ਖਤਰਨਾਕ ਬਦਮਾਸ਼ਾਂ ਨੂੰ ਪੁਲਸ ਹਿਰਾਸਤ ''ਚੋਂ ਛੁਡਵਾਉਣ ਵਾਲਾ ਮੁਲਜ਼ਮ ਸਾਥੀ ਸਮੇਤ ਗ੍ਰਿਫਤਾਰ

09/29/2019 12:28:14 PM

ਕਪੂਰਥਲਾ (ਭੂਸ਼ਣ)— ਪੁਲਸ ਟੀਮ 'ਤੇ ਹਮਲਾ ਕਰਕੇ ਖਤਰਨਾਕ ਬਦਮਾਸ਼ਾਂ ਨੂੰ ਪੁਲਸ ਹਿਰਾਸਤ ਤੋਂ ਛੁਡਵਾਉਣ ਅਤੇ ਡਰਗ ਸਮੱਗਲਿੰਗ ਦੇ ਕਈ ਗੰਭੀਰ ਮਾਮਲਿਆਂ 'ਚ ਲੋੜੀਂਦੇ ਇਕ ਖਤਰਨਾਕ ਬਦਮਾਸ਼ ਸਮੇਤ 2 ਮੁਲਜ਼ਮਾਂ ਨੂੰ ਕਾਬੂ ਕਰਕੇ ਥਾਣਾ ਸਦਰ ਕਪੂਰਥਲਾ ਦੀ ਪੁਲਸ ਨੇ ਇਕ ਨਾਜਾਇਜ਼ ਪਿਸਤੌਲ, ਜ਼ਿੰਦਾ ਰਾਊਂਡ ਅਤੇ 50 ਨਸ਼ੇ ਵਾਲੇ ਟੀਕੇ ਬਰਾਮਦ ਕੀਤੇ ਹਨ। ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਸਬੰਧੀ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਡੀ. ਐੱਸ. ਪੀ. ਹਰਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਥਾਣਾ ਸਦਰ ਕਪੂਰਥਲਾ ਦੇ ਐੱਸ. ਐੱਚ. ਓ. ਗੁਰਦਿਆਲ ਸਿੰਘ ਨੇ ਪੁਲਸ ਟੀਮ ਨਾਲ ਪਿੰਡ ਸੈਦੋਵਾਲ ਅਤੇ ਭੰਡਾਲ ਦੋਨਾ ਵਿਖੇ ਨਾਕੇਬੰਦੀ ਕੀਤੀ ਹੋਈ ਸੀ, ਇਸ ਦੌਰਾਨ ਇਕ ਮੁਖਬਰ ਖਾਸ ਨੇ ਸੂਚਨਾ ਦਿੱਤੀ ਕਿ ਵਿਕਰਮਜੀਤ ਸਿੰਘ ਉਰਫ ਵਿੱਕੀ ਉਰਫ ਵਰਲਡ ਪੁੱਤਰ ਬਲਵਿੰਦਰ ਸਿੰਘ ਉਰਫ ਬਿੱਲਾ ਵਾਸੀ ਮੁਹੱਲਾ ਗੁਰੂ ਦਾ ਖੂਹ ਨਜ਼ਦੀਕੀ ਦੋਹੜਾ ਚੌਕੀ ਤਰਨਤਾਰਨ ਅਤੇ ਗੁਰਪ੍ਰੀਤ ਸਿੰਘ ਪੁੱਤਰ ਹਰਜੀਤ ਸਿੰਘ ਵਾਸੀ ਅਮਨ ਨਗਰ ਨਜ਼ਦੀਕੀ ਚੂਹੜਵਾਲ ਚੁੰਗੀ ਕਪੂਰਥਲਾ ਡਰਗ ਦੀ ਸਮੱਗਲਿੰਗ ਕਰਦੇ ਹਨ। ਇਨ੍ਹਾਂ ਮੁਲਜ਼ਮਾਂ 'ਚੋਂ ਵਿੱਕੀ ਉਰਫ ਵਰਲਡ ਖਿਲਾਫ ਤਰਨਤਾਰਨ ਅਤੇ ਜ਼ਿਲਾ ਅੰਮ੍ਰਿਤਸਰ 'ਚ ਵੱਡੀ ਗਿਣਤੀ 'ਚ ਗੰਭੀਰ ਮਾਮਲੇ ਦਰਜ ਹਨ। ਜਿਸ 'ਤੇ ਪੁਲਸ ਨੇ ਨਾਕੇਬੰਦੀ ਦਾ ਦੌਰ ਤੇਜ਼ ਕਰਦੇ ਹੋਏ ਆਈ 20 ਕਾਰ ਨੂੰ ਰੋਕ ਕੇ ਉਸ ਦੀ ਤਲਾਸ਼ੀ ਲੈ ਕੇ ਕਾਰ 'ਚੋਂ ਸਵਾਰ ਗੈਂਗਸਟਰ ਵਿੱਕੀ ਉਰਫ ਵਰਲਡ ਅਤੇ ਗੁਰਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ। ਇਸ ਮੌਕੇ ਵਿੱਕੀ ਤੋਂ ਨਾਜਾਇਜ਼ ਪਿਸਤੌਲ 7.65 ਐੱਮ. ਐੱਮ. ਅਤੇ 5 ਜ਼ਿੰਦਾ ਰਾਊਂਡ ਅਤੇ 50 ਨਸ਼ੇ ਵਾਲੇ ਇੰਜੈਕਸ਼ਨ ਮਾਰਕਾ ਬੁਰਫੀ ਨਾਰਫਿਨ ਬਰਾਮਦ ਹੋਏ।

ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਕਿ ਮੁਲਜ਼ਮ ਵਿੱਕੀ ਨੇ ਪੁਲਸ ਹਿਰਾਸਤ 'ਚੋਂ ਸੂਬੇ ਦੇ ਪ੍ਰਮੁੱਖ ਗੈਂਗਸਟਰ ਸ਼ੁਭਮ ਉਰਫ ਸੋਹਨ ਸਿੰਘ ਉਰਫ ਸੋਨੂੰ ਪੁੱਤਰ ਬਲਜਿੰਦਰ ਸਿੰਘ ਵਾਸੀ ਨਹਿਰੂ ਕਾਲੋਨੀ ਮਜੀਠਾ ਰੋਡ ਅੰਮ੍ਰਿਤਸਰ ਅਤੇ ਸਾਹਿਬ ਪੁੱਤਰ ਸ਼ਿੰਦਰ ਵਾਸੀ ਹੰਸਵਾਲਾ ਜ਼ਿਲਾ ਤਰਨਤਾਰਨ ਨੂੰ ਛੁਡਵਾਉਣ ਲਈ ਇਕ ਏ. ਐੱਸ. ਆਈ. 'ਤੇ ਗੋਲੀ ਚਲੀ ਸੀ। ਜਿਸ ਨੂੰ ਲੈ ਕੇ ਉਸ ਖਿਲਾਫ ਐੱਫ. ਆਈ. ਆਰ. ਨੰਬਰ 181 ਮਿਤੀ 1 ਸਤੰਬਰ 2018 ਨੂੰ ਧਾਰਾ 307, 393, 186, 224, 148, 149 ਅਤੇ 25/54/59 ਆਮਰਜ਼ ਐਕਟ ਤਹਿਤ ਥਾਣਾ ਬਿਆਸ ਵਿਚ ਮਾਮਲਾ ਦਰਜ ਕਰ ਲਿਆ ਗਿਆ ਸੀ। ਇਸ ਤਰ੍ਹਾਂ ਮੁਲਜ਼ਮ ਖਿਲਾਫ 10 ਹੋਰ ਮਾਮਲੇ ਜਿਨ੍ਹਾਂ 'ਚ ਥਾਣਾ ਸਿਟੀ ਤਰਨਤਾਰਨ 'ਚ 13 ਮਈ 2014 ਨੂੰ ਧਾਰਾ 307, 324, 25/54/59 ਆਮਰਜ਼ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਸੀ। ਉਥੇ ਵਿਕਰਮਜੀਤ ਸਿੰਘ ਖਿਲਾਫ ਤਰਨਤਾਰਨ ਸਦਰ ਪੁਲਸ ਨੇ ਐੱਫ. ਆਈ. ਆਰ. ਨੰਬਰ 233 ਮਿਤੀ 15 ਨਵੰਬਰ 2014 ਨੂੰ ਧਾਰਾ 399, 402, ਅਤੇ 25/54/59 ਆਮਰਜ਼ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਸੀ।

ਉਥੇ ਹੀ ਮੁਲਜ਼ਮ ਖਿਲਾਫ ਥਾਣਾ ਐੈੱਸ. ਏ. ਕੇ. ਦੀ ਪੁਲਸ ਨੇ ਐੱਫ. ਆਈ. ਆਰ. ਨੰਬਰ 52 ਮਿਤੀ 14 ਅਗਸਤ 2015 ਨੂੰ ਧਾਰਾ 21/61/85 ਐੱਨ. ਡੀ. ਪੀ. ਐੱਸ. ਐਕਟ ਦੇ ਤਹਿਤ ਥਾਣਾ ਬਿਆਸ 'ਚ ਮਾਮਲਾ ਦਰਜ ਕਰ ਲਿਆ ਗਿਆ ਸੀ। ਇਸ ਦੌਰਾਨ ਥਾਣਾ ਸਿਟੀ ਤਰਨਤਾਰਨ ਦੀ ਪੁਲਸ ਨੇ ਮੁਲਜ਼ਮ ਵਿਕਰਮਜੀਤ ਸਿੰਘ ਦੇ ਖਿਲਾਫ ਐੱਫ. ਆਈ. ਆਰ. ਨੰਬਰ 310 ਮਿਤੀ 18 ਅਗਸਤ 2014, 21/61/85 ਐੱਨ. ਡੀ. ਪੀ. ਐੱਸ. ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਸੀ। ਉਥੇ ਮੁਲਜ਼ਮ ਖਿਲਾਫ ਅੰਮ੍ਰਿਤਸਰ ਦੇ ਸੁਲਤਾਨ ਵਿੰਡ 'ਚ ਥਾਣਾ ਦੀ ਪੁਲਸ ਨੇ ਐੱਫ. ਆਈ. ਆਰ. ਨੰਬਰ 278 ਮਿਤੀ 1 ਨਵੰਬਰ 2014 ਨੂੰ ਧਾਰਾ 307, 382, ਆਈ. ਪੀ. ਸੀ. ਤਹਿਤ ਮਾਮਲਾ ਦਰਜ ਕਰ ਲਿਆ ਸੀ। ਉਥੇ ਮੁਲਜ਼ਮ ਖਿਲਾਫ ਥਾਣਾ ਖਲਚੀਆਂ ਜ਼ਿਲਾ ਅੰਮ੍ਰਿਤਸਰ ਦੀ ਪੁਲਸ ਨੇ 22 ਜੁਲਾਈ 2012 ਨੂੰ ਐੱਫ. ਆਈ. ਆਰ. ਨੰਬਰ 93 ਨੂੰ ਧਾਰਾ 307 ਅਤੇ 25/54/59 ਆਮਰਜ਼ ਐਕਟ ਦੇ ਤਹਿਤ ਥਾਣਾ ਬਿਆਸ ਵਿਚ ਮਾਮਲਾ ਦਰਜ ਕਰ ਲਿਆ ਗਿਆ ਸੀ। ਜਾਂਚ ਦੌਰਾਨ ਖੁਲਾਸਾ ਹੋਇਆ ਕਿ ਮੁਲਜ਼ਮ ਵਿਕਰਮਜੀਤ ਸਿੰਘ ਉਰਫ ਵਿੱਕੀ ਉਰਫ ਵਰਲਡ 11 ਮਾਮਲਿਆਂ 'ਚ ਅਦਾਲਤ ਵੱਲੋਂ ਭਗੌੜਾ ਐਲਾਨ ਸੀ। ਗ੍ਰਿਫਤਾਰ ਦੋਨਾਂ ਮੁਲਜ਼ਮਾਂ ਤੋਂ ਪੁੱਛਗਿੱਛ ਦਾ ਦੌਰ ਜਾਰੀ ਹੈ। ਪੁੱਛਗਿੱਛ ਦੌਰਾਨ ਕਈ ਸਨਸਨੀਖੇਜ਼ ਖੁਲਾਸੇ ਹੋਣ ਦੀ ਸੰਭਾਵਨਾ ਹੈ।


shivani attri

Content Editor

Related News