ਦਿਆਲ ਸਿੰਘ ਕਾਲਜ ਪ੍ਰਬੰਧਕ ਫੈਸਲਾ ਵਾਪਸ ਲੈਣ ਜਾਂ ਸਿੱਖਾਂ ਦੇ ਰੋਹ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ : ਦਮਦਮੀ ਟਕਸਾਲ
Wednesday, Nov 22, 2017 - 06:15 AM (IST)
ਅੰਮ੍ਰਿਤਸਰ(ਪ੍ਰਵੀਨ ਪੁਰੀ)- ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਨੇ ਦਿੱਲੀ ਦੇ 122 ਸਾਲ ਪੁਰਾਣੇ ਦਿਆਲ ਸਿੰਘ ਮਜੀਠੀਆ ਕਾਲਜ (ਈਵਨਿੰਗ) ਦਾ ਨਾਂ ਬਦਲ ਕੇ 'ਵੰਦੇ ਮਾਤਰਮ ਮਹਾਵਿਦਿਆਲਾ' ਰੱਖਣ 'ਤੇ ਸਖ਼ਤ ਇਤਰਾਜ਼ ਜਤਾਉਂਦਿਆਂ ਕਾਲਜ ਪ੍ਰਬੰਧਕਾਂ ਨੂੰ ਆਪਣੇ ਫੈਸਲੇ 'ਤੇ ਮੁੜ ਵਿਚਾਰ ਕਰਨ ਜਾਂ ਫਿਰ ਸਿੱਖ ਸੰਗਤਾਂ ਦੇ ਜ਼ਬਰਦਸਤ ਰੋਹ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ਦੀ ਚਿਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਅਤੇ ਪ੍ਰਬੰਧਕ ਕਮੇਟੀਆਂ ਘੱਟ ਗਿਣਤੀਆਂ ਵਿਰੋਧੀ ਨੀਤੀਆਂ ਤਹਿਤ ਕਾਲਜਾਂ, ਸੜਕਾਂ ਤੇ ਹੋਰ ਥਾਵਾਂ ਦੇ ਨਾਵਾਂ ਦੇ ਫਿਰਕੂਕਰਨ ਤੋਂ ਗੁਰੇਜ਼ ਕਰੇ। ਉਨ੍ਹਾਂ ਕਿਹਾ ਕਿ ਦਿਆਲ ਸਿੰਘ ਕਾਲਜ ਦਾ ਨਾਂ ਬਦਲਣਾ ਸਿੱਖ ਕੌਮ ਅਤੇ ਸਿੱਖ ਸਰਦਾਰਾਂ ਦੀ ਦੇਣ ਨੂੰ ਛੁਟਿਆਉਣ ਦੀ ਕੋਝੀ ਚਾਲ ਹੈ, ਜਿਸ ਨੂੰ ਕਦੀ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਕਾਲਜ ਤੋਂ ਇਕ ਸਿੱਖ ਸਰਦਾਰ ਦਾ ਨਾਂ ਹਟਾ ਕੇ ਇਕ ਫਿਰਕੂ ਅਤੇ ਉਹ ਵੀ ਜਿਸ 'ਤੇ ਦੇਸ਼ ਵਿਚ ਪਹਿਲਾਂ ਹੀ ਵਿਵਾਦ ਚੱਲ ਰਿਹਾ ਹੋਵੇ, ਉਹ ਨਾਂ ਦੇਣਾ ਨਾ ਸਿਰਫ ਸ. ਮਜੀਠੀਆ ਨਾਲ ਅਨਿਆਂ ਹੈ ਸਗੋਂ ਦੇਸ਼ ਦੀ ਆਜ਼ਾਦੀ ਲਈ ਸਭ ਤੋਂ ਵੱਧ ਕੁਰਬਾਨੀਆਂ ਦੇਣ ਵਾਲੀ ਘੱਟ ਗਿਣਤੀ ਸਿੱਖ ਕੌਮ ਨਾਲ ਇਕ ਹੋਰ ਵਿਸ਼ਵਾਸਘਾਤ ਹੋਵੇਗਾ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਾਲਜ ਦੇ ਗਵਰਨਿੰਗ ਬਾਡੀ ਦੇ ਚੇਅਰਮੈਨ ਅਮਿਤਾਭ ਸਿਨਹਾ ਨੂੰ ਨੈਤਿਕਤਾ ਬਰਕਰਾਰ ਰੱਖਣ ਦੀ ਸਲਾਹ ਦਿੰਦਿਆਂ ਕਿਹਾ ਕਿ ਸ. ਦਿਆਲ ਸਿੰਘ ਮਜੀਠੀਆ ਵੱਲੋਂ 1895 'ਚ ਇਕ ਸਿੱਖਿਆ ਟਰੱਸਟ ਬਣਾਉਂਦਿਆਂ ਸਥਾਪਿਤ ਕੀਤੇ ਗਏ ਦਿਆਲ ਸਿੰਘ ਕਾਲਜ ਤੋਂ ਉਨ੍ਹਾਂ ਦਾ ਨਾਂ ਮਿਟਾਉਣਾ ਮਨੁੱਖੀ ਅਧਿਕਾਰਾਂ ਦੇ ਹਨਨ ਤੋਂ ਇਲਾਵਾ ਸ. ਮਜੀਠੀਆ ਦਾ ਬਣਦਾ ਹੱਕ ਖੋਹਣ ਦਾ ਅਗਲਾ ਕਦਮ ਪ੍ਰਬੰਧਕਾਂ ਦੇ ਅਕ੍ਰਿਤਘਣ ਹੋਣ ਦਾ ਪ੍ਰਤੱਖ ਸਬੂਤ ਹੋਵੇਗਾ। ਉਨ੍ਹਾਂ ਕਿਹਾ ਕਿ ਸ. ਮਜੀਠੀਆ ਦੀ ਦੂਰਅੰਦੇਸ਼ੀ ਪ੍ਰਤੀ ਨਵੀਂ ਪੀੜ੍ਹੀ ਲਈ ਪਰਦਾਪੋਸ਼ੀ ਵਾਲਾ ਗੁਨਾਹ ਨਾ ਕੀਤਾ ਜਾਵੇ, ਜੇ ਪ੍ਰਬੰਧਕਾਂ ਨੇ ਯੂਨੀਵਰਸਿਟੀ ਬਣਾਉਣੀ ਹੀ ਹੈ ਤਾਂ ਹੋਰ ਬਿਲਡਿੰਗ ਉਸਾਰ ਲੈਣ ਅਤੇ ਉਸ ਦਾ ਨਾਂ ਕੋਈ ਵੀ ਰੱਖ ਲਿਆ ਜਾਵੇ।
