ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਹੋਰ ਵਧਿਆ ਗੈਂਗਵਾਰ ਦਾ ਖ਼ਤਰਾ, ਦਵਿੰਦਰ ਬੰਬੀਹਾ ਗਰੁੱਪ ਨੇ ਫਿਰ ਦਿੱਤੀ ਧਮਕੀ
Sunday, Jun 05, 2022 - 07:45 PM (IST)
ਚੰਡੀਗੜ੍ਹ/ਮਾਨਸਾ : ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਪੰਜਾਬ ਵਿਚ ਗੈਂਗਵਾਰ ਦਾ ਖ਼ਤਰਾ ਹੋਰ ਵੱਧ ਗਿਆ ਹੈ। ਦਵਿੰਦਰ ਬੰਬੀਹਾ ਗੈਂਗ ਨੇ ਇਕ ਵਾਰ ਫਿਰ ਫੇਸਬੁੱਕ ’ਤੇ ਇਕ ਪੋਸਟ ਸਾਂਝੀ ਕਰਕੇ ਸਿੱਧੂ ਦੀ ਮੌਤ ਦਾ ਬਦਲਾ ਲੈਣ ਦੀ ਧਮਕੀ ਦਿੱਤੀ ਹੈ। ਇਸ ਪੋਸਟ ਵਿਚ ਸਿੱਧੂ ਤੋਂ ਇਲਾਵਾ ਮੀਤ ਬਾਊਂਸਰ ਮਨੀਮਾਜਰਾ ਅਤੇ ਲਵੀ ਦਿਓੜਾ ਸਮੇਤ ਦੂਜੇ ਲੋਕਾਂ ਦੀ ਮੌਤ ਦਾ ਵੀ ਬਦਲਾ ਲੈਣ ਦੀ ਗੱਲ ਆਖੀ ਗਈ ਹੈ। ਸਿੱਧੂ ਮੂਸੇਵਾਲਾ ਦਾ ਕਤਲ ਤੋਂ ਬਾਅਦ ਸੜਕ ਤੋਂ ਲੈ ਕੇ ਜੇਲ ਦੇ ਅੰਦਰ ਤੱਕ ਗੈਂਗਵਾਰ ਦਾ ਖ਼ਤਰਾ ਵੱਧ ਗਿਆ ਹੈ।
ਇਹ ਵੀ ਪੜ੍ਹੋ : ਨਾਭਾ ਜੇਲ ਵਾਂਗ ਗੈਂਗਸਟਰਾਂ ਵਲੋਂ ਬਠਿੰਡਾ ਜੇਲ ਬ੍ਰੇਕ ਕਰਨ ਦੀ ਸਾਜ਼ਿਸ਼, ਹਾਈ ਅਲਰਟ ਜਾਰੀ
ਬੰਬੀਹਾ ਗੈਂਗ ਨੇ ਕਿਹਾ ਹੈ ਕਿ ਦੂਜੇ ਗਰੁੱਪ ਵਾਲੇ ਬੇਵਜ੍ਹਾ ਉਨ੍ਹਾਂ ਦੇ ਭਰਾਵਾਂ ਨੂੰ ਮਾਰ ਕੇ ਬਦਮਾਸ਼ ਬਣ ਰਹੇ ਹਨ। ਅਸੀਂ ਨਿਰਦੋਸ਼ ਵਿਅਕਤੀ ਨੂੰ ਕੁੱਝ ਨਹੀਂ ਕਰਾਂਗੇ ਪਰ ਜੇ ਕਿਸੇ ਨੇ ਸਾਡੇ ਦੁਸ਼ਮਣ ਦਾ ਸਾਥ ਦਿੱਤਾ ਤਾਂ ਉਹ ਵੀ ਸਾਡਾ ਦੁਸ਼ਮਣ ਹੋਵੇਗਾ। ਇਸ ਪੋਸਟ ਵਿਚ ਗੁੜਗਾਓਂ ਦੇ ਖ਼ਤਰਨਾਕ ਗੈਂਗਸਟਰ ਸ਼ੂਟਰ ਕੌਸ਼ਲ ਚੌਧਰੀ, ਟਿੱਲੂ ਤਾਜਪੁਰੀਆ, ਦਿੱਲੀ ਐੱਨ. ਸੀ. ਆਰ. ਦੇ ਗੈਂਗਸਟਰ ਨੀਰਜ ਭਵਾਨਾ ਦਾ ਨਾਮ ਵੀ ਲਿਖਿਆ ਗਿਆ ਹੈ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਕਤਲ ਕਾਂਡ ’ਚ ਵੱਡਾ ਖੁਲਾਸਾ, ਪੁਲਸ ਨੂੰ ਹਮਲੇ ਦੀ ਕੁੱਝ ਸੈਕੰਡ ਦੀ ਵੀਡੀਓ ਕਲਿੱਪ ਮਿਲੀ'
ਗਾਇਕ ਮਨਕੀਰਤ ਔਲਥ ਨੂੰ ਵੀ ਦਿੱਤੀ ਸੀ ਧਮਕੀ
ਗਾਇਕ ਸਿੱਧੂ ਮੂਸੇਵਾਲਾ ਦੀ ਬੇਰਹਿਮੀ ਨਾਲ ਕੀਤੇ ਕਤਲ ਤੋਂ ਬਾਅਦ ਲਾਰੈਂਸ ਬਿਸ਼ਨੋਈ ਦੇ ਗੈਂਗ ਵਲੋਂ ਕਤਲ ਦੀ ਜ਼ਿੰਮੇਵਾਰੀ ਲੈਣ ਅਤੇ ਉਸ ਤੋਂ ਬਾਅਦ ਇਸ ਦਾ ਬਦਲਾ ਲੈਣ ਲਈ ਬੰਬੀਹਾ ਗਰੁੱਪ ਵਲੋਂ ਗਾਇਕ ਮਨਕੀਰਤ ਔਲਖ ਨੂੰ ਵੀ ਧਮਕੀ ਦਿੱਤੀ ਗਈ। ਜਿਸ ਤੋਂ ਬਾਅਦ ਪੰਜਾਬ ਪੁਲਸ ਦੇ ਸਾਹ ਫੁੱਲ ਗਏ ਸਨ। ਮੂਸੇਵਾਲਾ ਦੀ ਹੱਤਿਆ ਦੇ ਮਾਮਲੇ ਵਿਚ ਕੋਈ ਵੱਡੀ ਕਾਮਯਾਬੀ ਹੱਥ ਨਾ ਲੱਗਣ ਦੇ ਨਾਲ ਹੀ ਇਸ ਧਮਕੀ ਕਾਰਨ ਪੰਜਾਬ ਪੁਲਸ ਦੀ ਸਾਖ ਦਾਅ ’ਤੇ ਲੱਗ ਗਈ ਹੈ। ਪਤਾ ਲੱਗਿਆ ਹੈ ਕਿ ਸੋਸ਼ਲ ਮੀਡੀਆ ’ਤੇ ਧਮਕੀ ਦਾ ਪਤਾ ਚੱਲਣ ਤੋਂ ਬਾਅਦ ਮਨਕੀਰਤ ਔਲਖ ਵਲੋਂ ਵੀ ਪੰਜਾਬ ਪੁਲਸ ਤੋਂ ਸੁਰੱਖਿਆ ਦੀ ਮੰਗ ਕੀਤੀ ਗਈ ਸੀ। ਪੰਜਾਬ ਪੁਲਸ ਇਸ ਘਟਨਾ ਤੋਂ ਬਾਅਦ ਚੌਕਸੀ ਵਧਾ ਚੁੱਕੀ ਹੈ ਕਿਉਂਕਿ ਇਸ ਤਰ੍ਹਾਂ ਦੀਆਂ ਧਮਕੀਆਂ ਤੋਂ ਬਾਅਦ ਇਕ ਵਾਰ ਫਿਰ ਪੰਜਾਬ ਵਿਚ ਗੈਂਗਵਾਰ ਹੋਣ ਦੀ ਸੰਭਾਵਨਾ ਬਣ ਰਹੀ ਹੈ। ਧਿਆਨ ’ਚ ਰਹੇ ਕਿ ਪਿਛਲੇ ਤਕਰੀਬਨ 10 ਸਾਲਾਂ ਦੌਰਾਨ ਕਈ ਗੈਂਗਸਟਰ ਇਕ-ਦੂਜੇ ਗੁਟਾਂ ਦੀ ਲੜਾਈ ਦੌਰਾਨ ਮਾਰੇ ਗਏ ਸਨ। ਇਹ ਉਹ ਹੱਤਿਆਵਾਂ ਸਨ, ਜੋ ਕਿ ਇਕ-ਦੂਜੇ ਗੁਟ ਤੋਂ ਬਦਲਾ ਲੈਣ ਲਈ ਹੁੰਦੀਆਂ ਰਹੀਆਂ ਸਨ, ਜਿਨ੍ਹਾਂ ਵਿਚ ਦਵਿੰਦਰ ਬੰਬੀਹਾ, ਸ਼ੇਰਾ ਖੁੱਭਣ, ਜਸਵਿੰਦਰ ਰੌਕੀ, ਲਵੀ ਦਿਓੜਾ, ਰਣਜੀਤ ਰਾਣਾ, ਗੁਰਲਾਲ ਬਰਾੜ, ਗੁਰਲਾਲ ਪਹਿਲਵਾਨ ਵਰਗੇ ਕਈ ਨਾਂ ਸ਼ਾਮਲ ਹਨ।
ਇਹ ਵੀ ਪੜ੍ਹੋ : ਗੈਂਗਸਟਰਾਂ ਦਾ ‘ਕਾਲ’ ਹਨ ਬਰਾੜ ਅਤੇ ਚੌਹਾਨ, ਜਾਣੇ ਜਾਂਦੇ ਹਨ ਐਨਕਾਊਂਟਰ ਸਪੈਸ਼ਲਿਸਟ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।