ਸਮਰਾਲਾ 'ਚ ਸਹੁਰਿਆਂ ਵੱਲੋਂ ਨੂੰਹ 'ਤੇ ਹੈਵਾਨੀਅਤ ਦਿਖਾਉਣ ਦੀ ਦਿਲ ਕੰਬਾਊ ਵੀਡੀਓ ਹੋਈ ਵਾਇਰਲ

Saturday, Aug 28, 2021 - 04:01 PM (IST)

ਸਮਰਾਲਾ (ਗਰਗ, ਬੰਗੜ) : ਥਾਣਾ ਸਮਰਾਲਾ ਅਧੀਨ ਪੈਂਦੇ ਪਿੰਡ ਪੂਨੀਆ ਵਿਖੇ ਦਾਜ ਦੇ ਲੋਭ ’ਚ ਅੰਨ੍ਹੇ ਹੋਏ ਇਕ ਸਹੁਰਾ ਪਰਿਵਾਰ ਵੱਲੋਂ ਆਪਣੀ ਨੂੰਹ ਦੀ ਭਾਰੀ ਕੁੱਟਮਾਰ ਕਰਦੇ ਹੋਏ ਉਸ ਨੂੰ ਘੜੀਸ ਕੇ ਘਰੋਂ ਕੱਢਣ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਜਾਣ ’ਤੇ ਇਹ ਮਾਮਲਾ ਕਾਫੀ ਤੂਲ ਫੜ੍ਹ ਗਿਆ ਹੈ। ਇਸ ਵੀਡੀਓ ਵਿੱਚ ਸਹੁਰੇ ਪਰਿਵਾਰ ਦੀ ਹੈਵਾਨੀਅਤ ਨੂੰ ਵੇਖ ਕੇ ਹਰ ਕੋਈ ਇਸ ਲਾਲਚੀ ਪਰਿਵਾਰ ਨੂੰ ਫਟਕਾਰ ਲਾਉਂਦਾ ਹੋਇਆ ਸਖ਼ਤ ਸਜ਼ਾ ਦੇਣ ਦੀ ਮੰਗ ਕਰ ਰਿਹਾ ਹੈ। ਸਹੁਰੇ ਪਰਿਵਾਰ ਦੀ ਹੈਵਾਨੀਅਤ ਅਤੇ ਜੁਲਮ ਦਾ ਸ਼ਿਕਾਰ ਹੋਈ ਪੀੜਤਾ ਨੂੰ ਗੰਭੀਰ ਹਾਲਤ ਵਿੱਚ ਸਮਰਾਲਾ ਦੇ ਸਿਵਲ ਹਸਪਤਾਲ ਵਿਖੇ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਨਸ਼ਾ ਤਸਕਰੀ ਦੇ ਮਾਮਲੇ 'ਚ ਜਨਤਕ ਨਹੀਂ ਹੋ ਸਕੀ SIT ਦੀ ਰਿਪੋਰਟ, ਮਾਮਲਾ ਮੁਲਤਵੀ

ਪੁਲਸ ਨੇ ਵੀ ਐਕਸ਼ਨ ਵਿੱਚ ਆਉਂਦੇ ਹੋਏ ਕੁੜੀ ਦੇ ਬਿਆਨਾਂ ’ਤੇ ਉਸ ਦੇ ਪਤੀ, ਸੱਸ-ਸਹੁਰਾ ਅਤੇ ਤਿੰਨ ਹੋਰ ਰਿਸ਼ਤੇਦਾਰਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਫਿਲਹਾਲ ਦੋਸ਼ੀ ਸਹੁਰਾ ਪਰਿਵਾਰ ਆਪਣੀ ਗ੍ਰਿਫ਼ਤਾਰੀ ਤੋਂ ਬਚਣ ਲਈ ਘਰ ਛੱਡ ਕੇ ਦੌੜ ਗਿਆ ਹੈ। ਸਹੁਰੇ ਘਰ ਵਿੱਚ ਤਸ਼ਦੱਦ ਦਾ ਸ਼ਿਕਾਰ ਬਣੀ ਇਸ ਕੁੜੀ ਕਰਮਜੀਤ ਕੌਰ ਦਾ ਵਿਆਹ ਸਾਲ 2018 ਵਿੱਚ ਪੂਨੀਆ ਵਾਸੀ ਮਿੰਟੂ ਸਿੰਘ ਨਾਲ ਹੋਇਆ ਸੀ। ਸਹੁਰੇ ਪਰਿਵਾਰ ਵਾਲੇ ਬੇਹੱਦ ਲਾਲਚੀ ਨਿਕਲੇ ਅਤੇ ਵੱਡੀ ਗੱਡੀ ਲਿਆਉਣ ਦੀ ਮੰਗ ਕਰਨ ਲੱਗੇ।

ਇਹ ਵੀ ਪੜ੍ਹੋ : ਜਗਰਾਓਂ 'ਚ ਦਿਲ ਕੰਬਾਅ ਦੇਣ ਵਾਲੀ ਘਟਨਾ, ਧੀ ਨੂੰ ਫ਼ਾਹੇ 'ਤੇ ਲਟਕਾ ਪਿਤਾ ਨੇ ਵੀ ਕੀਤੀ ਖ਼ੁਦਕੁਸ਼ੀ

 

ਵਿਆਹ ’ਤੇ ਪਹਿਲਾਂ ਹੀ ਕਾਫੀ ਖ਼ਰਚ ਕਰਵਾ ਚੁੱਕੇ ਲੜਕੇ ਪਰਿਵਾਰ ਨੂੰ ਕੁੜੀ ਦੇ ਮਾਪਿਆਂ ਨੇ ਗੱਡੀ ਦੇਣ ਵਿੱਚ ਅਸਮਰੱਥਾ ਪ੍ਰਗਟਾਈ। ਇਸ ਤੋਂ ਬਾਅਦ ਕੁੜੀ ’ਤੇ ਹਰ ਰੋਜ਼ ਜੁਲਮ ਅਤੇ ਤਸੀਹੇ ਦੇਣ ਦਾ ਕੰਮ ਸ਼ੁਰੂ ਹੋ ਗਿਆ। ਦੁਖ਼ੀ ਹੋਈ ਕੁੜੀ ਵੱਲੋਂ 1 ਸਾਲ ਪਹਿਲਾ ਸਹੁਰੇ ਪਰਿਵਾਰ ਖ਼ਿਲਾਫ਼ ਦਾਜ-ਦਹੇਜ ਮੰਗਣ ਦਾ ਕੇਸ ਦਰਜ ਕਰਵਾਇਆ ਗਿਆ। ਮਾਮਲਾ ਅਦਾਲਤ ਪੁੱਜਾ ਤਾਂ ਉੱਥੇ ਵੀ ਕੁੜੀ ਨੂੰ ਸਮਝਾ-ਬੁਝਾ ਕੇ ਮੁੜ ਸਹੁਰੇ ਘਰ ਤੋਰ ਦਿੱਤਾ ਗਿਆ। ਇੰਨਾ ਸਭ ਹੋਣ ਦੇ ਬਾਵਜੂਦ ਵੀ ਸਹੁਰੇ ਪਰਿਵਾਰ ਦਾ ਲਾਲਚ ਨਹੀਂ ਗਿਆ। ਬੀਤੇ ਦਿਨ ਇਸ ਲਾਲਚੀ ਸਹੁਰੇ ਪਰਿਵਾਰ, ਜਿਸ ਵਿੱਚ ਕੁੜੀ ਦਾ ਪਤੀ, ਸੱਸ-ਸਹੁਰਾ, ਮਾਸੀ ਸੱਸ ਅਤੇ ਹੋਰ ਰਿਸ਼ਤੇਦਾਰਾਂ ਨੇ ਹੈਵਾਨੀਅਤ ਦੀ ਹੱਦ ਪਾਰ ਕਰਦੇ ਹੋਏ ਪਹਿਲਾ ਤਾਂ ਆਪਣੀ ਨੂੰਹ ਕਰਮਜੀਤ ਕੌਰ ਦੀ ਸ਼ਰੇਆਮ ਭਾਰੀ ਕੁੱਟਮਾਰ ਕੀਤੀ।

ਇਹ ਵੀ ਪੜ੍ਹੋ : ਰਾਹੁਲ ਗਾਂਧੀ ਨਾਲ ਮੁਲਾਕਾਤ ਮਗਰੋਂ ਮੀਡੀਆ ਅੱਗੇ ਬੋਲੇ ਹਰੀਸ਼ ਰਾਵਤ, 'ਇਕ-ਦੋ ਦਿਨ 'ਚ ਜਾਵਾਂਗਾ ਪੰਜਾਬ'
ਇਸ ਤੋਂ ਬਾਅਦ ਗੁੱਤ ਤੋਂ ਘੜੀਸ ਕੇ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ। ਇਥੋਂ ਤੱਕ ਕਿ ਕਰਮਜੀਤ ਕੌਰ ਦੀ ਚੁੰਨੀ ਤੱਕ ਉਛਾਲ ਕੇ ਉਸ ਦੀ ਬੇਇੱਜ਼ਤੀ ਕਰਨ ’ਚ ਵੀ ਕੋਈ ਕਸਰ ਬਾਕੀ ਨਹੀਂ ਛੱਡੀ ਗਈ। ਇਹ ਸਾਰਾ ਕੁਝ ਪਿੰਡ ਦੇ ਕੁਝ ਲੋਕਾਂ ਵੱਲੋਂ ਕੈਮਰੇ ਵਿੱਚ ਕੈਦ ਕਰ ਲਿਆ ਗਿਆ ਅਤੇ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤੀ ਗਈ। ਫਿਲਹਾਲ ਪੁਲਸ ਵੱਲੋਂ ਸਹੁਰੇ ਪਰਿਵਾਰ ਦੇ 6 ਵਿਅਕਤੀਆਂ ਖਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


Babita

Content Editor

Related News