15 ਡਿਗਰੀ ਪੰਹੁਚਿਆ ਦਿਨ ਦਾ ਪਾਰਾ, 20 ਤਾਰੀਖ ਤਕ ਸੰਘਣੀ ਧੁੰਦ ਪੈਣ ਦੇ ਆਸਾਰ

Sunday, Dec 19, 2021 - 03:47 PM (IST)

15 ਡਿਗਰੀ ਪੰਹੁਚਿਆ ਦਿਨ ਦਾ ਪਾਰਾ, 20 ਤਾਰੀਖ ਤਕ ਸੰਘਣੀ ਧੁੰਦ ਪੈਣ ਦੇ ਆਸਾਰ

ਚੰਡੀਗੜ੍ਹ (ਪਾਲ) : ਲਗਾਤਾਰ ਦੂਜੇ ਦਿਨ ਸ਼ਹਿਰ ਦੇ ਵੱਧ ਤੋਂ ਵੱਧ ਤਾਪਮਾਨ ’ਚ ਗਿਰਾਵਟ ਦਰਜ ਕੀਤੀ ਗਈ। ਸ਼ੁੱਕਰਵਾਰ ਦਾ ਹੁਣ ਤਕ ਦਾ ਸਭ ਤੋਂ ਘੱਟ ਉਪਰਲਾ ਤਾਪਮਾਨ 15.3 ਡਿਗਰੀ ਰਿਕਾਰਡ ਕੀਤਾ ਗਿਆ ਸੀ, ਜੋ ਕਿ ਸ਼ਨੀਵਾਰ ਹੋਰ ਘੱਟ ਹੋ ਗਿਆ। ਸ਼ਨੀਵਾਰ ਵੱਧ ਤੋਂ ਵੱਧ ਤਾਪਮਾਨ 15 ਡਿਗਰੀ ਸੈਲਸੀਅਸ ਪਹੁੰਚ ਗਿਆ। ਆਮ ਤੋਂ 6 ਡਿਗਰੀ ਪਾਰਾ ਹੁਣ ਤਕ ਘੱਟ ਹੋ ਚੁੱਕਿਆ ਹੈ, ਜੋ ਕਿ ਹੁਣ ਤਕ ਇਸ ਸੀਜ਼ਨ ਦਾ ਸਭ ਤੋਂ ਘੱਟ ਉਪਰਲਾ ਤਾਪਮਾਨ ਹੈ। ਪਿਛਲੇ 5 ਸਾਲਾਂ ’ਚ ਇਹ ਤੀਜੀ ਵਾਰ ਹੈ ਕਿ 18 ਦਸੰਬਰ ਦਾ ਵੱਧ ਤੋਂ ਵੱਧ ਤਾਪਮਾਨ 15 ਡਿਗਰੀ ਜਾਂ ਉਸ ਤੋਂ ਘੱਟ ਰਿਕਾਰਡ ਕੀਤਾ ਗਿਆ ਹੋਵੇ। ਉੱਥੇ ਹੀ ਘੱਟੋ-ਘੱਟ ਤਾਪਮਾਨ 6.1 ਡਿਗਰੀ ਦਰਜ ਕੀਤਾ ਗਿਆ।

ਮੌਸਮ ਵਿਭਾਗ ਦੇ ਡਾਇਰੈਕਟਰ ਮਨਮੋਹਨ ਸਿੰਘ ਮੁਤਾਬਿਕ ਅਗਲੇ ਕੁਝ ਦਿਨਾਂ ’ਚ ਸ਼ਹਿਰ ਦਾ ਪਾਰਾ ਹੋਰ ਘੱਟ ਹੋਵੇਗਾ। ਉਨ੍ਹਾਂ ਦੱਸਿਆ ਕਿ ਪਹਾੜਾਂ ’ਤੇ ਹੋ ਰਹੀ ਬਰਫ਼ਬਾਰੀ ਕਾਰਨ ਚੰਡੀਗੜ੍ਹ ਦੇ ਤਾਪਮਾਨ ’ਚ ਗਿਰਾਵਟ ਹੋਈ ਹੈ। ਅਜੇ ਤਾਪਮਾਨ ਹੋਰ ਘੱਟ ਹੋਵੇਗਾ। ਦੋ ਵੈਸਟਰਨ ਡਿਸਟਰਬੈਂਸ ਵੀ ਸਰਗਰਮ ਹੋਣ ਦੀ ਉਮੀਦ ਹੈ, ਜਿਸ ਨਾਲ ਠੰਡ ਹੋਰ ਵਧੇਗੀ। ਵਿਜ਼ੀਬਿਲਟੀ ਦੀ ਗੱਲ ਕਰੀਏ ਤਾਂ ਸਵੇਰੇ 8:30 ਵਜੇ 200 ਮੀਟਰ ਤੋਂ ਘੱਟ ਰਹੀ, ਜਦੋਂ ਕਿ ਸ਼ਾਮ ਹੁੰਦੇ-ਹੁੰਦੇ ਵਿਜ਼ੀਬਿਲਟੀ ਹਜ਼ਾਰ ਮੀਟਰ ਦੇ ਨਜ਼ਦੀਕ ਪਹੁੰਚ ਗਈ। ਮੌਸਮ ਵਿਭਾਗ ਨੇ ਅਗਲੇ ਦੋ ਦਿਨਾਂ ਦੀ ਯੈਲੋ ਵਾਰਨਿੰਗ ਵੀ ਜਾਰੀ ਕੀਤੀ ਹੈ ਕਿ ਪੰਜਾਬ ਹਰਿਆਣਾ ਅਤੇ ਚੰਡੀਗੜ੍ਹ ’ਚ ਸੀਤ ਲਹਿਰ ਅਜੇ ਜਾਰੀ ਰਹੇਗੀ। ਹਰਿਆਣਾ, ਚੰਡੀਗੜ੍ਹ ’ਚ 18 ਤੋਂ 20 ਤਰੀਕ ਦੌਰਾਨ ਸੰਘਣੀ ਧੁੰਦ ਦਾ ਅਸਰ ਦੇਖਣ ਨੂੰ ਮਿਲੇਗਾ।

20 ਤੋਂ 21 ਕਿ. ਮੀ. ਪ੍ਰਤੀ ਘੰਟੇ ਨਾਲ ਚੱਲੀ ਸੀਤ ਲਹਿਰ

ਇਕ ਦਿਨ ਪਹਿਲਾਂ ਜਿੱਥੇ ਸ਼ਹਿਰ ’ਚ 10 ਕਿ. ਮੀ. ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਰਿਕਾਰਡ ਕੀਤੀਆਂ ਗਈਆਂ ਸਨ। ਸ਼ਨੀਵਾਰ ਦੁਪਹਿਰ 3 ਵਜੇ ਦੇ ਆਸਪਾਸ ਮੌਸਮ ਵਿਭਾਗ ਨੇ 20 ਤੋਂ 21 ਕਿ. ਮੀ. ਪ੍ਰਤੀ ਘੰਟੇ ਨਾਲ ਹਵਾਵਾਂ ਰਿਕਾਰਡ ਕੀਤੀਆਂ ਹਨ। ਸ਼ਹਿਰ ’ਚ ਇਸ ਸਮੇਂ ਈਸਟਰਲੀ ਵਿੰਡ ਚੱਲ ਰਹੀ ਹੈ, ਜਿਸ ਕਾਰਨ ਸਰਦੀ ਦਾ ਅਹਿਸਾਸ ਜ਼ਿਆਦਾ ਹੋ ਰਿਹਾ ਹੈ। ਅਗਲੇ ਦੋ-ਤਿੰਨ ਦਿਨ ਸ਼ਹਿਰ ’ਚ ਸੀਤ ਲਹਿਰ ਜਾਰੀ ਰਹੇਗੀ। ਸ਼ਨੀਵਾਰ ਧੁੱਪ ਤਾਂ ਨਿਕਲੀ ਪਰ ਠੰਡੀਆਂ ਹਵਾਵਾਂ ਕਾਰਨ ਸਾਰਾ ਦਿਨ ਠੰਡ ਪੈਂਦੀ ਰਹੀ। ਉੱਥੇ ਹੀ ਸ਼ਾਮ ਹੁੰਦੇ-ਹੁੰਦੇ ਠੰਡ ਹੋਰ ਵਧਣੀ ਸ਼ੁਰੂ ਹੋ ਗਈ।

ਇਸ ਸੀਜ਼ਨ ਦਾ ਸਭ ਤੋਂ ਘੱਟ ਹੇਠਲਾ ਤਾਪਮਾਨ

15 ਦਸੰਬਰ ਨੂੰ ਸੀਜ਼ਨ ਦਾ ਸਭ ਤੋਂ ਘੱਟ ਹੇਠਲਾ ਤਾਪਮਾਨ 5.4 ਡਿਗਰੀ ਦਰਜ ਹੋਇਆ ਸੀ। ਇਸ ਤੋਂ ਪਹਿਲਾਂ 14 ਤਰੀਕ ਦੀ ਰਾਤ ਨੂੰ ਦੂਜਾ ਸਭ ਤੋਂ ਘੱਟ ਤਾਪਮਾਨ 6.2 ਡਿਗਰੀ ਦਰਜ ਕੀਤਾ ਗਿਆ ਸੀ। 11 ਦਸੰਬਰ ਨੂੰ 7.6 ਅਤੇ 12 ਤਰੀਕ ਨੂੰ 7.8 ਤਾਪਮਾਨ ਦਰਜ ਹੋਇਆ ਸੀ।

ਪਿਛਲੇ 5 ਸਾਲਾਂ ਦਾ 18 ਦਸੰਬਰ ਦਾ ਵੱਧ ਤੋਂ ਵੱਧ ਤਾਪਮਾਨ

ਸਾਲ ਤਾਪਮਾਨ

2021-15.0 ਡਿਗਰੀ

2020-14.3 ਡਿਗਰੀ

2019-14.8 ਡਿਗਰੀ

2018-22.5 ਡਿਗਰੀ

2017-20.6 ਡਿਗਰੀ

ਪਿਛਲੇ 5 ਸਾਲਾਂ ਦਾ 18 ਦਸੰਬਰ ਦਾ ਘੱਟੋ-ਘੱਟ ਤਾਪਮਾਨ

ਸਾਲ ਤਾਪਮਾਨ

2021-6.1 ਡਿਗਰੀ

2020-4.4 ਡਿਗਰੀ

2019-8.3 ਡਿਗਰੀ

2018-5.2 ਡਿਗਰੀ

2017-8.2 ਡਿਗਰੀ

ਅੱਗੇ ਇੰਝ ਰਹੇਗਾ ਮੌਸਮ

ਮੌਸਮ ਵਿਭਾਗ ਅਨੁਸਾਰ ਐਤਵਾਰ ਅਸਮਾਨ ਸਾਫ਼ ਰਹੇਗਾ। ਸਵੇਰੇ ਅਤੇ ਸ਼ਾਮ ਸਮੇਂ ਧੁੰਦ ਪੈ ਸਕਦੀ ਹੈ। ਦਿਨ ਦਾ ਵੱਧ ਤੋਂ ਵੱਧ ਤਾਪਮਾਨ 15 ਅਤੇ ਘੱਟੋ-ਘੱਟ ਤਾਪਮਾਨ 6 ਡਿਗਰੀ ਹੈ, ਜਦੋਂਕਿ ਸੋਮਵਾਰ ਵੱਧ ਤੋਂ ਵੱਧ ਤਾਪਮਾਨ 16 ਡਿਗਰੀ ਅਤੇ ਘੱਟੋ-ਘੱਟ 5 ਡਿਗਰੀ ਰਹਿ ਸਕਦਾ ਹੈ।


author

Gurminder Singh

Content Editor

Related News