ਢਾਈ ਸਾਲ ਪਹਿਲਾਂ ਮਰੇ ਨੌਜਵਾਨ ’ਤੇ ਨਸ਼ਾ ਤਸਕਰੀ ਦਾ ਪਰਚਾ ਦਰਜ ਕਰਕੇ ਕਸੂਤੀ ਫਸੀ ਗੜ੍ਹਸ਼ੰਕਰ ਪੁਲਸ
Tuesday, May 24, 2022 - 07:07 PM (IST)

ਗੜ੍ਹਸ਼ੰਕਰ (ਸੰਜੀਵ) - ਸੂਬੇ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਨਸ਼ੇ ਦੇ ਖਾਤਮੇ ਲਈ ਪੰਜਾਬ ਪੁਲਸ ਵਲੋਂ ਵਰਤੀ ਜਾ ਰਹੀ ਸਖ਼ਤੀ ਕਿਤੇ ਨਾ ਕੀਤੇ ਪੁਲਸ 'ਤੇ ਭਾਰੂ ਪੈਂਦੀ ਨਜ਼ਰ ਆ ਰਹੀ ਹੈ। ਅਜਿਹਾ ਮਾਮਲਾ ਗੜ੍ਹਸ਼ੰਕਰ 'ਚ ਵਾਪਰਿਆ, ਜਿਥੇ ਢਾਈ ਸਾਲ ਪਹਿਲਾ ਮਰੇ ਨੌਜਵਾਨ 'ਤੇ ਪੁਲਸ ਵਲੋਂ ਸਮੇਤ 13 ਲੋਕਾਂ 'ਤੇ ਐੱਨ.ਡੀ.ਪੀ.ਐੱਸ. ਐਕਟ ਦੀਆਂ ਵੱਖ-ਵੱਖ ਧਰਾਵਾਂ ਤਹਿਤ ਮੁਕੱਦਮਾ ਦਰਜ ਕਰਨ ਨਾਲ ਗੜ੍ਹਸ਼ੰਕਰ ਪੁਲਸ ਕਸੂਤੀ ਫਸੀ ਹੋਈ ਨਜ਼ਰ ਆ ਰਹੀ ਹੈ।
ਪੜ੍ਹੋ ਇਹ ਵੀ ਖ਼ਬਰ: ਤਰਨਤਾਰਨ ਵਿਖੇ ਪ੍ਰੇਮੀ ਜੋੜੇ ਨੇ ਕੀਤੀ ਖ਼ੁਦਕੁਸ਼ੀ, ਨੌਜਵਾਨ ਦਾ ਡੇਢ ਮਹੀਨਾ ਪਹਿਲਾਂ ਹੋਇਆ ਸੀ ਵਿਆਹ
ਮਿਲੀ ਜਾਣਕਾਰੀ ਅਨੁਸਾਰ ਗੜ੍ਹਸ਼ੰਕਰ ਪੁਲਸ ਨੇ ਲੰਘੀ 20 ਮਈ ਨੂੰ ਮੁਖ਼ਬਰ ਖ਼ਾਸ ਦੀ ਇਤਲਾਹ 'ਤੇ ਨਸ਼ੇ ਦਾ ਧੰਦਾ ਕਰਨ ਦੇ ਦੋਸ਼ ਹੇਠ ਨਸ਼ੇ ਦੇ ਮਾਮਲੇ 'ਚ ਬਦਨਾਮ ਨਜ਼ਦੀਕੀ ਪਿੰਡ ਦੋਨੋਵਾਲ ਖੁਰਦ (ਬਸਤੀ ਸੈਂਸੀਆਂ) ਨਾਲ ਸਬੰਧਤ 6 ਜਨਾਨੀਆਂ ਸਮੇਤ 13 ਜਣਿਆਂ ਖਿਲਾਫ਼ ਦਰਜ ਕਰਕੇ 7 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਮੁਕੱਦਮੇ ਵਿਚ ਗੁਰਦੀਪ ਸਿੰਘ ਉਰਫ ਦੀਪਾ ਪੁੱਤਰ ਸੁਰਜੀਤ ਸਿੰਘ ਵਾਸੀ ਦੇਨੋਵਾਲ ਖੁਰਦ ਦਾ ਨਾਂ ਵੀ ਸ਼ਾਮਲ ਸੀ। ਪੁਲਸ ਵਲੋਂ ਦਰਜ ਮੁਕੱਦਮੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਗੁਰਦੀਪ ਸਿੰਘ ਉਰਫ ਦੀਪਾ ਦੇ ਪਿਤਾ ਸੁਰਜੀਤ ਸਿੰਘ ਪੁੱਤਰ ਨੰਦੂ ਰਾਮ ਨੇ ਪੁਲਸ ਵਲੋਂ ਦਰਜ ਮੁਕੱਦਮੇ ਦੀ ਪੋਲ ਖੋਲ੍ਹਦੇ ਹੋਏ ਦੱਸਿਆ ਕਿ ਉਸਦੇ ਪੁੱਤਰ ਗੁਰਦੀਪ ਸਿੰਘ ਦੀ ਕਰੀਬ ਢਾਈ ਸਾਲ ਪਹਿਲਾ 6 ਦਸੰਬਰ 2019 ਨੂੰ ਮੌਤ ਹੋ ਚੁੱਕੀ ਹੈ ਤੇ ਉਸਦੀ ਮੌਤ ਦਾ ਸਰਟੀਫਿਕੇਟ ਵੀ ਪਰਿਵਾਰ ਕੋਲ ਮੌਜੂਦ ਹੈ।
ਪੜ੍ਹੋ ਇਹ ਵੀ ਖ਼ਬਰ: ਦੁਖਦ ਖ਼ਬਰ: ਪਿਤਾ ਤੇ ਤਾਏ ਦੀ ਮੌਤ ਦਾ ਸਦਮਾ ਨਾ ਸਹਾਰ ਸਕਿਆ 16 ਸਾਲਾ ਨੌਜਵਾਨ, ਇੰਝ ਲਾਇਆ ਮੌਤ ਨੂੰ ਗਲ
ਪੁਲਸ ਮੁਖੀ ਹੁਸ਼ਿਆਰਪੁਰ ਅਤੇ ਐੱਸ. ਸੀ.ਕਮਿਸ਼ਨ ਚੰਡੀਗੜ੍ਹ ਨੂੰ ਗੜ੍ਹਸ਼ੰਕਰ ਪੁਲਸ ਵਲੋਂ ਦਰਜ ਮੁਕੱਦਮੇ 'ਚ ਆਪਣੇ ਮ੍ਰਿਤਕ ਪੁੱਤਰ ਦਾ ਦੋਸ਼ੀ ਵਜੋਂ ਝੂਠਾ ਨਾਂ ਸ਼ਾਮਲ ਕਰਨ ਦੀ ਸ਼ਿਕਾਇਤ ਕਰਦੇ ਹੋਏ ਪੀੜਤ ਪਰਿਵਾਰ ਨੇ ਕਿਹਾ ਕਿ ਉਸਨੂੰ ਸਮਾਜ ’ਚ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਹੈ। ਉਨ੍ਹਾਂ ਇਸ ਮਾਮਲੇ ਇਨਸਾਫ਼ ਦੀ ਮੰਗ ਕਰਦਿਆਂ ਇਸਦੀ ਪੜਤਾਲ ਕਿਸੇ ਗਜਟਿਡ ਅਫ਼ਸਰ ਤੋਂ ਕਰਨ ਦੀ ਮੰਗ ਕੀਤੀ। ਇਸ ਸਬੰਧ ’ਚ ਐੱਸ.ਪੀ. ਗੜ੍ਹਸ਼ੰਕਰ ਨਰਿੰਦਰ ਸਿੰਘ ਔਜਲਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਗੁਪਤ ਸੂਚਨਾ ਦੀ ਇਤਲਾਹ ਦੇ ਮੁਕੱਦਮਾ ਦਰਜ ਕੀਤਾ ਗਿਆ ਹੈ। ਇਸ ਸਬੰਧ ਵਿੱਚ ਜਾਂਚ ਕੀਤੀ ਜਾ ਰਹੀ ਹੈ।