ਪਟਿਆਲਾ ’ਚ ਖ਼ਤਰਨਾਕ ਗੈਂਗਸਟਰ ਗ੍ਰਿਫ਼ਤਾਰ, ਕਈ ਹਥਿਆਰ ਹੋਏ ਬਰਾਮਦ

11/28/2022 6:31:14 PM

ਪਟਿਆਲਾ (ਬਲਜਿੰਦਰ) : ਸੀ. ਆਈ. ਏ. ਸਟਾਫ ਪਟਿਆਲਾ ਦੀ ਪੁਲਸ ਨੇ ਇੰਚਾਰਜ ਇੰਸਪੈਕਟਰ ਸ਼ਮਿੰਦਰ ਸਿੰਘ ਦੀ ਅਗਵਾਈ ਹੇਠ ਦੋ ਵੱਖ-ਵੱਖ ਕੇਸਾਂ ਵਿਚ ਚਾਰ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਤੋਂ 6 ਪਿਸਤੌਲਾਂ ਬਰਾਮਦ ਕੀਤੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਵਰੁਣ ਸ਼ਰਮਾ ਨੇ ਦੱਸਿਆ ਕਿ ਇਕ ਸਪੈਸ਼ਲ ਆਪਰੇਸ਼ਨ ਐੱਸ.ਪੀ. ਇਨਵੈਸਟੀਗੇਸ਼ਨ ਹਰਬੀਰ ਸਿੰਘ ਅਟਵਾਲ ਅਤੇ ਡੀ.ਐੱਸ.ਪੀ. ਡੀ. ਸੁਖਅੰਮ੍ਰਿਤ ਸਿੰਘ ਰੰਧਾਵਾ ਦੀ ਨਿਗਰਾਨੀ ਵਿਚ ਸੀ.ਆਈ.ਏ. ਸਟਾਫ ਪਟਿਆਲਾ ਇੰਚਾਰਜ ਇੰਸ. ਸ਼ਮਿੰਦਰ ਸਿੰਘ ਦੀ ਅਗਵਾਈ ਹੇਠ ਚਲਾਇਆ ਗਿਆ ਸੀ। ਜਿਸ ਵਿਚ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਤੋਂ 6 ਪਿਸਤੌਲਾਂ ਬਰਾਮਦ ਕੀਤੀਆਂ ਗਈਆ ਹਨ। ਐੱਸ.ਐੱਸ.ਪੀ. ਨੇ ਦੱਸਿਆ ਕਿ ਸੀ. ਆਈ. ਏ. ਸਟਾਫ ਪਟਿਆਲਾ ਦੀ ਪੁਲਸ ਟੀਮ ਵੱਲੋਂ ਗੁਪਤ ਸੂਚਨਾਂ ਦੇ ਅਧਾਰ ’ਤੇ ਟੀ-ਪੁਆਇੰਟ ਲਚਕਾਣੀ ਬੱਸ ਅੱਡਾ ਭਾਦਸੋਂ ਪਟਿਆਲਾ ਰੋਡ ਤੋਂ ਸਕੋਡਾ ਕਾਰ ਵਿਚ ਸਵਾਰ ਰਵਿੰਦਰ ਸਿੰਘ ਉਰਫ ਬਿੰਦਾ ਗੁੱਜਰ ਪੁੱਤਰ ਗੁਰਮੀਤ ਸਿੰਘ ਵਾਸੀ ਪਿੰਡ ਚਪਰਾੜ ਥਾਣਾ ਜੁਲਕਾ ਅਤੇ ਗੁਰਵਿੰਦਰ ਸਿੰਘ ਉਰਫ ਗੁੰਦਰ ਪੁੱਤਰ ਦਰਸ਼ਨ ਰਾਮ ਵਾਸੀ ਪਿੰਡ ਪਸਿਆਣਾ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ 4 ਪਿਸਤੌਲ 32 ਬੋਰ ਸਮੇਤ 20 ਰੋਂਦ ਬਰਾਮਦ ਕੀਤੇ ਗਏ। ਜਿੰਨ੍ਹਾਂ ਖ਼ਿਲਾਫ ਥਾਣਾ ਬਖਸ਼ੀਵਾਲਾ ਵਿਖੇ ਕੇਸ ਦਰਜ ਕੀਤਾ ਗਿਆ।

ਇਹ ਵੀ ਪੜ੍ਹੋ : ਬਟਾਲਾ ’ਚ ਗੋਲ਼ੀ ਗੈਂਗ ਦੇ ਖ਼ਤਰਨਾਕ ਗੈਂਗਸਟਰ ਗ੍ਰਿਫ਼ਤਾਰ, ਪੁਲਸ ਨੇ ਇੰਝ ਵਿਛਾਇਆ ਜਾਲ

ਐੱਸ. ਐੱਸ. ਪੀ. ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਰਵਿੰਦਰ ਸਿੰਘ ਉਰਫ ਬਿੰਦਾ ਗੁੱਜਰ ਅਤੇ ਗੁਰਵਿੰਦਰ ਸਿੰਘ ਉਰਫ ਗੁੰਦਰ ਇਹ ਦੋਵੇਂ ਕੰਵਰ ਰਣਦੀਪ ਸਿੰਘ ਉਰਫ ਐੱਸ. ਕੇ. ਖਰੋੜ ਦੇ ਐਂਟੀ ਗਰੁੱਪ ਦੇ ਮੁੱਖ ਸਰਗਣੇ ਹਨ। ਕੰਵਰ ਰਣਦੀਪ ਸਿੰਘ ਉਰਫ ਐੱਸ. ਕੇ. ਖਰੋੜ, ਹਰਵਿੰਦਰ ਸਿੰਘ ਰਿੰਦਾ ਦਾ ਕੇਸਵਾਲ ਰਿਹਾ ਹੈ। ਇਸ ਗਿਰੋਹ ਦੇ ਮੈਂਬਰਾਂ ਨੂੰ ਵੀ ਅਸਲੇ ਸਮੇਤ ਪੁਲਸ ਪਹਿਲਾਂ ਹੀ ਗ੍ਰਿਫ਼ਤਾਰ ਕਰ ਚੁੱਕੀ ਹੈ। ਇੰਨ੍ਹਾਂ ਦੋਵੇਂ ਅਪਰਾਧਿਕ ਗਰੁੱਪਾਂ ਵਿਚਕਾਰ ਕਤਲ, ਇਰਾਦਾ ਕਤਲ ਆਦਿ ਦੇ ਜ਼ਿਲ੍ਹਾ ਪਟਿਆਲਾ ਦੇ ਵੱਖ-ਵੱਖ ਥਾਣਿਆਂ ਵਿਚ 9 ਕੇਸ ਦਰਜ ਹਨ। ਗੁਰਵਿੰਦਰ ਸਿੰਘ ਗੁੰਦਰ ਥਾਣਾ ਅਰਬਨ ਅਸਟੇਟ ਦੇ ਐੱਫ. ਆਈ. ਆਰ. ਨੰ: 142/2021 ਦੇ ਕਰਾਸ ਮੁਕੱਦਮੇ ਵਿਚ ਭਗੌੜਾ ਚੱਲਿਆ ਆ ਰਿਹਾ ਸੀ, ਜਿਸ ਵਿਚ ਇਨ੍ਹਾਂ ਦੋਵਾਂ ਧਿਰਾਂ ਦੀ ਜੁਲਾਈ—2022 ਵਿਚ ਫਾਇਰਿੰਗ ਹੋਈ ਸੀ। ਪਿਛਲੇ ਕਰੀਬ 4 ਸਾਲਾਂ ਤੋ ਆਪਸੀ ਗੈਂਗਵਾਰ ਵਿਚ ਕਤਲ, ਇਰਾਦਾ ਕਤਲ ਅਤੇ ਗੰਭੀਰ ਜ਼ੁਰਮਾਂ ਤਹਿਤ ਪਟਿਆਲਾ ਸ਼ਹਿਰ ਦੇ ਵੱਖ-ਵੱਖ ਥਾਣਿਆਂ ਵਿਚ ਦਰਜਨ ਦੇ ਕਰੀਬ ਕੇਸ ਦਰਜ ਹਨ। ਜਿਨ੍ਹਾਂ ਦੀ ਗੈਂਗਵਾਰ ਦੇ ਚੱਲਦੇ ਹੀ ਸਾਲ 2020 ਵਿਚ ਸ਼ਮਸ਼ੇਰ ਸਿੰਘ ਸ਼ੇਰਾ ਦਾ ਕਤਲ ਅਤੇ ਸਾਲ 2022 ਵਿਚ ਸਰਪੰਚ ਤਾਰਾ ਦੱਤ ਦਾ ਕਤਲ ਵੀ ਸ਼ਾਮਲ ਹੈ। ਦੋਸ਼ੀ ਰਵਿੰਦਰ ਸਿੰਘ ਉਰਫ ਬਿੰਦਾ ਗੁੱਜਰ ਹੁਣ ਹਰਿਆਣੇ ਦੇ ਗੈਂਗਾਂ ਨਾਲ ਨੇੜਤਾ ਵਧਾ ਰਿਹਾ ਸੀ। ਜਿਸ ਦੀ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਦੇ ਸਬੰਧ ਹਰਿਆਣਾ ਦੇ ਨਾਮੀ ਗੈਂਗਸਟਰ ਅਮਿਤ ਗੁੱਜਰ ਨਾਲ ਹਨ। ਰਵਿੰਦਰ ਸਿੰਘ ਉਰਫ ਬਿੰਦਾ ਗੁੱਜਰ ਖ਼ਿਲਾਫ ਜ਼ਿਲ੍ਹਾ ਪਟਿਆਲਾ ਅਤੇ ਜ਼ਿਲ੍ਹਾ ਅੰਬਾਲਾ (ਹਰਿਆਣਾ) ਵਿਖੇ ਇਰਾਦਾ ਕਤਲ ਆਦਿ ਦੇ ਕੇਸ ਦਰਜ ਹਨ।

ਇਹ ਵੀ ਪੜ੍ਹੋ : ਘਰ ਅੰਦਰ ਵੜ ਰਹੇ ਕਤੂਰੇ ’ਤੇ ਔਰਤ ਨੇ ਦਿਖਾਈ ਦਰਿੰਦਗੀ, ਵੀਡੀਓ ਦੇਖ ਪਸੀਜ ਜਾਵੇਗਾ ਦਿਲ

ਐੱਸ. ਐੱਸ. ਪੀ. ਵਰੁਣ ਸ਼ਰਮਾ ਨੇ ਦੱਸਿਆ ਕਿ ਸੀ. ਆਈ. ਏ. ਸਟਾਫ ਪਟਿਆਲਾ ਦੀ ਟੀਮ ਵੱਲੋਂ ਇਕ ਹੋਰ ਕੇਸ ਥਾਣਾ ਸਨੋਰ ਵਿਖੇ ਆਰਮਜ਼ ਐਕਟ ਦੇ ਤਹਿਤ ਦਰਜ ਕੀਤਾ ਹੈ। ਜਿਸ ਵਿਚ ਸ਼ਮਸ਼ਾਦ ਅਲੀ ਉਰਫ ਸ਼ਾਦ ਪੁੱਤਰ ਨੂਰ ਮੁਹੰਮਦ ਵਾਸੀ ਪਿੰਡ ਝਿੰਜਰਾ ਥਾਣਾ ਮੁਲੇਪੁਰ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਅਤੇ ਅਰਮਨ ਅਲੀ ਪੁੱਤਰ ਅਸ਼ਰਫ ਅਲੀ ਵਾਸੀ ਗਲੀ ਨੰਬਰ 09 ਆਦਰਸ਼ ਕਲੋਨੀ ਥਾਣਾ ਸਿਵਲ ਲਾਈਨ ਪਟਿਆਲਾ ਨੂੰ ਜੋੜੀਆਂ ਸੜਕਾਂ ਦੇਵੀਗੜ੍ਹ ਰੋਡ ਤੋਂ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ 2 ਪਿਸਤੌਲ 315 ਬੋਰ ਸਮੇਤ 6 ਰੋਂਦ ਬਰਾਮਦ ਕੀਤੇ ਹਨ। ਉਨ੍ਹਾਂ ਦੱਸਿਆ ਕਿ ਪਟਿਆਲਾ ਪੁਲਸ ਅਪਰਾਧਿਕ ਅਨਸਰਾਂ ਖ਼ਿਲਾਫ ਸਖ਼ਤ ਕਾਰਵਾਈ ਅਮਲ ਵਿਚ ਲਿਆਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਉਪਰੋਕਤ ਕੇਸਾਂ ਵਿਚ ਗ੍ਰਿਫਤਾਰ ਹੋਏ ਵਿਅਕਤ ਨੂੰ ਪੇਸ਼ ਅਦਾਲਤ ਕੀਤਾ ਗਿਆ ਹੈ ਜੋ ਕਿ ਪੁਲਸ ਰਿਮਾਂਡ ’ਤੇ ਹਨ ਅਤੇ ਉਨ੍ਹਾਂ ਤੋਂ ਬਰਾਮਦ ਹਥਿਆਰਾਂ ਬਾਰੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਮੌਕੇ ਐੱਸ. ਪੀ. ਇਨਵੈਸਟੀਗੇਸ਼ਨ ਹਰਬੀਰ ਸਿੰਘ ਅਟਵਾਲ, ਸੀ.ਆਈ. ਏ. ਸਟਾਫ ਦੇ ਇੰਚਾਰਜ ਇੰਸ. ਸ਼ਮਿੰਦਰ ਸਿੰਘ ਅਤੇ ਐੱਸ.ਐੱਸ.ਪੀ. ਦੇ ਰੀਡਰ ਐੱਸ.ਆਈ ਅਵਤਾਰ ਸਿੰਘ ਵੀ ਹਾਜ਼ਰ ਸਨ।

ਇਹ ਵੀ ਪੜ੍ਹੋ : ਪੰਜਾਬ ’ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 32 IAS/PCS ਅਫਸਰਾਂ ਦੇ ਤਬਾਦਲੇ, ਕਈ ਜ਼ਿਲ੍ਹਿਆਂ ਦੇ ਡੀ. ਸੀ. ਵੀ ਬਦਲੇ ਗਏ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Gurminder Singh

Content Editor

Related News