ਕਾਂਗਰਸ 'ਚ ਬਗਾਵਤ ਕਰਨ ਤੋਂ ਬਾਅਦ ਦਾਮਨ ਬਾਜਵਾ ਭਾਜਪਾ 'ਚ ਸ਼ਾਮਲ

Monday, Feb 07, 2022 - 06:39 PM (IST)

ਚੰਡੀਗੜ੍ਹ (ਬਿਊਰੋ, ਸਿੰਗਲਾ)-ਕਾਂਗਰਸ ਦੀ ਬਾਗੀ ਆਗੂ ਦਾਮਨ ਬਾਜਵਾ, ਜਿਨ੍ਹਾਂ ਨੇ ਸੁਨਾਮ ਤੋਂ ਪਾਰਟੀ ਵੱਲੋਂ ਟਿਕਟ ਨਾ ਮਿਲਣ ਤੋਂ ਬਾਅਦ ਆਜ਼ਾਦ ਉਮੀਦਵਾਰ ਵਜੋਂ ਆਪਣੇ ਕਾਗਜ਼ ਦਾਖਲ ਕੀਤੇ ਸਨ ਅਤੇ ਬਾਅਦ ਵਿੱਚ ਨਾਮਜ਼ਦਗੀ ਵਾਪਸ ਲੈ ਲਈ ਸੀ, ਨੇ ਅੱਜ ਭਾਜਪਾ ਪੰਜਾਬ ਚੋਣ ਪ੍ਰਚਾਰ ਇੰਚਾਰਜ ਗਜੇਂਦਰ ਸਿੰਘ ਸ਼ੇਖਾਵਤ ਦੀ ਪ੍ਰੇਰਣਾ ਨਾਲ ਭਾਜਪਾ ਜੁਆਇਨ ਕਰ ਲਈ। ਦਾਮਨ ਨੇ ਕਿਹਾ ਕਿ ਸ਼ੇਖਾਵਤ ਨੇ ਉਨ੍ਹਾਂ ਨੂੰ ਭਾਜਪਾ 'ਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਸੀ। ਉਸ ਨੇ ਕਿਹਾ ਕਿ ਸ਼ੇਖਾਵਤ ਨੇ ਦੱਸਿਆ ਕਿ ਭਾਜਪਾ ਨੂੰ ਮੇਰੇ ਵਰਗੇ ਲੋਕਾਂ ਦੀ ਲੋੜ ਹੈ, ਜੋ ਇਮਾਨਦਾਰ ਹੋਣ ਅਤੇ ਜ਼ਮੀਨੀ ਪੱਧਰ 'ਤੇ ਕੰਮ ਕਰਨ। ਅੱਜ ਗਜੇਂਦਰ ਸ਼ੇਖਾਵਤ ਦੀ ਹਾਜ਼ਰੀ 'ਚ ਹੋਈ ਪ੍ਰੈੱਸ ਕਾਨਫਰੰਸ ਵਿਚ ਉਨ੍ਹਾਂ ਕਈ ਵੱਡੇ ਆਗੂਆਂ ਨੂੰ ਪਾਰਟੀ 'ਚ ਸ਼ਾਮਲ ਕਰਵਾਇਆ।

ਇਹ ਵੀ ਪੜ੍ਹੋ : ਅੰਮ੍ਰਿਤਸਰ ਪੂਰਬੀ ’ਚ ਭਾਜਪਾ ਤੇ ਕਾਂਗਰਸ ਨੂੰ ਝਟਕਾ, ਸਾਬਕਾ ਮੇਅਰ ਤੇ ਸਾਬਕਾ ਐੱਮ. ਸੀ ਅਕਾਲੀ ਦਲ ’ਚ ਸ਼ਾਮਲ

ਇਸ ਤੋਂ ਪਹਿਲਾਂ ਅੱਜ ਪੰਜਾਬੀ ਸਿਨੇਮਾ ਦੀ ਮਸ਼ਹੂਰ ਅਦਾਕਾਰਾ ਮਾਹੀ ਗਿੱਲ ਤੇ ਅਦਾਕਾਰ ਹੌਬੀ ਧਾਲੀਵਾਲ ਸਮੇਤ ਕੁੱਝ ਹੋਰ ਕਲਾਕਾਰ ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਹੋਏ। ਇਨ੍ਹਾਂ ਤੋਂ ਭਾਜਪਾ ਵਿਚ ਸ਼ਾਮਲ ਹੋਣ ਵਾਲਿਆਂ 'ਚ ਲੁਧਿਆਣਾ ਤੋਂ ਅਮਰਜੀਤ ਸਿੰਘ ਟਿੱਕਾ, ਸੁਖਵਿੰਦਰ ਸਿੰਘ ਬਿੰਦਰਾ, ਸੁਨਾਮ ਨਗਰ ਕੌਂਸਲ ਦੇ ਪ੍ਰਧਾਨ ਨਿਸ਼ਾਨ ਸਿੰਘ ਟੋਨੀ, ਯੂਥ ਕਾਂਗਰਸ ਦੇ ਪ੍ਰਧਾਨ ਬੱਬੂ ਭੁੱਲਰ, ਪਰਮਿੰਦਰ, ਹਿੰਮਤ ਸਿੰਘ ਬਾਜਵਾ, ਅਮਰਿੰਦਰ ਸਿੰਘ ਮੋਨੀ, ਅਸ਼ਵਨੀ ਸਿੰਗਲਾ, ਗੱਗੀ ਬਾਜਵਾ ਤੇ ਹਰਮਨ ਬਾਜਵਾ ਹਨ।

ਇਹ ਵੀ ਪੜ੍ਹੋ : ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਚਿਹਰੇ ਦੇ ਐਲਾਨ ਤੋਂ ਬਾਅਦ ਨਵਜੋਤ ਸਿੱਧੂ ਦਾ ਪਹਿਲਾ ਵੱਡਾ ਬਿਆਨ

ਇਸ ਮੌਕੇ ਦਾਮਨ ਬਾਜਵਾ ਨੇ ਕਿਹਾ ਕਿ ਕਾਂਗਰਸ ਪਾਰਟੀ 'ਚ ਮੈਂ ਹਰ ਅਹੁਦਾ ਆਪਣੀ ਮਿਹਨਤ ਨਾਲ ਹਾਸਲ ਕੀਤਾ ਤੇ ਜ਼ਮੀਨੀ ਪੱਧਰ 'ਤੇ ਕੰਮ ਕੀਤਾ ਤੇ ਮੈਨੂੰ ਉਸ 'ਤੇ ਬੜਾ ਮਾਣ ਹੈ ਪਰ ਮੈਨੂੰ ਅਫਸੋਸ ਹੈ ਕਿ ਮੇਰੀ ਮਿਹਨਤ ਨੂੰ ਅਣਡਿੱਠ ਕਰਕੇ ਕਾਂਗਰਸ ਅੱਜ ਪਰਿਵਾਰਵਾਦ ਨੂੰ ਬੜਾਵਾ ਦੇ ਰਹੀ ਹੈ। ਕਾਂਗਰਸ ਨੇ ਕਿਸੇ ਬਾਹਰੀ ਵਿਅਕਤੀ ਨੂੰ ਟਿਕਟ ਦਿੱਤੀ, ਜੋ ਕਿ ਕਿਸੇ ਵਿਧਾਇਕ ਦਾ ਭਤੀਜਾ ਜਾਂ ਬੇਟਾ ਹੈ, ਜਿਸ ਖ਼ਿਲਾਫ਼ ਮੇਰੀ ਲੜਾਈ ਜਾਰੀ ਰਹੇਗੀ ਪਰ ਇਹ ਮੇਰੀ ਕੋਈ ਨਿੱਜੀ ਲੜਾਈ ਨਹੀਂ ਹੈ। ਮੇਰਾ ਇਕੋ-ਇਕ ਟੀਚਾ ਆਪਣੇ ਹਲਕੇ ਦਾ ਵਿਕਾਸ ਕਰਨਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ 5 ਸਾਲ ਕਾਂਗਰਸ ਲਈ ਦਿਨ-ਰਾਤ ਕੰਮ ਕੀਤਾ ਪਰ ਉਨ੍ਹਾਂ ਦੀ ਮਿਹਨਤ ਨੂੰ ਨਜ਼ਰਅੰਦਾਜ਼ ਕੀਤਾ ਗਿਆ। ਉਨ੍ਹਾਂ ਕਿਹਾ ਕਿ ਭਾਜਪਾ ਵੱਲੋਂ ਮਿਹਨਤੀ ਲੋਕਾਂ ਨੂੰ ਪਹਿਲ ਦਿੱਤੀ ਜਾਂਦੀ ਹੈ, ਇਸੇ ਚੀਜ਼ ਨੇ ਉਨ੍ਹਾਂ ਨੂੰ ਭਾਜਪਾ ਦਾ ਹਿੱਸਾ ਬਣਨ ਲਈ ਪ੍ਰੇਰਿਤ ਕੀਤਾ ਹੈ।

ਇਹ ਵੀ ਪੜ੍ਹੋ : ਜਦੋਂ ਸਟੇਜ ’ਤੇ ਬੋਲਦੇ ਨਵਜੋਤ ਸਿੱਧੂ ਨੂੰ ਚਰਨਜੀਤ ਚੰਨੀ ਨੇ ਪਾਈ ਜੱਫ਼ੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Harnek Seechewal

Content Editor

Related News