ਗੈਂਗਸਟਰ ਬੁੱਢਾ ਨੂੰ ਅਰਮੀਨੀਆ ਤੋਂ ਭਾਰਤ ਡਿਪੋਰਟ ਕਰਾਉਣ 'ਚ ਪੰਜਾਬ ਪੁਲਸ ਹੋਈ ਸਫਲ

Friday, Nov 22, 2019 - 11:32 PM (IST)

ਜਲੰਧਰ,(ਧਵਨ) : ਗੈਂਗਸਟਰਾਂ ਖਿਲਾਫ ਮੁਹਿੰਮ ਵਿਚ ਅਹਿਮ ਸਫਲਤਾ ਹਾਸਲ ਕਰਦਿਆਂ ਪੰਜਾਬ ਪੁਲਸ ਨੇ ਲੋੜੀਂਦੇ ਗੈਂਗਸਟਰ ਸੁਖਪ੍ਰੀਤ ਸਿੰਘ ਧਾਲੀਵਾਲ ਉਰਫ ਬੁੱਢਾ ਨੂੰ ਦਿੱਲੀ ਏਅਰਪੋਰਟ ਤੋਂ ਅੱਜ ਅੱਧੀ ਰਾਤ ਵੇਲੇ ਗ੍ਰਿਫਤਾਰ ਕਰਨ ਦੀ ਤਿਆਰੀ ਕਰ ਲਈ ਹੈ। ਇਸ ਤੋਂ ਪਹਿਲਾਂ ਪੰਜਾਬ ਪੁਲਸ ਨੇ ਗੈਂਗਸਟਰ ਸੁਖਪ੍ਰੀਤ ਸਿੰਘ ਨੂੰ ਅਰਮੀਨੀਆ ਤੋਂ ਭਾਰਤ ਡਿਪੋਰਟ ਕਰਾਉਣ 'ਚ ਸਫਲਤਾ ਹਾਸਲ ਕੀਤੀ ਸੀ। ਪੰਜਾਬ ਦੇ ਡੀ. ਜੀ. ਪੀ. ਦਿਨਕਰ ਗੁਪਤਾ ਨੇ ਕਿਹਾ ਕਿ ਪੰਜਾਬ ਪੁਲਸ ਦੀ ਟੀਮ ਬੁੱਢਾ ਨੂੰ ਏਅਰਪੋਰਟ ਤੋਂ ਗ੍ਰਿਫਤਾਰ ਕਰਨ ਲਈ ਤਿਆਰ ਬੈਠੀ ਹੈ ਤੇ ਉਸ ਨੂੰ ਹਿਰਾਸਤ 'ਚ ਲੈ ਕੇ ਪੰਜਾਬ ਲਿਆਂਦਾ ਜਾਵੇਗਾ। ਦਵਿੰਦਰ ਬੰਬੀਹਾ ਗਿਰੋਹ ਦੇ ਕਥਿਤ ਮੁਖੀ ਬੁੱਢਾ ਖਿਲਾਫ ਪੰਜਾਬ ਤੇ ਹਰਿਆਣਾ ਵਿਚ ਕਤਲ, ਕਤਲ ਦੀ ਕੋਸ਼ਿਸ਼, ਗੈਰ-ਕਾਨੂੰਨੀ ਸਰਗਰਮੀਆਂ ਸਬੰਧੀ 15 ਅਪਰਾਧਿਕ ਮਾਮਲੇ ਦਰਜ ਹਨ। ਹਾਲ ਹੀ ਵਿਚ ਉਸ ਦੇ ਖਾਲਿਸਤਾਨੀ ਅਨਸਰਾਂ ਦੇ ਨਾਲ ਵੀ ਸੰਪਰਕ ਸਥਾਪਿਤ ਹੋਏ ਸਨ। 2011 ਵਿਚ ਹੋਏ ਕਤਲ ਦੇ ਮਾਮਲੇ 'ਚ ਬੁੱਢਾ ਨੂੰ ਸਜ਼ਾ ਹੋਈ ਸੀ ਪਰ 2016 ਵਿਚ ਉਸ ਨੂੰ ਪੈਰੋਲ ਮਿਲ ਗਈ, ਬਾਅਦ ਵਿਚ ਪੰਜਾਬ ਪੁਲਸ ਨੇ ਉਸ ਨੂੰ ਲੋੜੀਂਦਾ ਅਪਰਾਧੀ ਐਲਾਨ ਕਰ ਦਿੱਤਾ ਸੀ। ਬੁੱਢਾ ਨੂੰ ਲੈ ਕੇ ਹਰਿਆਣਾ ਪੁਲਸ ਵੀ ਉਸ ਦੀ ਭਾਲ ਕਰ ਰਹੀ ਸੀ।

ਬੁੱਢਾ ਪੁੱਤਰ ਮੇਜਰ ਸਿੰਘ ਵਾਸੀ ਕੁੱਸਾ ਤਹਿਸੀਲ ਨਿਹਾਲ ਸਿੰਘ ਵਾਲਾ ਜ਼ਿਲਾ ਮੋਗਾ ਦਾ ਰਹਿਣ ਵਾਲਾ ਹੈ ਤੇ ਪੰਜਾਬ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਸਰਕਾਰ ਬਣਨ ਤੋਂ ਬਾਅਦ ਗੈਂਗਸਟਰਾਂ ਖਿਲਾਫ ਸ਼ੁਰੂ ਕੀਤੀ ਗਈ ਮੁਹਿੰਮ ਤੋਂ ਬਾਅਦ ਬੁੱਢਾ ਦੇਸ਼ ਛੱਡ ਕੇ ਭੱਜ ਗਿਆ ਸੀ। ਦੁਬਈ ਵਿਚ ਵੀ ਪੰਜਾਬ ਪੁਲਸ ਬੁੱਢਾ ਨੂੰ ਗ੍ਰਿਫਤਾਰ ਕਰਨ ਤੋਂ ਖੁੰਝ ਗਈ ਸੀ। ਹਾਲ ਹੀ 'ਚ ਉਸ ਦੇ ਅਰਮੀਨੀਆ 'ਚ ਰਹਿਣ ਦਾ ਪਤਾ ਲੱਗਾ ਸੀ, ਜਿਸ ਤੋਂ ਬਾਅਦ ਪੰਜਾਬ ਪੁਲਸ ਨੇ ਲੁਕਆਊਟ ਸਰਕੂਲਰ (ਐੱਲ. ਓ. ਸੀ.) ਤੇ ਰੈੱਡ ਕਾਰਨਰ ਨੋਟਿਸ (ਆਰ. ਸੀ. ਐੱਨ.) ਇੰਟਰਪੋਲ ਤੋਂ ਜਾਰੀ ਕਰਵਾ ਦਿੱਤਾ ਸੀ। ਡੀ. ਜੀ. ਪੀ. ਦਿਨਕਰ ਗੁਪਤਾ ਨੇ ਦੱਸਿਆ ਕਿ ਅਰਮੀਨੀਆ ਪੁਲਸ ਨੂੰ ਬੁੱਢਾ ਦੇ ਅਰਮੀਨੀਆ ਵਿਚ ਹੋਣ ਦਾ ਪਤਾ 8 ਅਗਸਤ 2019 ਨੂੰ ਲੱਗਾ ਸੀ। ਉਸ ਤੋਂ ਤੁਰੰਤ ਬਾਅਦ ਯੂਰਪ 'ਚ ਕਈ ਖਾਲਿਸਤਾਨੀ ਸਮਰਥਕਾਂ ਨੇ ਫੇਸਬੁੱਕ 'ਤੇ ਬੁੱਢਾ ਦੀ ਗ੍ਰਿਫਤਾਰੀ ਬਾਰੇ ਲਿਖਿਆ ਸੀ ਤੇ ਪੰਜਾਬ 'ਚ ਖਾਲਿਸਤਾਨ ਦੇ ਪੱਖ 'ਚ ਜ਼ੋਰਦਾਰ ਆਵਾਜ਼ ਉਠਾਉਣ ਦੀ ਮੰਗ ਕੀਤੀ ਸੀ। ਬੁੱਢਾ ਨੇ ਇਸ ਤੋਂ ਪਹਿਲਾਂ ਆਪਣੇ ਫੇਸਬੁੱਕ 'ਤੇ ਅਕਾਊਂਟ ਵਿਚ ਡੇਰਾ ਸੱਚਾ ਸੌਦਾ ਦੇ ਵਰਕਰ ਮਨਿੰਦਰਪਾਲ ਬਿੱਟੂ ਨੂੰ ਖਤਮ ਕਰਨ ਦੀ ਜ਼ਿੰਮੇਵਾਰੀ ਲਈ ਸੀ। ਬਿੱਟੂ ਦੀ ਹੱਤਿਆ ਨਾਭਾ ਜੇਲ ਦੇ ਅੰਦਰ ਹੋਈ ਸੀ। ਇਸ ਤੋਂ ਬਾਅਦ ਹਰਕਮਲਪ੍ਰੀਤ ਸਿੰਘ ਖੱਖ (ਏ. ਆਈ. ਜੀ. ਕਾਊਂਟਰ ਇੰਟਲੀਜੈਂਸ ਜਲੰਧਰ) ਤੇ ਬਿਕਰਮ ਬਰਾੜ ਡੀ. ਐੱਸ. ਪੀ. ਓ. ਸੀ. ਸੀ. ਯੂ. ਨੂੰ ਅਪਰਾਧੀਆਂ ਨੂੰ ਡਿਪੋਰਟ 'ਤੇ ਲਿਆਉਣ ਲਈ ਤਾਲਮੇਲ ਬਿਠਾਉਣ ਲਈ ਹਦਾਇਤਾਂ ਦਿੱਤੀਆਂ ਗਈਆਂ।


Related News