ਸੁਰੱਖਿਆ ਘੇਰਾ ਤੋੜ ਕੇ ਜਸਟਿਸ ਰਾਜਨ ਗੁਪਤਾ ਕੋਲ ਧੀ ਲਈ ਨਿਆਂ ਮੰਗਣ ਪਹੁੰਚ ਗਿਆ ਫਰਿਆਦੀ

Sunday, Oct 29, 2017 - 07:10 PM (IST)

ਹੁਸ਼ਿਆਰਪੁਰ (ਜ.ਬ.)— ਸ਼ਨੀਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ ਰਾਜਨ ਗੁਪਤਾ ਦੇ ਆਉਣ ਕਰ ਕੇ ਜ਼ਿਲਾ ਪੁਲਸ ਨੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਹੋਏ ਸਨ। ਇਸ ਦੌਰਾਨ ਜਸਟਿਸ ਗੁਪਤਾ ਜਿਉਂ ਹੀ ਬਾਰ ਰੂਮ 'ਚ ਕਰਵਾਏ ਸਮਾਰੋਹ ਵਿਚ ਭਾਗ ਲੈਣ ਉਪਰੰਤ ਆਪਣੀ ਕਾਰ 'ਚ ਸਵਾਰ ਹੋਣ ਲੱਗੇ ਤਾਂ ਅਚਾਨਕ ਉਨ੍ਹਾਂ ਸਾਹਮਣੇ ਇਕ ਵਿਅਕਤੀ ਨੇ ਆਪਣੀ ਫਰਿਆਦ ਜ਼ੋਰ-ਜ਼ੋਰ ਨਾਲ ਕਰਦਿਆਂ ਆਪਣੀ ਧੀ ਦੇ ਕਾਤਲਾਂ ਖਿਲਾਫ ਸਖਤ ਕਾਰਵਾਈ ਕਰਨ ਬਾਰੇ ਕਹਿਣਾ ਸ਼ੁਰੂ ਕਰ ਦਿੱਤਾ। ਜਸਟਿਸ ਗੁਪਤਾ ਸਾਹਮਣੇ ਫਰਿਆਦੀ ਨੂੰ ਪਹੁੰਚਿਆ ਦੇਖ ਮੌਕੇ 'ਤੇ ਮੌਜੂਦ ਜ਼ਿਲੇ ਦੇ ਪੁਲਸ ਕਪਤਾਨ ਜੇ. ਏਲੀਚੇਲਿਅਨ ਅਤੇ ਡੀ. ਐੱਸ. ਪੀ. ਸਿਟੀ ਸੁਖਵਿੰਦਰ ਸਿੰਘ ਦੌੜ ਕੇ ਉਥੇ ਪਹੁੰਚੇ ਅਤੇ ਉਸ ਨੂੰ ਪੁਲਸ ਅਧਿਕਾਰੀਆਂ ਸਾਹਮਣੇ ਪੇਸ਼ ਹੋਣ ਲਈ ਕਹਿਣ ਲੱਗੇ। ਜਸਟਿਸ ਰਾਜਨ ਗੁਪਤਾ ਉਸ ਦੀ ਫਰਿਆਦ ਸੁਣ ਉਸ ਨੂੰ ਅਦਾਲਤ 'ਚ ਮਿਲਣ ਦਾ ਕਹਿ ਕੇ ਅੱਗੇ ਵਧ ਗਏ। 
ਕੀ ਹੈ ਮਾਮਲਾ
ਕਚਹਿਰੀ ਵਿਖੇ ਪੀੜਤ ਪ੍ਰੇਮ ਲਾਲ ਪੁੱਤਰ ਵਲੈਤੀ ਰਾਮ ਵਾਸੀ ਫਗਵਾੜਾ ਨੇ ਦੱਸਿਆ ਕਿ ਉਸ ਨੇ ਆਪਣੀ ਧੀ ਰਜਨੀ ਦਾ ਵਿਆਹ ਹੁਸ਼ਿਆਰਪੁਰ ਦੇ ਬਹਾਦਰਪੁਰ 'ਚ ਰਹਿਣ ਵਾਲੇ ਗਗਨ ਸ਼ਰਮਾ ਨਾਲ ਸਾਲ 2006 'ਚ ਕੀਤਾ ਸੀ। ਸਾਲ 2015 'ਚ ਰਜਨੀ ਦੇ ਪਤੀ ਅਤੇ ਦਿਓਰ ਨੇ ਮਿਲ ਕੇ ਰਜਨੀ ਨੂੰ ਕਤਲ ਕਰ ਦਿੱਤਾ। ਰਜਨੀ ਦੇ ਬੱਚਿਆਂ ਸ਼ਿਆ ਅਤੇ ਸ਼ਿਵਮ ਦੇ ਬਿਆਨਾਂ ਦੇ ਆਧਾਰ 'ਤੇ ਪੁਲਸ ਨੇ ਕੇਸ ਦਰਜ ਕੀਤਾ ਸੀ। ਵਾਰ-ਵਾਰ ਫਰਿਆਦ ਕਰਨ ਤੋਂ ਬਾਅਦ ਵੀ ਪੁਲਸ ਅਧਿਕਾਰੀਆਂ ਦੀ ਅਣਦੇਖੀ ਕਾਰਨ ਗਗਨ ਸ਼ਰਮਾ ਕੈਨੇਡਾ ਚਲਾ ਗਿਆ। ਇਹ ਮਾਮਲਾ ਅਦਾਲਤ 'ਚ ਵਿਚਾਰ ਅਧੀਨ ਹੈ। ਅੱਜ ਪਤਾ ਲੱਗਾ ਕਿ ਹਾਈ ਕੋਰਟ ਦੇ ਜੱਜ ਸਾਹਿਬ ਆ ਰਹੇ ਹਨ ਤਾਂ ਉਹ ਨਿਆਂ ਦੀ ਫਰਿਆਦ ਲੈ ਕੇ ਉਥੇ ਪਹੁੰਚ ਗਿਆ। 

PunjabKesari


ਕੀ ਕਹਿੰਦੇ ਹਨ ਐੱਸ. ਐੱਸ. ਪੀ.
ਮੌਕੇ 'ਤੇ ਮੌਜੂਦ ਐੱਸ. ਐੱਸ. ਪੀ. ਜੇ. ਏਲੀਚੇਲਿਅਨ ਨੇ ਕਿਹਾ ਕਿ ਪ੍ਰੇਮ ਲਾਲ ਵੱਲੋਂ ਪੁਲਸ ਸੁਰੱਖਿਆ ਦੇ ਘੇਰੇ ਨੂੰ ਤੋੜ ਕੇ ਮਾਣਯੋਗ ਜੱਜ ਸਾਹਿਬ ਸਾਹਮਣੇ ਜਾਣਾ ਕਾਨੂੰਨਨ ਗਲਤ ਹੈ। ਨਿਆਂ ਪਾਉਣ ਲਈ ਉਹ ਪੁਲਸ ਅਧਿਕਾਰੀਆਂ ਕੋਲ ਪਹੁੰਚ ਸਕਦਾ ਸੀ। ਉਹ ਖੁਦ ਇਸ ਮਾਮਲੇ ਨੂੰ ਦੇਖਣਗੇ ਕਿ ਜਾਂਚ ਕਿੱਥੋਂ ਤੱਕ ਪਹੁੰਚੀ ਹੈ ਅਤੇ ਇਸ ਦੀ ਅਣਦੇਖੀ ਕਿਉਂ ਹੋਈ ਹੈ।


Related News