਾ ਪੈਦਾ ਹੋ ਗਈ।

ਮਾਮਲੇ ਦੀ ਜਾਣਕਾਰੀ ਮਿਲਣ 'ਤੇ ਕਬੀਰਪੁਰ ਪੁਲਸ ਸਟੇਸ਼ਨ ਨੇ ਜਾਂਚ ਸ਼ੁਰੂ ਕੀਤੀ। ਜਾਂਚ ਦੌਰਾਨ ਸੁਲਤਾਨਪੁਰ ਲੋਧੀ ਤੋਂ ਬਾਊਪੁਰ ਤੱਕ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਗਈ। ਪੁਲਸ ਨੂੰ ਕੁਝ ਮਹੱਤਵਪੂਰਨ ਸੁਰਾਗ ਮਿਲੇ, ਜਿਨ੍ਹਾਂ ਦੇ ਆਧਾਰ 'ਤੇ ਜਾਂਚ ਨੂੰ ਅੱਗੇ ਵਧਾਇਆ ਗਿਆ। ਇਸ ਦੌਰਾਨ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਖ਼ੁਦ ਬਿਆਸ ਦਰਿਆ ਵਿੱਚ ਤਲਾਸ਼ੀ ਸ਼ੁਰੂ ਕੀਤੀ। ਕਿਸ਼ਤੀਆਂ ਦੀ ਵਰਤੋਂ ਕਰਕੇ ਲਗਭਗ 12 ਘੰਟੇ ਤੱਕ ਭਾਲ ਜਾਰੀ ਰਹੀ। ਵਿਆਪਕ ਯਤਨਾਂ ਤੋਂ ਬਾਅਦ ਰਾਹੁਲ ਦੀ ਲਾਸ਼ ਕਰਮੁਵਾਲਾ ਬੰਦਰਗਾਹ ਦੇ ਨੇੜੇ ਦਰਿਆ ਵਿੱਚੋਂ ਬਰਾਮਦ ਕੀਤੀ ਗਈ। ਲਾਸ਼ ਦੀ ਖੋਜ ਨਾਲ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ।
ਇਹ ਵੀ ਪੜ੍ਹੋ: 6 ਜ਼ਿਲ੍ਹਿਆਂ 'ਚ IMD ਨੇ ਜਾਰੀ ਕਰ 'ਤਾ ਅਲਰਟ! ਪੰਜਾਬ ਲਈ ਮੌਸਮ ਵਿਭਾਗ ਦੀ ਵੱਡੀ ਅਪਡੇਟ
ਡੀ. ਐੱਸ. ਪੀ. ਸੁਲਤਾਨਪੁਰ ਲੋਧੀ ਧੀਰੇਂਦਰ ਵਰਮਾ ਨੇ ਦੱਸਿਆ ਕਿ ਪੁਲਸ ਜਾਂਚ ਵਿੱਚ ਕਤਲ ਨਾਲ ਸਬੰਧਤ ਮਹੱਤਵਪੂਰਨ ਤੱਥ ਸਾਹਮਣੇ ਆਏ ਹਨ। ਸੁਲਤਾਨਪੁਰ ਲੋਧੀ ਦੇ ਡੀ. ਐੱਸ. ਪੀ. ਧੀਰੇਂਦਰ ਵਰਮਾ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਮ੍ਰਿਤਕ ਰਾਹੁਲ ਦੇ ਇਕ ਮਹਿਲਾ ਨਾਲ ਕਥਿਤ ਨਾਜਾਇਜ਼ ਸਬੰਧ ਸਨ। ਇਸੇ ਰੰਜਿਸ਼ ਕਾਰਨ ਮਹਿਲਾ ਦੇ ਪਤੀ ਨੇ ਆਪਣੇ ਦੋ ਸਾਥੀਆਂ ਨਾਲ ਮਿਲ ਕੇ ਰਾਹੁਲ ਦਾ ਕਤਲ ਕਰ ਦਿੱਤਾ ਅਤੇ ਉਸ ਦੀ ਲਾਸ਼ ਨੂੰ ਦਰਿਆ 'ਚ ਸੁੱਟ ਦਿੱਤੀ। ਪੁਲਸ ਨੇ ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਨ੍ਹਾਂ ਖ਼ਿਲਾਫ਼ ਐੱਫ਼. ਆਈ. ਆਰ. ਦਰਜ ਕੀਤੀ ਗਈ ਹੈ। ਜਾਂਚ ਦੇ ਆਧਾਰ 'ਤੇ ਕਬੀਰਪੁਰ ਥਾਣੇ ਵਿੱਚ ਭਾਰਤੀ ਦੰਡ ਸੰਹਿਤਾ (ਆਈ. ਪੀ. ਸੀ) ਦੀ ਧਾਰਾ 103 (1) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਅਧਿਕਾਰੀਆਂ ਅਨੁਸਾਰ ਮੁਲਜ਼ਮਾਂ ਤੋਂ ਪੁੱਛਗਿੱਛ ਜਾਰੀ ਹੈ ਅਤੇ ਮਾਮਲੇ ਦੇ ਸਾਰੇ ਪਹਿਲੂਆਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕ ਦੇ ਪਰਿਵਾਰ ਨੇ ਦੋਸ਼ੀਆਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਕਿਸਾਨਾਂ ਨੇ 8 ਜੂਨ ਲਈ ਕੀਤਾ ਵੱਡਾ ਐਲਾਨ! ਝਲਣੀ ਪਵੇਗੀ ਨਵੀਂ ਮੁਸੀਬਤ, 17 ਜ਼ਿਲ੍ਹਿਆਂ 'ਚ ਹੋਵੇਗਾ ਅੰਦੋਲਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
