ਮ੍ਰਿਤਕ ਜਾਨਵਰਾਂ ਦੇ ਨਿਪਟਾਰੇ ਲਈ ਕਰਨਾ ਪਵੇਗਾ 6 ਮਹੀਨੇ ਇੰਤਜ਼ਾਰ
Saturday, Feb 01, 2020 - 11:56 AM (IST)
ਲੁਧਿਆਣਾ (ਹਿਤੇਸ਼) : ਮਹਾਂਨਗਰ 'ਚ ਮ੍ਰਿਤਕ ਜਾਨਵਰਾਂ ਦੇ ਨਿਪਟਾਰੇ ਦੀ ਸਮੱਸਿਆ ਦੇ ਹੱਲ ਲਈ 6 ਮਹੀਨੇ ਦਾ ਇੰਤਜ਼ਾਰ ਕਰਨਾ ਹੋਵੇਗਾ, ਜਿਸ ਤਹਿਤ ਨਗਰ ਨਿਗਮ ਅਧਿਕਾਰੀਆਂ ਵਲੋਂ ਕਾਰਕਸ ਯੂਟੀਲਾਈਜ਼ੇਸ਼ਨ ਪਲਾਂਟ ਦਾ ਨਿਰਮਾਣ ਜੂਨ 'ਚ ਪੂਰਾ ਕਰਨ ਦਾ ਵਾਅਦਾ ਕੀਤਾ ਜਾ ਰਿਹਾ ਹੈ। ਇੱਥੇ ਦੱਸਣਾ ਉਚਿਤ ਹੋਵੇਗਾ ਕਿ ਮਹਾਂਨਗਰ 'ਚ ਮ੍ਰਿਤਕ ਜਾਨਵਰਾਂ ਨੂੰ ਜ਼ਿਆਦਾਤਰ ਲੋਕਾਂ ਵਲੋਂ ਸੜਕਾਂ ਕੰਢੇ ਜਾਂ ਖਾਲੀ ਜਗ੍ਹਾ ਚ ਸੁੱਟ ਦਿੱਤਾ ਜਾਂਦਾ ਹੈ।
ਇਸ ਤੋਂ ਇਲਾਵਾ ਕੁਝ ਲੋਕਾਂ ਵਲੋਂ ਮਰੇ ਹੋਏ ਜਾਨਵਰਾਂ ਨੂੰ ਸਤਲੁਜ ਦਰਿਆ ਦੇ ਕੰਢੇ ਬਣੀ ਹੋਈ ਹੱਡਾ-ਰੋਡੀ 'ਚ ਸੁੱਟਿਆ ਜਾ ਰਿਹਾ ਹੈ, ਜਿਸ ਨਾਲ ਸਤਲੁਜ ਦਰਿਆ 'ਚ ਪ੍ਰਦੂਸ਼ਣ ਦੀ ਸਮੱਸਿਆ ਪੈਦਾ ਹੋਣ ਨੂੰ ਲੈ ਕੇ ਪੁੱਜੀ ਸ਼ਿਕਾਇਤ 'ਤੇ ਨੈਸ਼ਨਲ ਗਰੀਨ ਟ੍ਰਿਬੀਊਨਲ ਵਲੋਂ ਪੀ. ਪੀ. ਸੀ. ਬੀ. ਨੂੰ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਦੇ ਮੱਦੇਨਜ਼ਰ ਨਗਰ ਨਿਗਮ ਵਲੋਂ ਮ੍ਰਿਤਕ ਜਾਨਵਰਾਂ ਦੇ ਨਿਪਟਾਰੇ ਦੀ ਸਮੱਸਿਆ ਦੇ ਹੱਲ ਲਈ ਕਾਰਕਸ ਯੂਟੀਲਾਈਜ਼ੇਸ਼ਨ ਪਲਾਂਟ ਦਾ ਨਿਰਮਾਣ ਕਰਨ ਦੀ ਯੋਜਨਾ ਕਾਫੀ ਦੇਰ ਪਹਿਲਾਂ ਹੀ ਬਣਾ ਲਈ ਗਈ ਸੀ ਪਰ ਫੰਡ ਦੀ ਕਮੀ ਅਤੇ ਪਲਾਂਟ ਲਾਉਣ ਦੇ ਵਿਰੋਧ 'ਚ ਪਿੰਡ ਨੂਰਪੁਰ ਬੇਟ ਦੇ ਵਾਸੀਆਂ ਵਲੋਂ ਅਦਾਲਤ 'ਚ ਕੇਸ ਦਰਜ ਕਰਨ ਕਰਕੇ ਯੋਜਨਾ ਲਾਗੂ ਨਹੀਂ ਹੋ ਸਕੀ। ਹੁਣ ਸਮਾਰਟ ਸਿਟੀ ਮਿਸ਼ਨ ਦੇ ਫੰਡ ਨਾਲ ਪਲਾਂਟ ਦਾ ਨਿਰਮਾਣ ਸ਼ੁਰੂ ਕੀਤਾ ਗਿਆ ਹੈ, ਜਿਸ ਸਬੰਧੀ ਐੱਮ. ਪੀ. ਰਵਨੀਤ ਬਿੱਟੂ ਵਲੋਂ ਬੁਲਾਈ ਗਈ ਬੈਠਕ 'ਚ ਪ੍ਰਾਜੈਕਟ ਰੀਵਿਊ ਹੋਣ ਦੌਰਾਨ ਨਗਰ ਨਿਗਮ ਅਧਿਕਾਰੀਆਂ ਨੇ ਜੂਨ 'ਚ ਪਲਾਂਟ ਚਾਲੂ ਕਰਨ ਦਾ ਦਾਅਵਾ ਕੀਤਾ ਹੈ।