ਫਿਰੋਜ਼ਪੁਰ ਤੋਂ ਚੰਡੀਗੜ੍ਹ ਪੁੱਜੀ ਟਰੇਨ ਦੀ ਬੋਗੀ ''ਚੋਂ ਮਿਲੀ ਲਾਸ਼, ਘਬਰਾ ਗਈਆਂ ਸਵਾਰੀਆਂ

Thursday, Dec 01, 2022 - 02:37 PM (IST)

ਫਿਰੋਜ਼ਪੁਰ ਤੋਂ ਚੰਡੀਗੜ੍ਹ ਪੁੱਜੀ ਟਰੇਨ ਦੀ ਬੋਗੀ ''ਚੋਂ ਮਿਲੀ ਲਾਸ਼, ਘਬਰਾ ਗਈਆਂ ਸਵਾਰੀਆਂ

ਚੰਡੀਗੜ੍ਹ (ਲਲਨ) : ਪੰਜਾਬ ਦੇ ਫਿਰੋਜ਼ਪੁਰ ਤੋਂ ਚੰਡੀਗੜ੍ਹ ਆਉਣ ਵਾਲੀ ਟਰੇਨ 'ਚ ਇਕ ਵਿਅਕਤੀ ਦੀ ਲਾਸ਼ ਮਿਲਣ ਨਾਲ ਹਫੜਾ-ਦਫੜੀ ਮਚ ਗਈ। ਉਸ ਦੇ ਨੇੜੇ ਦੀਆਂ ਸਵਾਰੀਆਂ ਨੂੰ ਉਹ ਬੇਹੋਸ਼ ਲੱਗ ਰਿਹਾ ਸੀ। ਫਿਰੋਜ਼ਪੁਰ ਤੋਂ ਟਰੇਨ ਜਿਵੇਂ ਹੀ ਚੰਡੀਗੜ੍ਹ ਰੇਲਵੇ ਸਟੇਸ਼ਨ ਪਹੁੰਚੀ ਤਾਂ ਉਕਤ ਵਿਅਕਤੀ ਦੀ ਜਾਣਕਾਰੀ ਰੇਲਵੇ ਪੁਲਸ ਨੂੰ ਦਿੱਤੀ ਗਈ। ਰੇਲਵੇ ਪੁਲਸ ਨੇ ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਊੁਸ ਨੂੰ ਮ੍ਰਿਤਕ ਐਲਾਨ ਦਿੱਤਾ। ਰੇਲਵੇ ਪੁਲਸ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ। ਜਾਣਕਾਰੀ ਮੁਤਾਬਕ ਲਾਸ਼ ’ਤੇ ਕਿਸੇ ਵੀ ਤਰ੍ਹਾਂ ਦੀ ਸੱਟ ਦੇ ਨਿਸ਼ਾਨ ਨਹੀਂ ਹਨ। ਉੱਥੇ ਹੀ ਮ੍ਰਿਤਕ ਦੀ ਜੇਬ 'ਚੋਂ ਕੋਈ ਅਜਿਹਾ ਦਸਤਾਵੇਜ਼ ਨਹੀਂ ਮਿਲਿਆ, ਜਿਸ ਨਾਲ ਉਸ ਦੀ ਪਛਾਣ ਹੋ ਸਕੇ। ਮੌਤ ਦਾ ਕਾਰਨ ਪੋਸਟਮਾਰਟਮ ਤੋਂ ਬਾਅਦ ਹੀ ਸਾਹਮਣੇ ਆ ਸਕੇਗਾ। ਫਿਲਹਾਲ ਲਾਸ਼ ਪੰਚਕੂਲਾ ਸੈਕਟਰ-6 ਦੇ ਸਿਵਲ ਹਸਪਤਾਲ 'ਚ ਰਖਵਾ ਦਿੱਤੀ ਗਈ ਹੈ।
ਦੁਪਹਿਰ 2.30 ਵਜੇ ਮਿਲੀ ਸੂਚਨਾ
ਜੀ. ਆਰ. ਪੀ. ਦੇ ਇਕ ਪੁਲਸ ਮੁਲਾਜ਼ਮ ਨੇ ਦੱਸਿਆ ਕਿ ਫਿਰੋਜ਼ਪੁਰ ਤੋਂ ਚੰਡੀਗੜ੍ਹ ਆਉਣ ਵਾਲੀ ਟਰੇਨ 'ਚ ਲਗਭਗ 2.30 ਵਜੇ ਲਾਸ਼ ਮਿਲਣ ਦੀ ਸੂਚਨਾ ਹਾਸਲ ਹੋਈ ਸੀ। ਤੁਰੰਤ ਪੁਲਸ ਬਲ ਨੇ ਟਰੇਨ ਵਿਚੋਂ ਵਿਅਕਤੀ ਨੂੰ ਬਾਹਰ ਕੱਢਿਆ ਤੇ ਉਸ ਨੂੰ ਹਿਲਾ ਕੇ ਦੇਖਿਆ ਪਰ ਉਹ ਵਿਅਕਤੀ ਕੋਈ ਪ੍ਰਤੀਕਿਰਿਆ ਨਹੀਂ ਦੇ ਰਿਹਾ ਸੀ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਮ੍ਰਿਤਕ ਦੇ ਪਰਿਵਾਰ ਦਾ ਪਤਾ ਲਗਾਉਣ 'ਚ ਲੱਗੀ ਹੋਈ ਹੈ ਤਾਂ ਕਿ ਪੋਸਟਮਾਰਟਮ ਕਰਵਾਇਆ ਜਾ ਸਕੇ ਤੇ ਲਾਸ਼ ਨੂੰ ਪਰਿਵਾਰ ਦੇ ਹਵਾਲੇ ਕੀਤਾ ਜਾ ਸਕੇ। ਅਜੇ ਇਹ ਕਹਿਣਾ ਮੁਸ਼ਕਿਲ ਹੈ ਕਿ ਇਹ ਕੁਦਰਤੀ ਮੌਤ ਹੈ ਜਾਂ ਵਿਅਕਤੀ ਦੀ ਹੱਤਿਆ ਹੈ।
ਸਵਾਰੀਆਂ 'ਚ ਘਬਰਾਹਟ
ਜਾਣਕਾਰੀ ਮੁਤਾਬਕ ਫਿਰੋਜ਼ਪੁਰ ਤੋਂ ਚੰਡੀਗੜ੍ਹ ਰੋਜ਼ਾਨਾ ਟਰੇਨ ਆਉਂਦੀ ਹੈ। ਇਸ ਟਰੇਨ 'ਚ ਬੀਤੇ ਦਿਨ ਜਦ ਸਵਾਰੀਆਂ ਨੂੰ ਲਾਸ਼ ਮਿਲਣ ਦੀ ਸੂਚਨਾ ਮਿਲੀ ਤਾਂ ਉਨ੍ਹਾਂ 'ਚ ਘਬਰਾਹਟ ਫੈਲ ਗਈ। ਇਸ ਨੂੰ ਦੇਖਣ ਲਈ ਲੋਕਾਂ ਦੀ ਭੀੜ ਜੁੱਟ ਗਈ। ਪੁਲਸ ਨੇ ਲਾਸ਼ ਨੂੰ ਤੁਰੰਤ ਕਬਜ਼ੇ 'ਚ ਲੈ ਲਿਆ। ਉੱਥੇ ਹੀ ਪੁਲਸ ਨੇ ਟਰੇਨ ਦੀਆਂ ਕੁੱਝ ਸਵਾਰੀਆਂ ਤੋਂ ਇਸ ਸਬੰਧੀ ਪੁੱਛਗਿੱਛ ਕੀਤੀ।
 


author

Babita

Content Editor

Related News