‘ਬਿਜਲਪੁਰ’ ਨਹਿਰ ’ਚੋਂ ਮਿਲੀ ਅਣਪਛਾਤੇ ਵਿਅਕਤੀ ਦੀ ਲਾਸ਼
Thursday, Apr 28, 2022 - 04:23 PM (IST)
ਭਵਾਨੀਗੜ੍ਹ (ਵਿਕਾਸ) : ਪਿੰਡ ਬਿਜਲਪੁਰ ’ਚੋਂ ਲੰਘਦੀ ਨਹਿਰ ’ਚੋਂ ਅੱਜ ਸਵੇਰੇ ਬਜ਼ੁਰਗ ਵਿਅਕਤੀ ਦੀ ਲਾਸ਼ ਬਰਾਮਦ ਕੀਤੀ ਗਈ, ਜਿਸ ਦੀ ਅਜੇ ਤੱਕ ਸ਼ਨਾਖ਼ਤ ਨਹੀਂ ਹੋ ਸਕੀ ਹੈ। ਪੁਲਸ ਨੇ ਕਬਜ਼ੇ ’ਚ ਲੈ ਕੇ ਲਾਸ਼ ਨੂੰ ਸ਼ਨਾਖਤ ਲਈ ਮੋਰਚਰੀ ’ਚ ਰਖਵਾ ਦਿੱਤਾ। ਇਸ ਸਬੰਧੀ ਘਰਾਚੋਂ ਪੁਲਸ ਚੌਕੀ ਦੇ ਇੰਚਾਰਜ ਐੱਸ. ਆਈ. ਜਗਤਾਰ ਸਿੰਘ ਨੇ ਦੱਸਿਆ ਕਿ ਵੀਰਵਾਰ ਸਵੇਰੇ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਬਿਜਲਪੁਰ ਪਿੰਡ ਕੋਲੋਂ ਲੰਘਦੀ ਨਹਿਰ ’ਚ ਇਕ ਵਿਅਕਤੀ ਦੀ ਲਾਸ਼ ਪਈ , ਜਿਸ ਉਪਰੰਤ ਪੁਲਸ ਪਾਰਟੀ ਨੇ ਮੌਕੇ ’ਤੇ ਪਹੁੰਚ ਕੇ ਲੋਕਾਂ ਦੀ ਮਦਦ ਨਾਲ ਲਾਸ਼ ਨੂੰ ਨਹਿਰ ’ਚੋਂ ਬਾਹਰ ਕੱਢਵਾਇਆ। ਉਨ੍ਹਾਂ ਦੱਸਿਆ ਕਿ ਲਾਸ਼ ਦੀ ਸ਼ਨਾਖਤ ਨਹੀਂ ਹੋ ਸਕੀ। ਮ੍ਰਿਤਕ ਦੀ ਉਮਰ 65-70 ਦੇ ਕਰੀਬ ਜਾਪਦੀ ਹੈ।
ਸ਼ੁਰੂਆਤੀ ਜਾਂਚ ’ਚ ਪੁਲਸ ਦਾ ਕਹਿਣਾ ਹੈ ਕਿ ਵਿਅਕਤੀ ਦੀ ਲਾਸ਼ ਪਿੱਛੋਂ ਤੈਰਦੀ ਹੋਈ ਆਈ ਹੋਵੇਗੀ ਤੇ ਇੱਥੇ ਪਾਣੀ ਦਾ ਪੱਧਰ ਘੱਟਣ ਕਾਰਨ ਆ ਕੇ ਰੁੱਕ ਗਈ। ਲਾਸ਼ ਨੂੰ ਅਗਲੇ 72 ਘੰਟਿਆਂ ਦੇ ਲਈ ਸਰਕਾਰੀ ਹਸਪਤਾਲ ਸੰਗਰੂਰ ਵਿਖੇ ਸਥਿਤ ਮੋਰਚਰੀ ’ਚ ਰਖਵਾ ਦਿੱਤਾ ਗਿਆ। ਪੁਲਸ ਅਧਿਕਾਰੀ ਨੇ ਕਿਹਾ ਕਿ 72 ਘੰਟਿਆਂ ਮਗਰੋਂ ਪੁਲਸ ਵੱਲੋਂ ਅਗਲੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।