DC ਨੇ ਮੈਡੀਕਲ ਸੇਵਾਵਾਂ, ਜ਼ਰੂਰੀ ਵਸਤਾਂ ਦੀ ਖਰੀਦ ਸਬੰਧੀ ਦਿੱਤੀ ਜਾਣਕਾਰੀ
Wednesday, Mar 25, 2020 - 06:07 PM (IST)
ਜਲਾਲਾਬਾਦ, ਫਿਰੋਜ਼ਪੁਰ (ਸੰਨੀ, ਸੇਤੀਆ, ਟੀਨੂੰ, ਸੁਮਿਤ, ਨਿਖੰਜ, ਜਤਿੰਦਰ, ਬਜਾਜ)– ਪੰਜਾਬ ’ਚ ਕਰਫਿਊ ਕਾਰਣ ਹਲਕੇ ’ਚ ਕਾਨੂੰਨ ਵਿਵਸਥਾ ਅਤੇ ਜ਼ਰੂਰੀ ਲੋੜਾਂ ਦੀ ਪੂਰਤੀ ਸਬੰਧੀ ਜਾਣਕਾਰੀ ਦੇਣ ਲਈ ਜ਼ਿਲਾ ਡੀ.ਸੀ. ਅਰਵਿੰਦ ਪਾਲ ਸੰਧੂ ਜਲਾਲਾਬਾਦ ਦੀ ਮਾਰਕੀਟ ਕਮੇਟੀ ਦੇ ਦਫਤਰ ’ਚ ਪਹੁੰਚੇ। ਇਸ ਮੌਕੇ ਵਿਧਾਇਕ ਰਮਿੰਦਰ ਆਵਲਾ, ਐੱਸ. ਡੀ. ਐੱਮ. ਕੇਸ਼ਵ ਗੋਇਲ, ਡੀ. ਐੱਸ. ਪੀ. ਜਸਪਾਲ ਸਿੰਘ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਮੌਜੂਦ ਸਨ। ਮੀਡੀਆ ਨਾਲ ਗੱਲਬਾਤ ਕਰਦਿਆਂ ਡੀ.ਸੀ ਨੇ ਕਿਹਾ ਕਿ ਜ਼ਿਲੇ ’ਚ ਕਰਫਿਊ ਨੂੰ ਲੈ ਕੇ ਨਿਯਮ ਲਾਗੂ ਕੀਤੇ ਗਏ ਹਨ ਤਾਂ ਕਿ ਲੋਕ ਨਿਯਮਾਂ ਦਾ ਪਾਲਣ ਕਰਦੇ ਹੋਏ ਕੋਰੋਨਾ ਖਿਲਾਫ ਇਸ ਲੜਾਈ ਨੂੰ ਯਕੀਨੀ ਬਣਾ ਸਕਣ। ਜ਼ਰੂਰੀ ਵਸਤਾਂ ਦੀ ਲੋੜ ਲਈ ਸਬਜ਼ੀ ਮੰਡੀ ਵਿਕ੍ਰੇਤਾਵਾਂ ਨਾਲ ਮੀਟਿੰਗ ਕਰ ਕੇ ਹੱਥ ਰੇਹੜੀ ਚਾਲਕਾਂ ਦੀ ਸ਼ਨਾਖਤ ਕੀਤੀ ਜਾਵੇਗੀ, ਜੋ ਵੱਖ-ਵੱਖ ਵਾਰਡਾਂ ’ਚ ਜਾ ਕੇ ਲੋਕਾਂ ਨੂੰ ਘਰਾਂ ’ਚ ਵਾਜਬ ਰੇਟਾਂ ’ਤੇ ਸਬਜ਼ੀਆਂ ਮੁਹੱਈਆ ਕਰਵਾਉਣਗੇ।
ਇਸ ਤੋਂ ਇਲਾਵਾ ਕਰਿਆਨਾ ਵਿਕ੍ਰੇਤਾਵਾਂ ਵੀ ਘਰਾਂ ’ਚ ਹੀ ਜ਼ਰੂਰੀ ਕਰਿਆਨੇ ਦੀ ਵਸਤਾਂ ਭੇਜਣਗੇ। ਦੋਧੀ ਅਤੇ ਡੇਅਰੀ ਮਾਲਕ ਤੈਅ ਸਮੇਂ ਦੌਰਾਨ ਪਬਲਿਕ ਡਿਮਾਂਡ ’ਤੇ ਦੁੱਧ ਸਪਲਾਈ ਕਰ ਸਕਣਗੇ। ਉਨ੍ਹਾਂ ਦੱਸਿਆ ਕਿ ਜ਼ਿਲੇ ’ਚ ਹੁਣ ਤੱਕ ਪ੍ਰਾਪਤ ਹੋਈ ਸੂਚੀ ਅਨੁਸਾਰ 245 ਵਿਅਕਤੀ ਆਏ ਸਨ ਅਤੇ ਵੱਡੀ ਪੱਧਰ ’ਤੇ ਕਾਰਜਸ਼ੀਲ ਪ੍ਰਸ਼ਾਸਨਿਕ ਟੀਮਾਂ ਵਲੋਂ ਘਰ-ਘਰ ਦੇ ਸਰਵੇਖਣ ਦੌਰਾਨ ਇਨ੍ਹਾਂ ਨਾਗਰਿਕਾਂ ਦੀ ਪਛਾਣ ਕਰ ਕੇ ਘਰਾਂ ਅਤੇ ਵੱਖ-ਵੱਖ ਸੰਸਥਾਵਾਂ ’ਚ ਆਈਸੋਲੇਟ ਪ੍ਰਕਿਰਿਆ ਅਧੀਨ ਲਿਆਂਦਾ ਜਾ ਚੁੱਕਾ ਹੈ, ਜਿਨ੍ਹਾਂ ’ਚੋਂ ਕਰੀਬ 50 ਫੀਸਦੀ ਤੋਂ ਵੱਧ ਵਿਅਕਤੀ 14 ਦਿਨਾਂ ਦੀ ਇਕੱਲਾ ਰਹਿਣ ਦੀ ਪ੍ਰਕਿਰਿਆ ਪੂਰੀ ਕਰ ਚੁੱਕੇ ਹਨ ਅਤੇ ਪੂਰੀ ਤਰ੍ਹਾਂ ਤੰਦਰੁਸਤ ਹਨ।
ਆਟਾ ਚੱਕੀਆਂ ਖੁੱਲ੍ਹੀਆਂ ਰਹਿਣਗੀਆਂ
ਉਨ੍ਹਾਂ ਕਿਹਾ ਕਿ ਰੋਜ਼ਾਨਾ ਦੇ ਪੱਧਰ ’ਤੇ ਲਗਾਤਾਰ ਸਮੀਖਿਆ ਹੋ ਰਹੀ ਹੈ। ਇਸ ਸਬੰਧੀ ਕੋਈ ਵੀ ਲਾਪ੍ਰਵਾਹੀ ਬਰਦਾਸ਼ਤ ਨਹੀਂ ਹੋਵੇਗੀ। ਪਿੰਡਾਂ ਦੇ 100 ਫੀਸਦੀ ਘਰਾਂ ’ਚ ਕੋਰੋਨਾ ਵਾਈਰਸ ਬਾਰੇ ਜਾਗਰੂਕ ਕਰਨ ਲਈ 22 ਪ੍ਰਚਾਰ ਵੈਨਾਂ ਚਲ ਰਹੀਆਂ ਹਨ, ਜਿਨ੍ਹਾਂ ’ਚ ਹੋਰ ਵਾਧਾ ਕੀਤਾ ਜਾਵੇਗਾ। ਇਸ ਤੋਂ ਇਲਾਵਾ ਨਿੱਜੀ ਹਸਪਤਾਲ ਦੇ ਡਾਕਟਰ ਮਰੀਜ਼ਾਂ ਲਈ ਦਵਾਈਆਂ ਦੇਣਗੇ। ਜੇਕਰ ਕੋਈ ਹੋਰ ਦਵਾਈ ਲੋੜੀਂਦੀ ਹੋਵੇਗੀ ਤਾਂ ਉਹ ਸੰਪਰਕ ਵਾਲੇ ਮੈਡੀਕਲਾਂ ਨਾਲ ਤਾਲਮੇਲ ਕਰ ਕੇ ਦਵਾਈਆਂ ਮੁਹੱਈਆ ਕਰਵਾ ਸਕਦੇ ਹਨ। ਇਸ ਤੋਂ ਇਲਾਵਾ ਹਰੇ ਚਾਰੇ ਲਈ ਸਮਾਂਬੱਧ ਕੀਤਾ ਗਿਆ ਕਿ ਟਾਲ ਵਾਲੇ ਤੈਅ ਸਮੇਂ ਦੌਰਾਨ ਪਸ਼ੂ ਪਾਲਕਾਂ ਲਈ ਹਰਾ ਚਾਰਾ ਛੋਟੇ ਹਾਥੀਆਂ ਜਾਂ ਹੋਰ ਵਾਹਨਾਂ ਰਾਹੀਂ ਪਹੁੰਚਾਉਣ। ਡੀ.ਸੀ ਨੇ ਕਿਹਾ ਕਿ ਆਟਾ ਚੱਕੀਆਂ ਖੁੱਲ੍ਹੀਆਂ ਰਹਿਣਗੀਆਂ ਅਤੇ ਲੋਕਾਂ ਨੂੰ ਆਟੇ ਸਬੰਧੀ ਕਿੱਲਤ ਨਹੀਂ ਆਵੇਗੀ। ਉਨ੍ਹਾਂ ਕਿਹਾ ਕਿ ਉਹ ਮਰੀਜ਼ ਜਿਨ੍ਹਾਂ ਦਾ ਬਾਹਰੀ ਹਸਪਤਾਲਾਂ ਵਿਚ ਇਲਾਜ ਚੱਲਦਾ ਹੈ, ਉਹ ਐੱਸ. ਡੀ. ਐੱਮ. ਦਫਤਰ ਨਾਲ ਤਾਲਮੇਲ ਕਰਨ ਅਤੇ ਉਨ੍ਹਾਂ ਰਾਹੀਂ ਹੀ ਜ਼ਿਲਾ ਦਫਤਰ ਵੱਲੋਂ ਇਲਾਜ ਸਬੰਧੀ ਜਾਣ ਦੀ ਛੋਟ ਦਿੱਤੀ ਜਾਵੇਗੀ।