ਦਿਨ-ਦਿਹਾੜੇ ਲੁਟੇਰਿਆਂ ਨੇ ਵੱਡੀ ਵਾਰਦਾਤ ਨੂੰ ਦਿੱਤਾ ਅੰਜਾਮ

Tuesday, Apr 17, 2018 - 01:58 AM (IST)

ਨਿਹਾਲ ਸਿੰਘ ਵਾਲਾ/ਬਿਲਾਸਪੁਰ,  (ਬਾਵਾ/ਜਗਸੀਰ)-  ਮੰਡੀ ਨਿਹਾਲ ਸਿੰਘ ਵਾਲਾ ਵਿਖੇ ਉਸ ਸਮੇਂ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ, ਜਦੋਂ ਦਿਨ-ਦਿਹਾੜੇ ਦੋ ਸਕੂਟਰ ਸਵਾਰ ਅਣਪਛਾਤੇ ਲੁਟੇਰੇ ਇਕ ਵਪਾਰੀ ਦੇ ਘਰ 'ਚੋਂ ਕਰੀਬ 6 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ।  ਮੰਡੀ ਨਿਹਾਲ ਸਿੰਘ ਵਾਲਾ ਦੇ ਨਾਮਵਰ ਖੰਡ, ਘਿਉ ਅਤੇ ਖਲ ਦੇ ਵਪਾਰੀ ਪਦਮ ਜੈਨ ਅੱਜ ਕਿਸੇ ਕੰਮ ਲਈ ਬੈਂਕ 'ਚ ਗਿਆ ਹੋਇਆ ਸੀ, ਉਸ ਦੀ ਪਤਨੀ ਮੰਜੂ ਜੈਨ, ਜੋ ਘਰ 'ਚ ਇਕੱਲੀ ਸੀ, ਨੇ ਪੁਲਸ ਨੂੰ ਦੱਸਿਆ ਕਿ ਮੈਂ ਅੱਜ ਆਪਣੀ ਦੁਕਾਨ 'ਤੇ ਬੈਠੀ ਸੀ ਕਿ ਬਾਅਦ ਦੁਪਹਿਰ 1.30 ਵਜੇ ਦੇ ਕਰੀਬ ਦੋ ਅਣਪਛਾਤੇ ਨੌਜਵਾਨ ਸਾਡੀ ਦੁਕਾਨ 'ਤੇ ਆਏ ਅਤੇ ਖਲ ਦਾ ਰੇਟ ਪੁੱਛਣ ਲੱਗੇ। ਉਨ੍ਹਾਂ ਦੱਸਿਆ ਕਿ ਸਾਡੀ ਦੁਕਾਨ ਦੇ ਪਿੱਛੇ ਹੀ ਸਾਡੀ ਰਿਹਾਇਸ਼ ਹੈ ਅਤੇ ਮੈਂ ਜਦ ਦੁਕਾਨ ਦੇ ਮਗਰ ਜਾ ਕੇ ਖਲ ਦਾ ਰੇਟ ਪੁੱਛਣ ਲਈ ਆਪਣੇ ਪਤੀ ਨੂੰ ਫੋਨ ਕਰਨ ਲੱਗੀ ਤਾਂ ਉਕਤ ਅਣਪਛਾਤੇ ਨੌਜਵਾਨਾਂ ਨੇ ਮੇਰੇ ਮੂੰਹ 'ਤੇ ਹੱਥ ਰੱਖ ਦਿੱਤਾ ਤੇ ਤੇਜ਼ਧਾਰ ਹਥਿਆਰ ਦੀ ਨੋਕ 'ਤੇ ਮੇਰੇ ਕੋਲੋਂ ਅਲਮਾਰੀ ਦੀਆਂ ਚਾਬੀਆਂ ਮੰਗੀਆਂ। ਇਸ ਦੌਰਾਨ ਉਨ੍ਹਾਂ ਮਕਾਨ ਦੀ ਫਰੋਲਾ-ਫਰਾਲੀ ਸ਼ੁਰੂ ਕਰ ਦਿੱਤੀ। ਉਨ੍ਹਾਂ ਅਲਮਾਰੀ 'ਚੋਂ 6 ਲੱਖ ਰੁਪਏ ਦੇ ਕਰੀਬ ਨਕਦੀ ਕੱਢ ਲਈ ਅਤੇ ਜਾਂਦੇ ਹੋਏ ਮੈਨੂੰ ਦੁਕਾਨ 'ਚ ਬੰਦ ਕਰ ਕੇ ਦਰਵਾਜ਼ੇ ਦੀ ਕੁੰਡੀ ਲਾ ਕੇ ਫਰਾਰ ਹੋ ਗਏ।  ਮੇਰੇ ਵੱਲੋਂ ਰੌਲਾ ਪਾਉਣ 'ਤੇ ਨੇੜੇ-ਤੇੜੇ ਦੇ ਦੁਕਾਨਦਾਰ ਮੌਕੇ 'ਤੇ ਪੁੱਜੇ ਅਤੇ ਦੁਕਾਨ ਦੀ ਲੱਗੀ ਕੁੰਡੀ ਖੋਲ੍ਹੀ। ਘਟਨਾ ਦਾ ਪਤਾ ਲੱਗਦਿਆਂ ਹੀ ਪੁਲਸ ਅਧਿਕਾਰੀ ਮੌਕੇ 'ਤੇ ਪੁੱਜੇ। ਐੱਸ. ਪੀ. (ਡੀ.) ਸ਼੍ਰੀ ਬਾਹੀਆ ਨੇ ਕਿਹਾ ਕਿ ਲੁਟੇਰਿਆਂ ਦਾ ਸੁਰਾਗ ਜਲਦੀ ਲੱਗਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਇਸ ਪਰਿਵਾਰ ਦੇ ਜਾਣਕਾਰ ਹੋ ਸਕਦੇ ਹਨ।


Related News