ਮੈਕਲੋਡਗੰਜ ਘੁੰਮਣ ਗਏ ਕਤਲ ਕੀਤੇ ਜਵਾਨ ਪੁੱਤ ਦੀ ਘਰ ਪਹੁੰਚੀ ਲਾਸ਼ ਨੂੰ ਵੇਖ ਧਾਹਾਂ ਮਾਰ ਰੋਇਆ ਪਰਿਵਾਰ
Saturday, Mar 23, 2024 - 06:14 PM (IST)
ਫਗਵਾੜਾ (ਸੋਨੂੰ)- ਹਿਮਾਚਲ ਵਿਖੇ ਮੈਕਲੋਡਗੰਜ ਘੁੰਮਣ ਗਏ ਫਗਵਾੜਾ ਦੇ ਇਕ ਨੌਜਵਾਨ ਦਾ ਭਾਗਸੁਨਾਗ ਵਿੱਚ ਇਕ ਰੈਸਟੋਰੈਂਟ 'ਚ ਕਤਲ ਕਰ ਦਿੱਤਾ ਗਿਆ ਸੀ। ਮ੍ਰਿਤਕ ਦੀ ਪਛਾਣ ਨਵਦੀਪ ਸਿੰਘ (33) ਪੁੱਤਰ ਬਲਵਿੰਦਰ ਸਿੰਘ ਵਾਸੀ ਗੁਰੂ ਤੇਗ ਬਹਾਦਰ ਨਗਰ ਟਿੱਬੀ ਤਹਿਸੀਲ ਫਗਵਾੜਾ ਵਜੋਂ ਹੋਈ ਸੀ। ਨਵਦੀਪ ਦੀ ਮ੍ਰਿਤਕ ਦੇਹ ਨੂੰ ਹਿਮਾਚਲ 'ਚ ਸਾਰੀਆਂ ਕਾਰਵਾਈਆਂ ਪੂਰੀਆਂ ਕਰਨ ਤੋਂ ਬਾਅਦ ਦੇਰ ਰਾਤ ਫਗਵਾੜਾ ਲਿਆਂਦਾ ਗਿਆ, ਜਿੱਥੇ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਫਗਵਾੜਾ ਦੇ ਮੁਰਦਾ ਘਰ 'ਚ ਰੱਖਵਾਇਆ ਗਿਆ, ਜਿਸ ਦਾ ਅੰਤਿਮ ਸੰਸਕਾਰ ਅੱਜ ਕਰ ਦਿੱਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਮੈਕਲੋਡਗੰਜ ਘੁੰਮਣ ਗਏ ਨਵਦੀਪ ਦਾ ਕੁੱਟ-ਕੁੱਟ ਕੇ ਕਤਲ ਕਰ ਦਿੱਤਾ ਸੀ। ਕਤਲ ਦੀ ਇਹ ਘਟਨਾ ਧਰਮਸ਼ਾਲਾ ਦੇ ਇਕ ਰੈਸਟੋਰੈਂਟ 'ਚ ਵਾਪਰੀ ਸੀ। ਉਕਤ ਨੌਜਵਾਨ ਦਾ ਹਿਮਾਚਲ ਦੇ ਇਕ ਰੈਸਟੋਰੈਂਟ ਵਿੱਚ ਮਾਮੂਲੀ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ। ਘਟਨਾ ਦੀ ਸੂਚਨਾ ਮਿਲਣ 'ਤੇ ਪੁੱਜੀ ਪੁਲਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਨੇ 6 ਲੋਕਾਂ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਕਰਨੀ ਸ਼ੁਰੂ ਕਰ ਦਿੱਤੀ ਹੈ। ਦੱਸ ਦੇਈਏ ਕਿ ਨਵਦੀਪ ਸਿੰਘ ਦਾ 2 ਸਾਲ ਪਹਿਲਾਂ ਹੀ ਵਿਆਹ ਹੋਇਆ ਸੀ। ਉਕਤ ਨੌਜਵਾਨ ਦਾ 1 ਸਾਲ ਦਾ ਛੋਟਾ ਬੱਚਾ ਵੀ ਹੈ। ਮਿਲੀ ਜਾਣਕਾਰੀ ਅਨੁਸਾਰ ਮਾਮੂਲੀ ਗੱਲ ਨੂੰ ਲੈ ਕੇ ਹੋਈ ਲੜਾਈ ਦੌਰਾਨ ਧਰਮਸ਼ਾਲਾ ਦੇ ਇਕ ਰੈਸਟੋਰੈਂਟ 'ਚ ਕੰਮ ਕਰਨ ਵਾਲੇ ਲੋਕਾਂ ਨੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਉਸ ਦੇ ਸਿਰ ਵਿਚ ਡੂੰਘੀ ਸੱਟ ਲੱਗ ਗਈ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ: ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਵਾਲੇ ਸ਼ਰਧਾਲੂਆਂ ਲਈ ਅਹਿਮ ਖ਼ਬਰ, ਹੁਣ ਨਹੀਂ ਲੱਗੇਗੀ ਐਂਟਰੀ ਫ਼ੀਸ
ਮ੍ਰਿਤਕ ਦੇ ਦੋਸਤਾਂ ਅਨੁਸਾਰ ਉਹ ਅਤੇ ਉਸ ਦੇ ਚਾਰ ਦੋਸਤ ਬੀਤੇ ਦਿਨੀਂ ਫਗਵਾੜਾ ਤੋਂ ਧਰਮਸ਼ਾਲਾ ਘੁੰਮਣ ਲਈ ਆਏ ਹੋਏ ਸਨ। ਵੀਰਵਾਰ ਸਵੇਰੇ ਉਹ ਭਾਗਸੁਨਾਗ ਦੇ ਦਰਸ਼ਨਾਂ ਲਈ ਗਏ। ਸਵੇਰੇ ਕਰੀਬ 10 ਵਜੇ ਇਕ ਰੈਸਟੋਰੈਂਟ ਵਿੱਚ ਪਹੁੰਚੇ। ਵੇਟਰ ਨੇ ਨੇੜੇ ਆ ਕੇ ਜਦੋਂ ਉਕਤ ਨੌਜਵਾਨਾਂ ਤੋਂ ਆਰਡਰ ਲਿਆ ਤਾਂ ਉਨ੍ਹਾਂ ਨੇ ਰੋਟੀ ਖਾਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਅਸੀਂ ਇਥੇ ਬੈਠਾਂਗੇ ਪਰ ਖਾਣਾ ਨਹੀਂ ਖਾਵਾਂਗੇ। ਫਿਰ ਕੁਝ ਸਮੇਂ ਬਾਅਦ ਵੇਟਰ ਵਾਪਸ ਆਇਆ, ਜਿਸ ਨਾਲ ਉਨ੍ਹਾਂ ਦੀ ਬਹਿਸ ਹੋ ਗਈ। ਵੇਟਰ ਨੇ ਚਾਰੇ ਦੋਸਤਾਂ ਨੂੰ ਰੈਸਟੋਰੈਂਟ 'ਚੋਂ ਬਾਹਰ ਨਿਕਲ ਜਾਣ ਲਈ ਕਿਹਾ।
ਇਸ ਦੌਰਾਨ ਫਿਰ ਵੇਟਰ ਨੇ ਨਵਦੀਪ ਨੂੰ ਪਿੱਛੇ ਤੋਂ ਧੱਕਾ ਦੇ ਦਿੱਤਾ। ਇਸ ਦਾ ਵਿਰੋਧ ਕਰਨ 'ਤੇ ਵੇਟਰ ਨੇ ਨਵਦੀਪ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ ਮੌਕੇ ਰੈਸਟੋਰੈਂਟ 'ਚ ਕੰਮ ਕਰਨ ਵਾਲੇ ਹੋਰ ਲੋਕ ਵੀ ਮੌਕੇ 'ਤੇ ਪਹੁੰਚ ਗਏ, ਜਿਨ੍ਹਾਂ ਨੇ ਚਾਰਾਂ ਦੋਸਤਾਂ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਕੁੱਟਮਾਰ ਤੋਂ ਬਾਅਦ ਨਵਦੀਪ ਜ਼ਮੀਨ 'ਤੇ ਡਿੱਗ ਗਿਆ ਅਤੇ ਉਸ ਦੇ ਸਿਰ 'ਚੋਂ ਖ਼ੂਨ ਨਿਕਲਣ ਲੱਗ ਪਿਆ। ਫਿਰ ਉਸ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਦਾਖ਼ਲ ਕਰਵਾਇਆ, ਜਿੱਥੇ ਡਾਕਟਰ ਨੇ ਨਵਦੀਪ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਇਹ ਵੀ ਪੜ੍ਹੋ: ਹੋਲਾ-ਮਹੱਲਾ ਜਾਣ ਵਾਲੇ ਸ਼ਰਧਾਲੂਆਂ ਲਈ ਅਹਿਮ ਖ਼ਬਰ, ਸਹੂਲਤਾਂ ਲਈ ਕੀਤੇ ਇਹ ਵਿਆਪਕ ਪ੍ਰਬੰਧ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8