ਡੀ.ਸੀ. ਫ਼ਾਜ਼ਿਲਕਾ ਵਲੋਂ ਖੁੱਲ੍ਹੇ ਬੋਰਾਂ ਤੇ ਖੂਹਾਂ ਨੂੰ ਚੰਗੀ ਤਰ੍ਹਾਂ ਬੰਦ ਕਰਨ ਦੇ ਨਿਰਦੇਸ਼

06/12/2019 9:10:46 PM

ਜਲਾਲਾਬਾਦ(ਨਿਖੰਜ, ਜਤਿੰਦਰ)— ਡਿਪਟੀ ਕਮਿਸ਼ਨਰ ਫ਼ਾਜਿਲਕਾ ਸ. ਮਨਪ੍ਰੀਤ ਸਿੰਘ ਛੱਤਵਾਲ ਨੇ ਜ਼ਿਲੇ ਵਿੱਚ ਖੁੱਲ੍ਹੇ ਬੋਰਾਂ ਜਾਂ ਖੂਹਾਂ ਨੂੰ ਬੰਦ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ। ਉਨ੍ਹਾਂ ਕਿਹਾ ਹੈ ਕਿ ਸੰਗਰੂਰ ਦੇ ਭਗਵਾਨਪੁਰਾ ਵਿਖੇ ਵਾਪਰੀ ਮੰਦਭਾਗੀ ਘਟਨਾ ਕਿਸੇ ਹੋਰ ਥਾਂ ਨਾ ਵਾਪਰੇ, ਇਹ ਯਕੀਨੀ ਬਣਾਉਣ ਲਈ ਜ਼ਿਲਾ ਪ੍ਰਸ਼ਾਸਨ ਦੇ ਵੱਖ-ਵੱਖ ਵਿਭਾਗਾਂ ਨੂੰ ਵੀ ਖੁੱਲ੍ਹੇ ਬੋਰਾਂ ਬਾਰੇ ਜਾਣਕਾਰੀ ਇਕੱਤਰ ਕਰਕੇ ਇਨ੍ਹਾਂ ਨੂੰ ਬੰਦ ਕਰਾਉਣ ਦੀ ਹਦਾਇਤ ਕੀਤੀ ਗਈ ਹੈ। 

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਖੁੱਲ੍ਹੇ ਜਾਂ ਨਕਾਰਾ ਬੋਰਾਂ ਸਬੰਧੀ ਜਾਣਕਾਰੀ ਦੇਣ ਲਈ ਹੈਲਪਲਾਈਨ ਨੰਬਰ 01638-260555 ਜਾਰੀ ਕੀਤਾ ਗਿਆ ਹੈ। ਉਨ੍ਹਾਂ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਖੁੱਲ੍ਹੇ ਜਾਂ ਨਕਾਰਾ ਬੋਰਾਂ ਤੇ ਖੂਹਾਂ ਸਬੰਧੀ ਜਾਣਕਾਰੀ ਤੁਰੰਤ ਜ਼ਿਲਾ ਪ੍ਰਸ਼ਾਸਨ ਨਾਲ ਸਾਂਝੀ ਕਰਨ। ਉਨ੍ਹਾਂ ਕਿਹਾ ਕਿ ਜਾਣਕਾਰੀ ਦੇਣ ਵਾਲੇ ਦਾ ਨਾਂ ਗੁਪਤ ਰੱਖਿਆ ਜਾਵੇਗਾ। ਉਨ੍ਹਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਜੇ ਉਨ੍ਹਾਂ ਦੇ ਖੇਤਾਂ 'ਚ ਕੋਈ ਅਜਿਹਾ ਬੋਰ ਹੈ, ਜੋ ਨਕਾਰਾ ਹੈ, ਖੁੱਲ੍ਹਾ ਹੈ ਜਾਂ ਫਿਰ ਨਵਾਂ ਬੋਰ ਕਰਵਾਇਆ ਗਿਆ ਹੈ ਤਾਂ ਅਜਿਹੇ ਖੂਹ ਜਾਂ ਬੋਰਾਂ ਨੂੰ ਚਿੱਕਣੀ ਮਿੱਟੀ, ਪੱਥਰਾਂ ਜਾਂ ਕੰਕਰੀਟ ਨਾਲ ਚੰਗੀ ਤਰ੍ਹਾਂ ਭਰ ਕੇ ਬੰਦ ਕੀਤਾ ਜਾਵੇ। ਖੂਹ ਜਾਂ ਬੋਰ ਦਾ ਢੱਕਣ ਸਟੀਲ ਪਲੇਟਸ ਨਾਲ ਵੈਲਡਿੰਗ ਕਰਕੇ ਕਾਸਟਿੰਗ ਪਾਈਪ ਨਾਲ ਨਟ ਬੋਲਟਾਂ ਸਮੇਤ ਫ਼ਿਕਸ ਕੀਤਾ ਜਾਵੇ ਤੇ ਕੰਮ ਮੁਕੰਮਲ ਹੋ ਜਾਣ ਤੇ ਜ਼ਮੀਨ ਦੀ ਸਥਿਤੀ ਖੂਹ ਬੋਰ ਪੁੱਟਣ ਤੋਂ ਪਹਿਲਾਂ ਵਾਲੀ ਬਹਾਲ ਕਰਨੀ ਲਾਜ਼ਮੀ ਹੋਵੇਗੀ। ਉਨ੍ਹਾਂ ਕਿਹਾ ਕਿ ਨਵੇਂ ਖੂਹ ਜਾਂ ਬੋਰ ਦੇ ਆਲੇ ਦੁਆਲੇ ਕੰਡਿਆਲੀ ਤਾਰ ਜਾਂ ਉਚਿਤ ਬੈਰੀਕੇਡ ਦਾ ਪ੍ਰਬੰਧ ਕਰਨਾ ਲਾਜ਼ਮੀ ਬਣਾਇਆ ਜਾਵੇ। ਖੂਹ ਜਾਂ ਬੋਰ ਦੀ ਮੁਰੰਮਤ ਦੀ ਸੂਰਤ 'ਚ ਇਨ੍ਹਾਂ ਨੂੰ ਖੁੱਲ੍ਹਾ ਨਾ ਛੱਡਿਆ ਜਾਵੇ। ਕੰਮ ਮੁਕੰਮਲ ਹੋਣ ਤੋਂ ਬਾਅਦ ਟੋਆ ਜਾਂ ਚੈਨਲ ਮਿੱਟੀ ਨਾਲ ਚੰਗੀ ਤਰ੍ਹਾਂ ਭਰਨਾ ਯਕੀਨੀ ਬਣਾਇਆ। ਉਨ੍ਹਾਂ ਦੱਸਿਆ ਕਿ ਆਪਣੇ ਖੇਤਰ ਅਧੀਨ ਖੂਹ ਜਾਂ ਬੋਰਾਂ ਸਬੰਧੀ ਸੂਚਨਾ ਇਕੱਤਰ ਕਰਕੇ ਡਿਪਟੀ ਕਮਿਸ਼ਨਰ ਦਫ਼ਤਰ ਨੂੰ ਸੌਂਪਣ ਲਈ ਜ਼ਿਲੇ ਦੇ ਮਾਲ ਵਿਭਾਗ ਦੇ ਅਧਿਕਾਰੀਆਂ ਰਾਹੀਂ ਪਟਵਾਰੀਆਂ ਨੂੰ ਵੀ ਪਾਬੰਦ ਕੀਤਾ ਗਿਆ ਹੈ।


Baljit Singh

Content Editor

Related News