ਜੀਜੇ ਦੀ ਕਾਰ ’ਚੋਂ ਮਿਲੀ ਲਾਸ਼
Sunday, Aug 26, 2018 - 05:40 AM (IST)
ਲੁਧਿਆਣਾ, (ਰਿਸ਼ੀ)-ਨਸ਼ੇ ਦੀ ਓਵਰਡੋਜ਼ ਨਾਲ ਵੀਰਵਾਰ ਰਾਤ ਜਿਸ ਕਾਰ ’ਚ ਦੁੱਗਰੀ ਫੇਸ 1 ਦੇ ਰਹਿਣ ਵਾਲੇ ਬਲਜਿੰਦਰ ਸਿੰਘ (35) ਦੀ ਮੌਤ ਹੋਈ ਸੀ। ਹੁਣ ਉਸੇ ਕਾਰ ’ਚੋਂ ਪੁਲਸ ਨੂੰ ਉਸ ਦੇ ਸਾਲੇ ਦੀਪਇੰਦਰ (26) ਦੀ ਲਾਸ਼ ਬਰਾਮਦ ਹੋਈ ਹੈ। ਜੋ ਗੁਜਰਾਤ ਤੋਂ ਆਪਣੇ ਜੀਜੇ ਦੀ ਮੌਤ ਦੀ ਖਬਰ ਪਤਾ ਲੱਗਣ ਤੋਂ ਬਾਅਦ ਸਸਕਾਰ ’ਤੇ ਆਇਆ ਸੀ। ਪੁਲਸ ਨੂੰ ਕਾਰ ’ਚੋਂ ਇਕ ਸ਼ਰਾਬ ਦੀ ਬੋਤਲ ਤੇ ਅੱਧੇ ਪੈਗ ਦਾ ਗਿਲਾਸ ਬਰਾਮਦ ਹੋਇਆ ਹੈ। ਦੀਪਇੰਦਰ ਦੀ 15 ਦਿਨ ਪਹਿਲਾਂ ਹੀ ਆਸਾਮ ਦੀ ਰਹਿਣ ਵਾਲੀ ਲਡ਼ਕੀ ਮਧੂ ਦੇ ਨਾਲ ਫੇਸਬੁੱਕ ਦੇ ਜ਼ਰੀਏ ਲਵਮੈਰਿਜ ਹੋਈ ਸੀ। ਫਿਲਹਾਲ ਪੁਲਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ’ਚ ਰਖਵਾ ਦਿੱਤੀ ਹੈ। ਗੁਜਰਾਤ ਤੋਂ ਪਿਤਾ ਸਮਸ਼ੇਰ ਸਿੰਘ ਦੇ ਆਉਣ ਤੋਂ ਬਾਅਦ ਪੋਸਟਮਾਰਟਮ ਕਰਵਾਇਆ ਜਾਵੇਗਾ। ਜਿਸ ਤੋਂ ਬਾਅਦ ਮੌਤ ਦਾ ਕਾਰਨ ਸਪੱਸ਼ਟ ਹੋਵੇਗਾ। ਮ੍ਰਿਤਕ ਦੇ ਮੂੰਹ ’ਚੋਂ ਝੱਗ ਨਿਕਲੀ ਹੋਈ ਸੀ।
ਪੈਟਰੋਲ ਖਤਮ ਹੋਣ ’ਤੇ ਬੰਦ ਹੋਈ ਕਾਰ
ਪੁਲਸ ਦੇ ਅਨੁਸਾਰ ਸ਼ੁਰੂਆਤੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਪੈਟਰੋਲ ਪਵਾ ਲੈਣ ਦੇ ਬਾਅਦ ਦੀਪ ਇੰਦਰ ਕਰਤਾਰ ਨਗਰ ਰੇਲਵੇ ਲਾਈਨਾਂ ਦੇ ਨੇਡ਼ੇ ਚਲਾ ਗਿਆ ਅਤੇ ਕਾਰ ਖਡ਼੍ਹੀ ਕਰ ਕੇ ਸ਼ਰਾਬ ਪੀਣ ਲੱਗ ਪਿਆ। ਇਸ ਦੌਰਾਨ ਉਸਦੀ ਮੌਤ ਹੋ ਗਈ ਅਤੇ ਕਾਰ ਚਲਦੀ ਰਹੀ। ਪੈਟਰੋਲ ਸਮਾਪਤ ਹੋਣ ਦੇ ਬਾਅਦ ਕਾਰ ਆਪਣੇ ਆਪ ਬੰਦ ਹੋ ਗਈ। ਉਥੇ ਕਾਰ ਦੀਆਂ ਲਾਈਟਾਂ ਚਲਦੀਆਂ ਰਹੀਆਂ, ਸਵੇਰੇ 6 ਵਜੇ ਜਦ ਪੁਲਸ ਮੌਕੇ ’ਤੇ ਪੁੱਜੀ ਤਾਂ ਕਾਰ ਦੀ ਬੈਟਰੀ ਵੀ ਲੋਅ ਸੀ ਅਤੇ ਪੈਟਰੋਲ ਵੀ ਨਹੀਂ ਸੀ।
ਫੋਨ ਨਹੀਂ ਚੁੱਕਿਆ, ਸਾਰੀ ਰਾਤ ਲੱਭਦੇ ਰਹੇ ਰਿਸ਼ਤੇਦਾਰ
ਪੁਲਸ ਅਨੁਸਾਰ ਦੀਪ ਇੰਦਰ ਸ਼ੁੱਕਰਵਾਰ ਨੂੰ ਸ਼ਮਸ਼ਾਨਘਾਟ ਤੋਂ ਵਾਪਸ ਆਉਣ ਦੇ ਬਾਅਦ ਭੈਣ ਹਰਮੀਤ ਕੌਰ ਨੂੰ ਕਾਰ ਵਿਚ ਪੈਟਰੋਲ ਪਵਾਉਣ ਦਾ ਕਹਿ ਕੇ ਨਿਕਲਿਆ ਸੀ, ਜਿਸ ਦੇ ਬਾਅਦ ਵਾਪਸ ਨਹੀਂ ਆਇਆ। ਸ਼ਾਮ 8 ਵਜੇ ਤਕ ਵਾਪਸ ਨਾ ਆਉਣ ’ਤੇ ਉਸ ਨੂੰ ਕਈ ਫੋਨ ਕੀਤੇ ਗਏ ਪਰ ਉਸ ਨੇ ਫੋਨ ਨਹੀਂ ਚੁੱਕਿਆ। ਜਿਸਦੇ ਬਾਅਦ ਆਸ ਪਾਸ ਦੇ ਇਲਾਕਿਆਂ ਵਿਚ ਰਿਸ਼ਤੇਦਾਰ ਉਸ ਨੂੰ ਲੱਭਣ ਲੱਗ ਪਏ। ਰਾਤ 10 ਵਜੇ ਤਕ ਜਦ ਕੁਝ ਪਤਾ ਨਾ ਲੱਗ ਸਕਿਆ ਤਾਂ ਪਰਿਵਾਰਕ ਮੈਂਬਰਾਂ ਨੇ ਪੁਲਸ ਨੂੰ ਗੁੰਮਸ਼ੁਦਗੀ ਦੀ ਰਿਪੋਰਟ ਲਿਖਵਾਈ।
