ਲਾਪਤਾ ਨੌਜਵਾਨ ਦੀ ਲਾਸ਼ ਭਾਖੜਾ ਨਹਿਰ ''ਚੋਂ ਬਰਾਮਦ
Monday, Mar 26, 2018 - 08:38 AM (IST)
ਸਮਾਣਾ (ਦਰਦ) - 10 ਦਿਨ ਪਹਿਲਾਂ ਲਾਪਤਾ ਹੋਏ ਥਾਪਰ ਯੂਨੀਵਰਸਿਟੀ ਦੇ ਸਿਵਲ ਇੰਜੀਨੀਅਰਿੰਗ ਦੇ ਵਿਦਿਆਰਥੀ ਸਮਾਣਾ ਨਿਵਾਸੀ ਨਮਨ ਮਹਿੰਦਰਾ ਦੀ ਲਾਸ਼ ਸ਼ਨੀਵਾਰ ਸਵੇਰੇ ਭਾਖੜਾ ਨਹਿਰ ਦੀ ਖਨੌਰੀ ਬ੍ਰਾਂਚ 'ਚੋਂ ਬਰਾਮਦ ਹੋਈ। ਪੁਲਸ ਦੀ ਮਦਦ ਨਾਲ ਲਾਸ਼ ਨੂੰ ਪੋਸਟਮਾਰਟਮ ਲਈ ਪਰਿਵਾਰਕ ਮੈਂਬਰਾਂ ਵੱਲੋਂ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ। ਇਸ ਮੌਕੇ ਪਰਿਵਾਰਕ ਮੈਂਬਰਾਂ ਨਾਲ ਮ੍ਰਿਤਕ ਨਮਨ (19) ਦੇ ਪਿਤਾ ਯੋਗੇਸ਼ ਮਹਿੰਦਰਾ ਨਿਵਾਸੀ ਮੁਹੱਲਾ ਖੱਤਰੀਆਂ ਨੇ ਦੱਸਿਆ ਕਿ 14 ਮਾਰਚ ਦੀ ਸ਼ਾਮ ਖਾਣਾ ਖਾਣ ਬਾਹਰ ਆਪਣੇ ਦੋਸਤ ਦੇ ਨਾਲ ਗਿਆ ਸੀ। ਇਸ ਤੋਂ ਬਾਅਦ ਰਾਤ 10 ਵਜੇ ਘਰੋਂ ਆਏ ਫੋਨ 'ਤੇ ਉਸ ਨੇ 10-15 ਮਿੰਟ ਵਿਚ ਵਾਪਸ ਆਉਣ ਦੀ ਗੱਲ ਆਖੀ ਪਰ ਨਮਨ ਦੇ ਫੋਨ ਤੋਂ ਸਾਢੇ 10 ਵਜੇ ਵੰਸ਼ ਨਾਂ ਦੇ ਨੌਜਵਾਨ ਨੇ ਉਸ ਨੂੰ ਭਾਖੜਾ ਨਹਿਰ ਵਿਚ ਸੁੱਟਣ ਦਾ ਮੈਸੇਜ ਪਿਤਾ ਦੇ ਮੋਬਾਇਲ ਫੋਨ 'ਤੇ ਕੀਤਾ। ਇਸ ਤੋਂ ਬਾਅਦ ਵਾਰਸਾਂ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਸਵੇਰ ਸਮੇਂ ਪੁਲਸ ਨੂੰ ਸਾਰੀ ਘਟਨਾ ਬਾਰੇ ਸੂਚਿਤ ਕੀਤਾ।
ਵਾਰਸਾਂ ਨੇ ਦੱਸਿਆ ਕਿ ਲਾਪਤਾ ਹੋਣ ਤੋਂ ਕੁਝ ਦਿਨ ਪਹਿਲਾਂ ਨਮਨ ਦੇ ਸਹਿਪਾਠੀ ਵੰਸ਼ ਨਾਮਕ ਨੌਜਵਾਨ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਉਸ ਦੀ ਬੁਰੀ ਤਰ੍ਹਾਂ ਕੁੱਟ-ਮਾਰ ਕਰ ਕੇ ਬੇਇਜ਼ਤ ਵੀ ਕੀਤਾ ਸੀ। ਇਸ ਤੋਂ ਬਾਅਦ ਉਹ ਤਣਾਅ ਵਿਚ ਸੀ। ਨਮਨ ਨਾਲ ਖਾਣਾ ਖਾਣ ਗਏ ਉਸ ਦੇ ਦੋਸਤ ਅਨੁਸਾਰ ਉਹ ਖਾਣਾ ਖਾਣ ਤੋਂ ਬਾਅਦ ਉਸ ਨੂੰ ਅੰਬੇਡਕਰ ਚੌਕ ਵਿਚ ਛੱਡ ਕੇ ਆਪਣੇ ਘਰ ਚਲਾ ਗਿਆ ਸੀ, ਜਿਸ ਦੀ ਪੁਸ਼ਟੀ ਸੀ. ਸੀ. ਟੀ. ਵੀ. ਕੈਮਰੇ ਤੋਂ ਵੀ ਹੋ ਗਈ। ਵੰਸ਼ ਨਾਮੀ ਨੌਜਵਾਨ ਵੱਲੋਂ ਨਮਨ ਨੂੰ ਭਾਖੜਾ ਨਹਿਰ ਵਿਚ ਸੁੱਟਣ ਦੇ ਮੈਸਜ ਤੋਂ ਬਾਅਦ ਨਮਨ ਦਾ ਫੋਨ ਬੰਦ ਹੋ ਗਿਆ ਜੋ ਅਜੇ ਤੱਕ ਨਹੀਂ ਮਿਲਿਆ। ਮੋਬਾਇਲ ਅਨੁਸਾਰ ਇਸ ਘਟਨਾ ਤੋਂ ਪਹਿਲਾਂ ਨਮਨ ਦੇ ਫੋਨ 'ਤੇ ਵੰਸ਼ ਨਾਲ ਗੱਲਬਾਤ ਵੀ ਹੋਈ।
ਪੁਲਸ ਵੱਲੋਂ ਸਮੇਂ ਸਿਰ ਕਾਰਵਾਈ ਨਾ ਕਰਨ ਦਾ ਲਾਇਆ ਦੋਸ਼ : ਸਿਵਲ ਹਸਪਤਾਲ ਪਹੁੰਚੇ ਨਮਨ ਦੇ ਪਿਤਾ, ਚਾਚਾ ਰਮਨ ਮਹਿੰਦਰਾ ਤੇ ਹੋਰ ਰਿਸ਼ਤੇਦਾਰਾਂ ਨੇ ਸਿਟੀ ਪੁਲਸ 'ਤੇ ਤੁਰੰਤ ਪ੍ਰਭਾਵੀ ਕਾਰਵਾਈ ਨਾ ਕਰਨ ਦਾ ਦੋਸ਼ ਲਾਉਂਦੇ ਦੱਸਿਆ ਕਿ ਉਨ੍ਹਾਂ ਨੇ ਇਕ ਹਫਤਾ ਪਹਿਲਾਂ ਵਿਧਾਇਕ ਰਾਜਿੰਦਰ ਸਿੰਘ ਵੱਲੋਂ ਡੀ. ਐੈੱਸ. ਪੀ. ਸਮਾਣਾ ਤੇ ਸਿਟੀ ਪੁਲਸ ਨੂੰ ਦਿੱਤੇ ਹੁਕਮਾਂ ਤੋਂ ਬਾਅਦ ਹੀ ਪੁਲਸ ਨੇ ਵੰਸ਼ ਖਿਲਾਫ ਧਾਰਾ 306 ਤਹਿਤ ਮਾਮਲਾ ਦਰਜ ਕੀਤਾ ਸੀ। ਪੁਲਸ ਨੇ 10 ਦਿਨਾਂ ਬਾਅਦ ਵੀ ਇਸ 'ਤੇ ਕੋਈ ਕਾਰਵਾਈ ਨਾ ਕੀਤੀ। ਹਸਪਤਾਲ ਵਿਚ ਭਾਰੀ ਪੁਲਸ ਫੋਰਸ ਨਾਲ ਪਹੁੰਚੇ ਡੀ. ਐੈੱਸ. ਪੀ. ਰਾਜਵਿੰਦਰ ਸਿੰਘ ਰੰਧਾਵਾ ਨੇ ਤੁਰੰਤ ਕਾਰਵਾਈ ਦੀ ਭਰੋਸਾ ਦੇ ਕੇ ਲਾਸ਼ ਦਾ ਪੋਸਟਮਾਰਟਮ ਕਰਵਾਇਆ ਤੇ ਲੋਕਾਂ ਨੂੰ ਸ਼ਾਂਤ ਕੀਤਾ।
ਤਿੰਨ ਡਾਕਟਰਾਂ ਦੇ ਪੈਨਲ ਨੇ ਪੋਸਟਮਾਰਟਮ ਦੀ ਕੀਤੀ ਵੀਡੀਓਗ੍ਰਾਫੀ : ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਨ ਲਈ ਸਿਵਲ ਹਸਪਤਾਲ ਦੇ ਡਾ. ਰਾਕੇਸ਼ ਤਿਲਕ ਰਾਜ, ਡਾ. ਮਨਪ੍ਰੀਤ ਕੌਰ ਵਾਲੀਆ ਤੇ ਡਾ. ਉਪਕਾਰ ਸਿੰਘ ਦਾ ਤਿੰਨ ਮੈਂਬਰੀ ਪੈਨਲ ਬਣਾਇਆ ਗਿਆ। ਪੋਸਟਮਾਰਟਮ ਕਾਰਵਾਈ ਦੀ ਵੀਡੀਓਗ੍ਰਾਫੀ ਕੀਤੀ ਗਈ। ਡਾ. ਵਾਲੀਆ ਨੇ ਦੱਸਿਆ ਮ੍ਰਿਤਕ ਦਾ ਵਿਸਰਾ ਤੇ ਹੱਡੀਆਂ ਕੈਮੀਕਲ ਜਾਂਚ ਲਈ ਲੈਬਾਰਟਰੀ ਭੇਜੀਆਂ ਜਾ ਰਹੀਆਂ ਹਨ। ਇਸ ਮੌਕੇ ਐੱਸ. ਐੱਚ. ਓ. ਕਰਨੈਲ ਸਿੰਘ ਨੇ ਦੱਸਿਆ ਕਿ ਪੁਲਸ ਨੇ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ।
