ਰੱਖੜੀ ਵਾਲੇ ਦਿਨ ਵਿਦੇਸ਼ ਤੋਂ ਘਰ ਪਹੁੰਚੇਗੀ ਭਰਾ ਦੀ ਲਾਸ਼, ਰੋ-ਰੋ ਕੇ ਭੈਣਾਂ ਦਾ ਬੁਰਾ ਹਾਲ

Friday, Aug 04, 2017 - 04:20 PM (IST)

ਮੋਹਾਲੀ/ ਕੈਲੀਫੋਰਨੀਆ— 7 ਅਗਸਤ ਨੂੰ ਜਿੱਥੇ ਪੰਜਾਬ ਭਰ ਵਿਚ ਭੈਣਾਂ ਆਪਣੇ ਭਰਾਵਾਂ ਦੇ ਗੁੱਟਾਂ 'ਤੇ ਰੱਖੜੀ ਬੰਨ੍ਹ ਕੇ ਉਨ੍ਹਾਂ ਤੋਂ ਆਪਣੀ ਰੱਖਿਆ ਦਾ ਵਚਨ ਲੈਣਗੀਆਂ। ਉੱਥੇ ਪੰਜਾਬ ਦਾ ਇਕ ਘਰ ਅਜਿਹਾ ਹੈ, ਜਿੱਥੇ ਭੈਣਾਂ ਦਾ ਆਪਣੇ ਭਰਾ ਨੂੰ ਮਿਲਣ ਦਾ ਇੰਤਜ਼ਾਰ ਤਾਂ ਖਤਮ ਹੋਵੇਗਾ ਪਰ ਘਰ ਪਹੁੰਚੇਗੀ ਤਾਂ ਉਸ ਦੀ ਲਾਸ਼। ਅਮਰੀਕਾ ਦੇ ਸੈਕਰਾਮੈਂਟੋ ਵਿਖੇ 27 ਜੁਲਾਈ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰੇ ਗਏ ਮੋਹਾਲੀ ਦੇ 20 ਸਾਲਾ ਨੌਜਵਾਨ ਸਿਮਰਨਜੀਤ ਸਿੰਘ ਭੰਗੂ ਦੀ ਲਾਸ਼ ਰੱਖੜੀ ਵਾਲੇ ਦਿਨ ਉਸ ਦੇ ਘਰ ਪਹੁੰਚੇਗੀ। ਇਸ ਤੋਂ ਅਗਲੇ ਦਿਨ ਉਸ ਦਾ ਦਾਹ ਸੰਸਕਾਰ ਕਰ ਦਿੱਤਾ ਜਾਵੇਗਾ। 
ਸਿਮਰਨਜੀਤ ਦੀ ਭੈਣ ਨਵਜੀਤ ਨੇ ਰੋਂਦੀ ਹੋਏ ਨੇ ਕਿਹਾ ਕਿ ਉਸ ਲਈ ਰੱਖੜੀ ਤਾਂ ਕਿ ਸਾਰੇ ਤਿਉਹਾਰ ਹੀ ਖਤਮ ਹੋ ਗਏ। ਉਸ ਦੇ ਭਰਾ ਤੋਂ ਬਿਨਾਂ ਉਸ ਲਈ ਕਿਸੇ ਤਿਉਹਾਰ ਦਾ ਕੋਈ ਮਤਲਬ ਨਹੀਂ ਹੈ। ਨਵਜੀਤ ਨੇ ਕਿਹਾ ਕਿ ਰੱਖੜੀ ਵਾਲੇ ਦਿਨ ਆਪਣੇ ਭਰਾ ਨੂੰ ਅਲਵਿਦਾ ਆਖਣ ਦੇ ਦਰਦ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ। ਹਾਲਾਂਕਿ ਨਵਜੀਤ ਨੇ ਆਪਣੇ ਜਾਂਦੇ ਹੋਏ ਭਰਾ ਨੂੰ ਆਖਰੀ ਰੱਖੜੀ ਇਸ ਦਰਦਨਾਕ ਹਾਦਸੇ ਤੋਂ ਪਹਿਲਾਂ ਭੇਜ ਦਿੱਤੀ ਸੀ। ਮੌਤ ਤੋਂ ਪਹਿਲਾਂ ਸਿਮਰਨਜੀਤ ਨੇ ਕਾਲ ਕਰਕੇ ਨਵਜੀਤ ਨੂੰ ਦੱਸਿਆ ਵੀ ਸੀ ਕਿ ਉਸ ਨੂੰ ਰੱਖੜੀ ਮਿਲ ਚੁੱਕੀ ਹੈ। ਉਹ ਬਹੁਤ ਖੁਸ਼ ਸੀ ਅਤੇ ਇਸ ਤੋਂ ਕੁਝ ਘੰਟਿਆਂ ਬਾਅਦ ਹੀ ਨਵਜੀਤ ਨੂੰ ਫੋਨ 'ਤੇ ਆਪਣੇ ਭਰਾ ਦੀ ਮੌਤ ਦੀ ਖ਼ਬਰ ਮਿਲੀ ਸੀ।
ਸਿਮਰਨਜੀਤ 3 ਭੈਣਾਂ ਦਾ ਇਕਲੌਤਾ ਭਰਾ ਸੀ। ਉਹ ਅਮਰੀਕਾ ਵਿਚ ਆਪਣੀ ਵੱਡੀ ਭੈਣ ਹਰਪਿੰਦਰ ਕੌਰ ਕੋਲ ਰਹਿੰਦਾ ਸੀ। ਜਿੱਥੇ ਸਿਮਰਨਜੀਤ ਦਾ ਕਤਲ ਕੀਤਾ ਗਿਆ, ਉਥੋਂ 10 ਮਿੰਟਾਂ ਦੀ ਦੂਰੀ 'ਤੇ ਹਰਪਿੰਦਰ ਦਾ ਘਰ ਸੀ। ਉਸ ਦੀ ਦੂਜੀ ਭੈਣ ਰਾਜਵਿੰਦਰ, ਨਿਊਜ਼ੀਲੈਂਡ ਵਿਚ ਆਪਣੇ ਪਤੀ ਨਾਲ ਰਹਿੰਦੀ ਹੈ, ਜਦੋਂ ਕਿ ਨਵਜੀਤ ਖਰੜ ਵਿਚ ਰਹਿੰਦੀ ਹੈ। 
ਨਵਜੀਤ ਨੇ ਕਿਹਾ ਕਿ ਉਹ 10ਵੀਂ ਕਲਾਸ ਵਿਚ ਸੀ, ਜਦੋਂ ਉਸ ਨੇ ਸਿਮਰਨਜੀਤ ਨੂੰ ਪਹਿਲੀ ਵਾਰ ਆਪਣੇ ਹੱਥਾਂ ਵਿਚ ਫੜਿਆ ਸੀ। ਉਸ ਦਾ ਜਨਮ ਨਵਜੀਤ ਤੋਂ 16 ਸਾਲਾਂ ਬਾਅਦ ਹੋਇਆ ਸੀ। ਉਹ ਅਕਸਰ ਆਪਣੀਆਂ ਭੈਣਾਂ ਨੂੰ ਕਹਿੰਦਾ ਸੀ ਕਿ ਉਹ ਉਸ ਨੂੰ ਆਪਣੀ ਜ਼ਿੰਦਗੀ ਵਿਚ ਇੰਨੀਂ ਦੇਰੀ ਨਾਲ ਕਿਉਂ ਲੈ ਕੇ ਆਏ? ਨਵਜੀਤ ਨੇ ਰੋਂਦੇ ਹੋਏ ਕਿਹਾ ਕਿ ਸ਼ਾਇਦ ਸਿਮਰਨਜੀਤ ਉਨ੍ਹਾਂ ਦਾ ਭਰਾ ਹੋਣ ਦੀਆਂ ਜ਼ਿੰਮੇਵਾਰੀਆਂ ਨਿਭਾਉਣ ਲਈ ਹੀ ਇਸ ਦੁਨੀਆ 'ਤੇ ਆਇਆ ਸੀ। ਉਸ ਨੇ ਸਾਡੇ ਵਿਆਹ ਹੁੰਦੇ ਹੋਏ ਵੇਖੇ, ਸਾਨੂੰ ਆਪਣੀ ਜ਼ਿੰਦਗੀ ਵਿਚ ਸੈਟਲ ਹੁੰਦੇ ਦੇਖਿਆ ਤਾਂ ਆਪਣੀਆਂ ਜ਼ਿੰਮੇਵਾਰੀਆਂ ਨਿਭਾਅ ਕੇ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ। 
ਰੱਖੜੀ ਵਾਲੇ ਦਿਨ ਪਹੁੰਚੇਗੀ ਲਾਸ਼—
ਸਿਮਰਨਜੀਤ ਦੇ ਜੀਜੇ ਹਰਤੇਜਪ੍ਰੀਤ ਚੌਹਾਨ ਨੇ ਦੱਸਿਆ ਕਿ ਉਹ ਐਤਵਾਰ ਨੂੰ ਉਸ ਦੀ ਮ੍ਰਿਤਕ ਦੇਹ ਸਮੇਤ ਅਮਰੀਕਾ ਤੋਂ ਚੱਲਣਗੇ ਅਤੇ ਅਗਲੇ ਦਿਨ ਸੋਮਵਾਰ ਸ਼ਾਮ ਨੂੰ ਮੋਹਾਲੀ ਪਹੁੰਚਣਗੇ। ਸਿਮਰਨਜੀਤ ਦੇ ਪਿਤਾ ਰਣਜੀਤ ਸਿੰਘ ਅਤੇ ਮਨਮੀਤ ਕੌਰ, ਜੋ ਇਸ ਦਰਦਨਾਕ ਹਾਦਸੇ ਸਮੇਂ ਆਪਣੇ ਨਵਜੰਮੇ ਦੋਹਤੇ ਨੂੰ ਦੇਖਣ ਲਈ ਨਿਊਜ਼ੀਲੈਂਡ ਗਏ ਸਨ, ਉਹ ਵੀ ਸ਼ਨੀਵਾਰ ਨੂੰ ਮੋਹਾਲੀ ਪਹੁੰਚ ਜਾਣਗੇ। ਬੁਢਾਪੇ ਵਿਚ ਕਿਸੇ ਵੀ ਮਾਤਾ-ਪਿਤਾ ਲਈ ਆਪਣੇ ਜਵਾਨ ਪੁੱਤਰ ਦੀ ਲਾਸ਼ ਢੋਣਾ ਸਭ ਤੋਂ ਵੱਡਾ ਦੁੱਖ ਹੁੰਦਾ ਹੈ।


Related News