ਸ਼ੱਕੀ ਹਾਲਾਤ ’ਚ ਸੇਮ ਨਾਲੇ ’ਚੋਂ ਬਰਾਮਦ ਹੋਈ ਡਾਂਸ ਟੀਚਰ ਦੀ ਲਾਸ਼ (ਤਸਵੀਰਾਂ)

Sunday, Sep 01, 2019 - 12:25 PM (IST)

ਸ਼ੱਕੀ ਹਾਲਾਤ ’ਚ ਸੇਮ ਨਾਲੇ ’ਚੋਂ ਬਰਾਮਦ ਹੋਈ ਡਾਂਸ ਟੀਚਰ ਦੀ ਲਾਸ਼ (ਤਸਵੀਰਾਂ)

ਗੁਰੂਹਰਸਹਾਏ (ਆਵਲਾ) - ਗੁਰੂਹਰਸਹਾਏ ਹਲਕੇ ਦੇ ਨਾਲ ਲੱਗਦੇ ਪਿੰਡ ਸਰੂਪ ਸਿੰਘ ਵਾਲਾ ’ਚ ਬਣੇ ਸੇਮ ਨਾਲੇ ’ਚੋਂ ਭੇਤਭਰੇ ਹਾਲਾਤ ’ਚ ਇਕ ਡਾਂਸ ਅਧਿਆਪਕ ਦੀ ਲਾਸ਼ ਬਰਾਮਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੀ ਸੂਚਨਾ ਮਿਲਣ ’ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਮਿ੍ਰਤਕ ਦੀ ਪਛਾਣ ਮਨਜੀਤ ਸਿੰਘ ਵਜੋਂ ਹੋਈ ਹੈ, ਜੋ ਪ੍ਰਾਇਵੇਟ ਡਾਂਸ ਟੀਚਰ ਸੀ। ਉਹ ਸ਼ਹਿਰ ਦੇ ਵੱਖ-ਵੱਖ ਪ੍ਰਾਇਵੇਟ ਸਕੂਲਾਂ ’ਚ ਜਾ ਕੇ ਬੱਚਿਆਂ ਨੂੰ ਡਾਂਸ ਸਿਖਾਉਂਦਾ ਸੀ।

PunjabKesari

ਸਿਵਲ ਹਸਪਤਾਲ ਦੀ ਡਾਕਟਰ ਕਰਨਵੀਰ ਕੌਰ ਨੇ ਦਿੰਦਿਆਂ ਦੱਸਿਆ ਕਿ ਅੱਜ ਸਵੇਰੇ 10.15 ਵਜੇ ਦੇ ਕਰੀਬ 108 ਐਬੂਲੈਂਸ ਦੇ ਕਰਮਚਾਰੀ ਹਰਪ੍ਰੀਤ ਸਿੰਘ ਅਤੇ ਉਨ੍ਹਾਂ ਦੀ ਟੀਮ ਸ਼ੱਕੀ ਹਾਲਾਤ ’ਚ ਮਿਲੇ ਇਕ ਵਿਅਕਤੀ ਦੀ ਲਾਸ਼ ਲੈ ਕੇ ਸਾਡੇ ਹਸਪਤਾਲ ਆਏ ਸਨ, ਜਿਸ ਦੀ ਮੌਤ ਕਾਫੀ ਸਮਾਂ ਪਹਿਲਾਂ ਹੀ ਹੋ ਚੁੱਕੀ ਸੀ। ਮ੍ਰਿਤਕ ਦੇ ਪਿਤਾ ਬਲਵੀਰ ਸਿੰਘ ਨੇ ਦੱਸਿਆ ਕਿ ਦੇਰ ਰਾਤ ਜਦ ਉਹ ਘਰ ਤੋਂ ਸ਼ਹਿਰ ਕਿਸੇ ਕੰਮ ਲਈ ਆਪਣੇ ਮੋਟਰਸਾਈਕਲ ’ਤੇ ਗਿਆ ਸੀ ਪਰ ਰਾਤ ਨੂੰ ਵਾਪਸ ਨਹੀਂ ਆਇਆ। ਅਸੀਂ ਉਸ ਦੇ ਮੋਬਾਇਲ ’ਤੇ ਸੰਪਰਕ ਕਰਨ ਦੀ ਵੀ ਕੋਸ਼ਿਸ਼ ਕੀਤੀ ਪਰ ਉਸ ਦਾ ਮੋਬਾਇਲ ਬੰਦ ਆ ਰਿਹਾ ਸੀ, ਜਿਸ ਦੀ ਕਾਫੀ ਭਾਲ ਕਰਨ ’ਤੇ ਉਹ ਕਿਤੇ ਨਹੀਂ ਮਿਲਿਆ। ਉਨ੍ਹਾਂ ਦੱਸਿਆ ਕਿ ਸਵੇਰੇ ਪਿੰਡ ਦੀ ਇਕ ਔਰਤ ਸੇਮ ਨਾਲੇ ਦੇ ਨਾਲ ਖੇਤਾਂ ਵਿਚ ਜਦ ਚਾਰਾ ਲੈਣ ਗਈ ਤਾਂ ਉਸ ਨੂੰ ਸੇਮ ਨਾਲੇ ਵਿਚ ਕੁਝ ਦਿਖਾਈ ਦਿੱਤਾ ਤਾਂ ਉਸ ਨੇ ਪਿੰਡ ਦੇ ਲੋਕਾਂ ਨੂੰ ਸੂਚਨਾ ਦਿੱਤੀ ਅਤੇ ਜਦ ਲੋਕਾਂ ਨੇ ਸੇਮ ਨਾਲੇ ’ਤੇ ਜਾ ਕੇ ਦੇਖਿਆ ਤਾਂ ਮਨਜੀਤ ਸਿੰਘ ਸਮੇਤ ਮੋਟਰਸਾਈਕਲ ਡੁੱਬਿਆ ਹੋਇਆ ਸੀ।

PunjabKesari

ਮ੍ਰਿਤਕ ਦੇ ਪਿਤਾ ਨੇ ਕਿਹਾ ਕਿ ਹੋ ਸਕਦਾ ਹੈ ਕਿ ਜਦ ਮਨਜੀਤ ਸਿੰਘ ਘਰੋਂ ਗਿਆ ਤਾਂ ਉਸ ਦਾ ਮੋਟਰਸਾਈਕਲ ਸੇਮ ਨਾਲੇ ਕੋਲ ਲੱਗੇ ਖੰਭੇ ਨਾਲ ਟਕਰਾ ਗਿਆ ਹੋਵੇ ਅਤੇ ਉਹ ਸੇਮ ਨਾਲੇ ਵਿਚ ਡਿੱਗ ਗਿਆ ਹੋਵੇ। ਜਾਣਕਾਰੀ ਅਨੁਸਾਰ ਮਨਜੀਤ ਸਿੰਘ ਵਿਆਹਿਆ ਹੋਇਆ ਸੀ, ਜਿਸ ਦੀ ਮੌਤ ਦੀ ਖਬਰ ਸੁਣ ਕੇ ਪਿੰਡ ’ਚ ਸੋਗ ਦੀ ਲਹਿਰ ਫੈਲ ਗਈ। ਇਸ ਸਬੰਧੀ ਜਦ ਗੁਰੂਹਰਸਹਾਏ ਥਾਣੇ ਦੇ ਐੱਸ.ਐੱਚ.ਓ. ਜਸਵਰਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪਰਿਵਾਰ ਇਸ ਸਬੰਧੀ ਕੋਈ ਕਾਰਵਾਈ ਨਹੀਂ ਕਰਨੀ ਚਾਹੁੰਦਾ ਅਤੇ ਬਗੈਰ ਕਾਨੂੰਨੀ ਕਾਰਵਾਈ ਦੇ ਲਾਸ਼ ਪਰਿਵਾਰ ਹਵਾਲੇ ਕਰ ਦਿੱਤੀ ਗਈ ਹੈ।


author

rajwinder kaur

Content Editor

Related News