ਬੀਤੇ 2 ਦਹਾਕਿਆਂ ਦੌਰਾਨ ਕਪੂਰਥਲਾ ''ਚ ਸਰਗਰਮ ਰਹੇ ਹਨ ਕਈ ਖਤਰਨਾਕ ਗੈਂਗਸਟਰ

Monday, Jan 29, 2018 - 06:48 PM (IST)

ਕਪੂਰਥਲਾ (ਭੂਸ਼ਣ)— ਸੂਬੇ ਦੇ ਬਦਨਾਮ ਗੈਂਗਸਟਰ ਵਿੱਕੀ ਗੌਂਡਰ ਸਮੇਤ 3 ਵੱਡੇ ਗੈਂਗਸਟਰਾਂ ਦੇ ਪੁਲਸ ਐੱਨਕਾਊਂਟਰ ਵਿਚ ਮਾਰੇ ਜਾਣ ਦੀ ਘਟਨਾ ਨੇ ਜਿੱਥੇ ਪੰਜਾਬ ਪੁਲਸ ਨੂੰ ਇਕ ਵੱਡੀ ਰਾਹਤ ਦਿੱਤੀ ਹੈ, ਉਥੇ ਹੀ ਇਸ ਘਟਨਾਕ੍ਰਮ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਸੂਬੇ ਦੇ ਲਗਭਗ ਸਾਰੇ ਜ਼ਿਲਿਆਂ 'ਚ ਗੈਂਗਸਟਰ ਇਸ ਕਦਰ ਸਰਗਰਮ ਹੋ ਚੁੱਕੇ ਹਨ ਕਿ ਉਹ ਆਮ ਲੋਕਾਂ ਵਿਚ ਦਹਿਸ਼ਤ ਦਾ ਇਕ ਵੱਡਾ ਕਾਰਨ ਬਣ ਚੁੱਕੇ ਹਨ। ਜੇਕਰ ਪੁਲਸ ਰਿਕਾਰਡ 'ਤੇ ਨਜ਼ਰ ਮਾਰੀ ਜਾਵੇ ਤਾਂ ਬੀਤੇ 2 ਦਹਾਕਿਆਂ ਦੌਰਾਨ ਜ਼ਿਲੇ ਦੇ 15 ਥਾਣਾ ਖੇਤਰਾਂ ਵਿਚ ਗੈਂਗਸਟਰਾਂ ਦੀ ਗ੍ਰਿਫਤਾਰੀ ਅਤੇ ਵਿਰੋਧੀ ਗੈਂਗ 'ਤੇ ਹਮਲਾ ਕਰਨ ਦੇ ਵੱਡੀ ਗਿਣਤੀ ਵਿਚ ਸੰਗੀਨ ਮਾਮਲੇ ਸਾਹਮਣੇ ਆ ਚੁੱਕੇ ਹਨ। ਜਿਸ ਦੌਰਾਨ ਗੈਂਗਸਟਰਾਂ ਦੀਆਂ ਗਤੀਵਿਧੀਆਂ ਕਾਰਨ 2 ਏ. ਐੱਸ. ਆਈ. ਰੈਂਕ ਦੇ ਪੁਲਸ ਕਰਮਚਾਰੀ ਵੀ ਆਪਣੀ ਜਾਨ ਗਵਾ ਚੁੱਕੇ ਹਨ।  
ਅੱਤਵਾਦ ਦੌਰਾਨ ਵੀ ਦੂਜੇ ਜ਼ਿਲਿਆਂ ਦੇ ਮੁਕਾਬਲੇ ਕਾਫੀ ਹੱਦ ਤਕ ਸ਼ਾਂਤ ਰਹੇ ਜ਼ਿਲਾ ਕਪੂਰਥਲਾ 'ਚ ਬੀਤੇ 2 ਦਹਾਕਿਆਂ ਤੋਂ ਵੱਡੀ ਗਿਣਤੀ ਵਿਚ ਕਈ ਖਤਰਨਾਕ ਗੈਂਗਸਟਰਾਂ ਦਾ ਕਹਿਰ ਦੇਖਣ ਨੂੰ ਮਿਲਿਆ ਹੈ। ਜ਼ਿਲੇ 'ਚ ਬੀਤੇ 2 ਦਹਾਕਿਆਂ ਦੌਰਾਨ 15 ਥਾਣਾ ਖੇਤਰਾਂ ਦੀ ਪੁਲਸ ਗੈਂਗਵਾਰ ਅਤੇ ਗੈਂਗਸਟਰਾਂ ਦੀ ਗ੍ਰਿਫਤਾਰੀ ਨਾਲ ਜੁੜੇ 40 ਦੇ ਕਰੀਬ ਮਾਮਲੇ ਦਰਜ ਕਰ ਚੁੱਕੀ ਹੈ । 
ਗੈਂਗਵਾਰ ਦੌਰਾਨ ਕਈ ਗੈਂਗਸਟਰਾਂ ਦੀ ਹੋਈ ਮੌਤ, 10 ਲੋਕ ਗਵਾ ਚੁਕੇ ਹਨ ਜਾਨਾਂ
ਜਿਸ ਦੌਰਾਨ ਜਿੱਥੇ 25 ਦੇ ਲਗਭਗ ਵੱਡੇ ਗੈਂਗਸਟਰਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ, ਉਥੇ ਹੀ ਗੈਂਗਵਾਰ ਦੌਰਾਨ ਜ਼ਿਲੇ 'ਚ ਕਈ ਗੈਂਗਸਟਰਾਂ ਦੀ ਮੌਤ ਵੀ ਹੋ ਚੁੱਕੀ ਹੈ, ਜਿਨ੍ਹਾਂ ਵਿਚ ਸਭ ਤੋਂ ਪ੍ਰਮੁੱਖ ਮਾਮਲਾ ਜਨਵਰੀ 2015 'ਚ ਫਗਵਾੜਾ ਜਲੰਧਰ ਰਾਸ਼ਟਰੀ ਰਾਜ ਮਾਰਗ 'ਤੇ ਪੁਲਸ ਸੁਰੱਖਿਆ 'ਚ ਅਦਾਲਤ ਤੋਂ ਪੇਸ਼ੀ ਭੁਗਤ ਕਰ ਰਹੇ ਸੁਖਾ ਕਾਹਲਵਾਂ ਦਾ ਦਿਨ ਦਿਹਾੜੇ ਪੁਲਸ ਮੁਕਾਬਲੇ ਵਿਚ ਮਾਰੇ ਗਏੇ ਵਿੱਕੀ ਗੌਂਡਰ ਅਤੇ ਉਸ ਦੇ ਸਾਥੀਆਂ ਨੇ ਕਤਲ ਕਰ ਦਿੱਤਾ ਸੀ।
ਉਥੇ ਹੀ ਇਸ ਦੌਰਾਨ ਸਾਲ 2013 'ਚ ਕਪੂਰਥਲਾ ਸ਼ਹਿਰ ਦੇ ਵਿਚਕਾਰ ਗੈਂਗਵਾਰ ਦੇ ਚਲਦੇ ਇਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਸੀ, ਜਦ ਕਿ ਸਾਲ 2004 'ਚ ਫਗਵਾੜਾ ਵਿਚ ਭਾਜਪਾ ਦੇ ਯੂਥ ਨੇਤਾ ਦਾ ਵੀ ਗੈਂਗਵਾਰ ਕਾਰਨ ਕਤਲ ਹੋ ਗਿਆ ਸੀ। ਇਸ ਘਟਨਾ 'ਚ ਫਗਵਾੜਾ ਅਤੇ ਕਪੂਰਥਲਾ ਵਿਚ ਹੀ ਬੀਤੇ 2 ਦਹਾਕਿਆਂ ਦੌਰਾਨ ਗੈਂਗਵਾਰ ਦੀ 7 ਗੰਭੀਰ ਘਟਨਾਵਾਂ ਵਿਚ 10 ਲੋਕਾਂ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਿਆ ਹੈ। ਪੁਲਸ ਰਿਕਾਰਡ ਮੁਤਾਬਕ ਗੈਂਗਵਾਰ ਦੀਆਂ ਇਨ੍ਹਾਂ ਘਟਨਾਵਾਂ ਨਾਲ ਕੇਂਦਰੀ ਜੇਲ ਜਲੰਧਰ ਅਤੇ ਕਪੂਰਥਲਾ ਵੀ ਅਛੁਤੀ ਨਹੀਂ ਰਹੀ ਹੈ, ਜਿੱਥੇ ਸਾਲ 2011 ਦੇ ਬਾਅਦ ਗੈਂਗਵਾਰ ਦੇ 7 ਵੱਡੇ ਮਾਮਲੇ ਸਾਹਮਣੇ ਆ ਚੁੱਕੇ ਹਨ।  
2 ਏ. ਐੱਸ. ਆਈ. ਬਣ ਚੁੱਕੇ ਹਨ ਗੈਂਗਸਟਰਾਂ ਦਾ ਨਿਸ਼ਾਨਾ
ਜ਼ਿਲਾ ਕਪੂਰਥਲਾ 'ਚ ਸਾਲ 2013 ਦੌਰਾਨ ਉਸ ਸਮੇਂ ਇਕ ਏ. ਐੱਸ. ਆਈ. ਰੈਂਕ ਦੇ ਅਫਸਰ ਦਾ ਫਗਵਾੜਾ ਜਲੰਧਰ ਰਾਸ਼ਟਰੀ ਰਾਜ ਮਾਰਗ 'ਤੇ ਕੁਝ ਗੈਂਗਸਟਰਾਂ ਨੇ ਕਤਲ ਕਰ ਦਿੱਤਾ ਸੀ, ਜਦੋਂ ਪੁਲਸ ਟੀਮ ਨੇ ਉਕਤ ਗੈਂਗਸਟਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਸੀ ਕਿ ਬਾਅਦ ਵਿਚ ਪੁਲਸ ਨੇ ਇਕ ਆਪ੍ਰੇਸ਼ਨ ਦੌਰਾਨ ਇਨ੍ਹਾਂ ਸਾਰੇ ਗੈਂਗਸਟਰਾਂ ਨੂੰ ਗ੍ਰਿਫਤਾਰ ਕਰ ਲਿਆ ਸੀ। ਉਥੇ ਹੀ ਸਾਲ 2017 ਵਿਚ ਸੁਭਾਨਪੁਰ ਅੰਮ੍ਰਿਤਸਰ ਰਾਸ਼ਟਰੀ ਰਾਜ ਮਾਰਗ 'ਤੇ ਇਕ ਤੇਜ਼ ਰਫਤਾਰ ਗੱਡੀ ਵਿਚ ਜਾ ਰਹੇ ਗੈਂਗਸਟਰਾਂ ਨੇ ਨਾਕਾਬੰਦੀ ਦੌਰਾਨ ਰੋਕਣ 'ਤੇ ਇਕ ਏ. ਐੱਸ. ਆਈ. 'ਤੇ ਕਾਰ ਚੜ੍ਹਾ ਦਿੱਤੀ ਸੀ, ਜਿਸ ਕਾਰਨ ਉਕਤ ਏ. ਐੱਸ. ਆਈ. ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ। ਇਨ੍ਹਾਂ ਸਾਰੇ ਮੁਲਜ਼ਮਾਂ ਨੂੰ ਪੁਲਸ ਟੀਮ ਨੇ ਪਿੱਛਾ ਕਰਕੇ ਗ੍ਰਿਫਤਾਰ ਕਰ ਲਿਆ ਸੀ। ਜੇਕਰ ਪੁਲਸ ਰਿਕਾਰਡ ਦੇ ਵੱਲ ਨਜ਼ਰ ਮਾਰੀ ਜਾਵੇ ਤਾਂ ਅੱਜੇ ਵੀ ਜ਼ਿਲਾ ਪੁਲਸ ਨੂੰ ਸਾਲਾਂ ਪੁਰਾਣੇ ਗੈਂਗਸਟਰ ਦੇ ਕਈ ਮਾਮਲਿਆਂ ਵਿਚ 5 ਮੁਲਜ਼ਮ ਜ਼ਿਲਾ ਭਰ ਵਿਚ ਲੋੜੀਂਦੇ ਹਨ। ਜਿਨ੍ਹਾਂ ਨੂੰ ਲੈ ਕੇ ਪੁਲਸ ਵੱਲੋਂ ਗ੍ਰਿਫਤਾਰੀ ਦੀ ਕੋਸ਼ਿਸ਼ ਜਾਰੀ ਹੈ । 
ਕੀ ਕਹਿੰਦੇ ਹਨ ਐੱਸ. ਐੱਸ. ਪੀ.
ਇਸ ਸਬੰਧ 'ਚ ਜਦੋਂ ਐੱਸ. ਐੱਸ. ਪੀ. ਸੰਦੀਪ ਸ਼ਰਮਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਜ਼ਿਲੇ ਵਿਚ ਗੈਂਗਸਟਰਾਂ ਦੇ ਖਿਲਾਫ ਵੱਡੀ ਮੁਹਿੰਮ ਚਲਾਈ ਜਾ ਰਹੀ ਹੈ। ਕਪੂਰਥਲਾ ਪੁਲਸ ਨੂੰ ਲੋੜੀਂਦੇ ਲਗਭਗ ਸਾਰੇ ਗੈਂਗਸਟਰ ਫੜੇ ਜਾ ਚੁੱਕੇ ਹਨ। ਕੁਝ ਪੁਰਾਣੇ ਗੈਂਗਸਟਰਾਂ ਦੀ ਗ੍ਰਿਫਤਾਰੀ ਲਈ ਕੋਸ਼ਿਸ਼ ਜਾਰੀ ਹੈ।


Related News