ਡੱਲੇਵਾਲ ਨੇ ਕੀਤਾ ਐਲਾਨ - ਸਾਡੀਆਂ 7 ਮੰਗਾਂ ਮੰਨੀਆਂ ਗਈਆਂ, ਬਾਕੀਆਂ ਲਈ ਜਾਰੀ ਰਹੇਗੀ ਲੜਾਈ
Saturday, Jun 17, 2023 - 01:37 PM (IST)
ਪਟਿਆਲਾ (ਮਨਦੀਪ ਜੋਸਨ) : ਸੰਯੁਕਤ ਕਿਸਾਨ ਮੋਰਚਾ ਗੈਰ-ਰਾਜਨੀਤਕ ਵੱਲੋਂ ਲੰਘੀ ਰਾਤ 7 ਅਹਿਮ ਮੰਗਾਂ ਮੰਨੇ ਜਾਣ ਤੋਂ ਬਾਅਦ ਭਾਵੇਂ ਸਰਕਾਰ ਨਾਲ ਸਹਿਮਤੀ ਕਰਦਿਆਂ ਮਰਨ ਵਰਤ ਤੋੜ ਲਿਆ ਗਿਆ। ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਨੇ ਸਵੇਰੇ ਹਸਪਤਾਲ ਤੋਂ ਤੁਰਨ ਲੱਗਿਆਂ ਐਲਾਨ ਕੀਤਾ ਕਿ ਪੰਜਾਬ ਸਰਕਾਰ ਤਿਆਰੀ ਰੱਖੇ, ਮੁੜ ਆਵਾਂਗੇ। ਜਗਜੀਤ ਡੱਲੇਵਾਲ ਨੇ ਆਖਿਆ ਕਿ ਭਾਵੇਂ ਉਨ੍ਹਾਂ ਦੀਆਂ 7 ਅਹਿਮ ਮੰਗਾਂ ਮੰਨੀਆਂ ਗਈਆਂ ਪਰ ਅਜੇ ਬਹੁਤ ਸਾਰੀਆਂ ਪੈਂਡਿੰਗ ਹਨ। ਪੰਜਾਬ ਸਰਕਾਰ ਨੇ ਸਾਡੇ ਨਾਲ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਵਾਲੀ ਅੰਗਰੇਜ਼ੀ ਹਕੂਮਤ ਵਾਂਗ ਤਸ਼ੱਦਦ ਕੀਤਾ ਹੈ। ਸਰਕਾਰ ਦੇ ਇਸ਼ਾਰੇ ’ਤੇ ਪੁਲਸ ਨੇ ਸਾਨੂੰ ਕੁੱਟਿਆ ਤੇ ਸਾਡਾ ਸਾਮਾਨ ਵੀ ਨਹੀਂ ਮਿਲਿਆ ਪਰ ਅਸੀਂ 10 ਗੁਣਾਂ ਤਾਕਤ ਵਧਾ ਕੇ ਵਾਪਸ ਮੁੜਾਂਗੇ। ਜਗਜੀਤ ਸਿੰਘ ਡੱਲੇਵਾਲ ਅਤੇ ਹੋਰ ਸਾਥੀਆਂ ਨੇ ਪੱਤਰਕਾਰਾਂ ਨਾਲ ਖੁੱਲ੍ਹੀ ਗੱਲਬਾਤ ਕਰਦਿਆਂ ਆਖਿਆ ਕਿ ਮੌਜੂਦਾ ਸਰਕਾਰ ਹਰ ਵਰਗ ’ਤੇ ਜ਼ੁਲਮ ਢਾਹ ਰਹੀ ਹੈ। ਅਧਿਆਪਕ, ਕੱਚੇ ਮੁਲਾਜ਼ਮ, ਆਊਟਸੋਰਸ ਮੁਲਾਜ਼ਮ ਅਤੇ ਹੋਰ ਵਰਗਾਂ ਦੇ ਮੁਲਾਜ਼ਮ ਸਰਕਾਰ ਵੱਲੋਂ ਕੁਟੇ ਜਾ ਰਹੇ ਹਨ। ਭਗਵੰਤ ਮਾਨ ਸਰਕਾਰ ਨੂੰ ਇਹ ਹੈ ਕਿ ਉਹ ਡੰਡੇ ਦੇ ਜ਼ੋਰ ਨਾਲ ਸਭ ਨੂੰ ਡਰਾ ਲਵੇਗੀ ਪਰ ਉਹ ਸਰਕਾਰ ਨੂੰ ਦੱਸਣਾ ਚਾਹੁੰਦੇ ਹਨ ਕਿ ਉਹ ਭੁਲੇਖਾ ਕੱਢ ਲੈਣ। ਲੋਕਾਂ ਨੂੰ ਕੁੱਟ ਕੇ ਅੰਦਰ ਨਹੀਂ ਵਾੜਿਆ ਜਾ ਸਕਦਾ। ਲੋਕ ਮੁੜ ਸਰਕਾਰ ਖਿਲਾਫ ਚੜ੍ਹ ਕੇ ਆਉਣਗੇ। ਜਗਜੀਤ ਸਿੰਘ ਡੱਲੇਵਾਲ ਨੇ ਆਖਿਆ ਕਿ ਅਜੇ ਸੰਘਰਸ਼ ਖਤਮ ਨਹੀਂ ਹੋਇਆ। ਇਹ ਜਾਰੀ ਰਹੇਗਾ। ਉਨ੍ਹਾਂ ਆਖਿਆ ਕਿ ਮੁੜ ਕਿਸਾਨ ਜਥੇਬੰਦੀਆਂ ਨੂੰ ਇਕੱਠਿਆਂ ਕਰਾਂਗੇ, ਕਿਸਾਨ ਤਾਕਤ ਇਕੱਠੀ ਹੋਵੇਗੀ ਅਤੇ ਸਰਕਾਰ ਦਾ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਕਿਸਾਨ ਨੇਤਾ ਸੁਖਦੇਵ ਸਿੰਘ ਭੋਜਰਾਜ, ਕੁਲਵਿੰਦਰ ਸਿੰਘ, ਸੁਖਜੀਤ ਸਿੰਘ ਹਰਦੋ ਝੰਡੇ, ਤਰਸੇਮ ਸਿੰਘ ਗਿੱਲ ਅਤੇ ਹੋਰ ਵੀ ਸਾਥੀ ਹਾਜ਼ਰ ਸਨ।
ਇਹ ਵੀ ਪੜ੍ਹੋ : ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਵੱਡੀ ਰਾਹਤ, ਸਰਕਾਰ ਨੇ ਮੱਕੀ ਦਾ ਸਮਰਥਨ ਮੁੱਲ ਵਧਾਇਆ
ਗੁਰਦੁਆਰਾ ਸ੍ਰੀ ਦੂਖ ਨਿਵਾਰਣ ਸਾਹਿਬ ਟੇਕਿਆ ਮੱਥਾ
ਮਾਤਾ ਕੌਸ਼ਲਿਆ ਹਸਪਤਾਲ ਪਟਿਆਲਾ ਤੋਂ ਚਲਣ ਤੋਂ ਬਾਅਦ ਉਕਤ ਕਿਸਾਨ ਨੇਤਾਵਾਂ ਨੇ ਗੁਰਦੁਆਰਾ ਸ੍ਰੀ ਦੂਖ ਨਿਵਾਰਣ ਸਾਹਿਬ ਪਟਿਆਲਾ ਵਿਖੇ ਮੱਥਾ ਟੇਕਿਆ ਅਤੇ ਪ੍ਰਮਾਤਮਾ ਦਾ ਆਸ਼ੀਰਵਾਦ ਲਿਆ। ਨੇਤਾਵਾਂ ਨੇ ਆਖਿਆ ਕਿ ਜਿਹੜੀ 7 ਮੰਗਾਂ ਮੰਨੀਆਂ ਗਈਆਂ ਹਨ, ਉਹ ਪ੍ਰਮਾਤਮਾ ਦੀ ਬਖਸ਼ਿਸ਼ ਨਾਲ ਹੀ ਜਿੱਤੀਆਂ ਗਈਆਂ ਹਨ। ਕਿਸਾਨ ਨੇਤਾ ਜਗਜੀਤ ਸਿੰਘ ਡਲੇਵਾਲ ਨੇ ਆਖਿਆ ਕਿ ਕਿਸਾਨ ਮਹਾ-ਪੰਚਾਇਤ ਨੇ ਪਟਿਆਲਾ ਵਿਖੇ ਕੀਤੀ ਜਾਣ ਵਾਲੀ ਮਹਾਰੈਲੀ ਪੋਸਟਪੋਨ ਕੀਤੀ ਹੈ ਕਿਉਂਕਿ ਸਰਕਾਰ ਨੇ ਲੰਘੀ ਰਾਤ ਉਨ੍ਹਾਂ ਨਾਲ ਸਮਝੌਤਾ ਕਰ ਲਿਆ। ਜਲਦ ਹੀ ਮਹਾ-ਪੰਚਾਇਤ ਅਗਲਾ ਐਲਾਨ ਕਰੇਗੀ।
ਇਹ ਵੀ ਪੜ੍ਹੋ : ਪੰਜਾਬ ਦੇ ਨੌਜਵਾਨਾਂ ਨੂੰ ਸਵੈ-ਨਿਰਭਰ ਬਣਾਉਣ ਲਈ ਸਰਕਾਰ ਦਾ ਅਹਿਮ ਫ਼ੈਸਲਾ, ਇਸ ਕਿੱਤੇ ਦੀ ਦਿੱਤੀ ਜਾਵੇਗੀ ਸਿਖਲਾਈ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।