ਸਰਕਾਰ ਮ੍ਰਿਤਕਾਂ ਦੇ ਆਸ਼ਰਿਤਾਂ ਦਾ ਭਵਿੱਖ ਸੁਰੱਖਿਅਤ ਕਰਨ ਤੋਂ ਬਾਅਦ ਹੀ ਭੇਜੇ ਲਾਸ਼ਾਂ
Saturday, Mar 24, 2018 - 07:45 AM (IST)

ਬਾਬਾ ਬਕਾਲਾ ਸਾਹਿਬ (ਅਠੌਲਾ) - ਅੱਜ ਬਾਬਾ ਬਕਾਲਾ ਸਾਹਿਬ ਵਿਖੇ ਇਰਾਕ 'ਚ ਮਾਰੇ ਹੋਏ 39 ਭਾਰਤੀ ਨਾਗਰਿਕਾਂ ਦੇ ਪਰਿਵਾਰਕ ਮੈਂਬਰਾਂ ਨੇ ਇਨਸਾਫ ਲੈਣ ਲਈ ਸੰਘਰਸ਼ ਕਰਨ ਦਾ ਐਲਾਨ ਕੀਤਾ ਹੈ। 20 ਤੋਂ ਵੱਧ ਮ੍ਰਿਤਕ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਭਾਰਤ ਸਰਕਾਰ ਨੇ ਮ੍ਰਿਤਕਾਂ ਬਾਰੇ ਓਹਲੇ 'ਚ ਰੱਖਿਆ, ਅਸੀਂ ਤਕਰੀਬਨ 12 ਵਾਰ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਮਿਲੇ ਪਰ ਹਰ ਵਾਰ ਇਹੀ ਭਰੋਸਾ ਦਿੱਤਾ ਜਾਂਦਾ ਰਿਹਾ ਕਿ ਲਾਪਤਾ ਨੌਜਵਾਨ ਬਿਲਕੁਲ ਠੀਕ ਹਨ। ਅਖੀਰ ਉਨ੍ਹਾਂ ਨੂੰ ਉਨ੍ਹਾਂ ਦੇ ਪੁੱਤਰਾਂ ਦੇ ਕਤਲ ਕਰ ਦਿੱਤੇ ਜਾਣ ਦੀਆਂ ਖਬਰਾਂ ਟੀ. ਵੀ. 'ਚ ਦੇਖਣ ਨੂੰ ਮਿਲੀਆਂ। ਇਸ ਮੌਕੇ ਪਰਿਵਾਰਾਂ ਦੀ ਆਪਸੀ ਸਹਿਮਤੀ ਨਾਲ ਹੋਈ ਮੀਟਿੰਗ ਤੋਂ ਬਾਅਦ ਇਕ 8 ਮੈਂਬਰ ਕਮੇਟੀ ਦਾ ਗਠਨ ਕੀਤਾ ਗਿਆ। ਕਮੇਟੀ ਨੇ ਮੰਗ ਕੀਤੀ ਕਿ ਜੇਕਰ ਕੇਂਦਰ ਸਰਕਾਰ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਰੱਖਦੀ ਹੈ ਤਾਂ ਉਹ ਪਹਿਲ ਦੇ ਆਧਾਰ 'ਤੇ ਮ੍ਰਿਤਕਾਂ ਦੇ ਆਸ਼ਰਿਤਾਂ ਦਾ ਭਵਿੱਖ ਸੁਰੱਖਿਅਤ ਯਕੀਨੀ ਬਣਾਵੇ ਅਤੇ ਉਨ੍ਹਾਂ ਨੂੰ ਨੌਕਰੀਆਂ ਆਦਿ ਦਿੱਤੀਆਂ ਜਾਣ।
ਉਨ੍ਹਾਂ ਕਿਹਾ ਕਿ ਜਿੰਨਾ ਚਿਰ ਸਾਡੀ ਇਹ ਮੰਗ ਨਹੀਂ ਮੰਨੀ ਜਾਂਦੀ, ਓਨਾ ਚਿਰ ਸਾਡੇ ਘਰਾਂ ਵਿਚ ਮ੍ਰਿਤਕ ਦੇਹਾਂ ਨਾ ਲਿਆਂਦੀਆਂ ਜਾਣ। ਕਮੇਟੀ ਨੇ ਕੇਂਦਰ ਸਰਕਾਰ ਨੂੰ 24 ਮਾਰਚ ਤੱਕ ਦਾ ਅਲਟੀਮੇਟਮ ਦਿੰਦਿਆਂ ਕਿਹਾ ਕਿ ਜੇਕਰ ਇਹ ਮੰਗ ਨਾ ਮੰਨੀ ਗਈ ਤਾਂ ਸੋਮਵਾਰ ਨੂੰ ਮ੍ਰਿਤਕਾਂ ਦੇ ਪਰਿਵਾਰ ਦਿੱਲੀ ਦੇ ਜੰਤਰ-ਮੰਤਰ ਚੌਕ ਵਿਖੇ ਅਣਮਿੱਥੇ ਸਮੇਂ ਲਈ ਧਰਨੇ 'ਤੇ ਬੈਠ ਜਾਣਗੇ।
ਇਸ ਮੌਕੇ ਮ੍ਰਿਤਕ ਮਨਜਿੰਦਰ ਸਿੰਘ ਭੋਏਵਾਲ ਦੀ ਭੈਣ ਗੁਰਪਿੰਦਰ ਕੌਰ, ਜਤਿੰਦਰ ਸਿੰਘ ਸਿਆਲਕਾ ਦੀ ਮਾਤਾ ਰਣਜੀਤ ਕੌਰ, ਹਰੀਸ਼ ਕੁਮਾਰ ਅੰਮ੍ਰਿਤਸਰ ਦਾ ਭਰਾ ਮਨੀਸ਼ ਕੁਮਾਰ, ਗੋਬਿੰਦਰ ਸਿੰਘ ਮੁਰਾੜ (ਕਪੂਰਥਲਾ) ਦਾ ਭਰਾ ਦਵਿੰਦਰ ਸਿੰਘ, ਪ੍ਰਿਤਪਾਲ ਸ਼ਰਮਾ ਧੁੱਸੀ (ਨਵਾਂਸ਼ਹਿਰ) ਦਾ ਪੁੱਤਰ ਨੀਰਜ, ਨਿਸ਼ਾਨ ਸਿੰਘ ਪੁੱਤਰ ਸੰਗੋਆਣਾ ਦਾ ਪੁੱਤਰ ਸਰਵਣ ਸਿੰਘ, ਇੰਦਰਜੀਤ ਕੁਮਾਰ ਹਿਮਾਚਲ ਪ੍ਰਦੇਸ਼ ਦਾ ਭਰਾ ਅਜੇ ਕੁਮਾਰ, ਅਮਨ ਕੁਮਾਰ ਹਿਮਾਚਲ ਪ੍ਰਦੇਸ਼ ਦਾ ਭਰਾ ਰਮਨ ਕੁਮਾਰ, ਧਰਮਿੰਦਰ ਕੁਮਾਰ ਤਲਵੰਡੀ ਜੱਟਾਂ ਦੀ ਮਾਤਾ ਧਰਮਿੰਦਰ ਕੌਰ, ਹਰਸਿਮਰਨਜੀਤ ਸਿੰਘ ਬਾਬੋਵਾਲ ਦੀ ਮਾਤਾ ਹਰਭਜਨ ਕੌਰ, ਸੋਨੂੰ ਚਵਿੰਡਾ ਦੇਵੀ ਦੀ ਪਤਨੀ ਸੀਮਾ, ਕੰਵਲਜੀਤ ਸਿੰਘ ਰੂਪੋਵਾਲੀ ਦਾ ਪਰਿਵਾਰ, ਰਣਜੀਤ ਸਿੰਘ ਮਾਨਾਂਵਾਲਾ ਦੀ ਭੈਣ ਕੁਲਵੀਰ ਕੌਰ ਅਤੇ ਪਰਿਵਾਰ, ਸੁਰਜੀਤ ਚੋਵਾਲੀ (ਜਲੰਧਰ) ਦੀ ਪਤਨੀ ਊਸ਼ਾ ਰਾਣੀ, ਬਲਵੰਤ ਰਾਏ ਢੱਡਾ ਦਾ ਪੁੱਤਰ ਪਵਨ, ਗੁਰਚਰਨ ਸਿੰਘ ਜਲਾਲਉਸਮਾਂ ਦੀ ਮਾਤਾ ਜਤਿੰਦਰ ਕੌਰ, ਮਲਕੀਤ ਸਿੰਘ ਤਾਲੀਆਂਵਾਲਾ ਦਾ ਭਰਾ ਪਰਮਜੀਤ ਸਿੰਘ ਆਦਿ ਪਰਿਵਾਰਕ ਮੈਂਬਰ ਹਾਜ਼ਰ ਸਨ।